Headlines

ਗੁਰਦੁਆਰਾ ਸੁੱਖ ਸਾਗਰ ਨਿਊ ਵੈਸਟ ਮਿੰਸਟਰ  ਵਿਖੇ  ਕਰਵਾਏ ਗੁਰਬਾਣੀ ਕੰਠ ਮੁਕਾਬਲਿਆਂ ‘ਚ ਬੱਚਿਆਂ ਨੇ ਦਿਖਾਇਆ ਭਾਰੀ ਉਤਸ਼ਾਹ

ਗੁਰਬਾਣੀ ਮੁਕਾਬਲਿਆਂ ‘ਚ ਕੁੱਲ 508 ਬੱਚੇ ਪੁੱਜੇ-ਜੇਤੂ ਬੱਚਿਆਂ ਨੂੰ ਵੰਡੇ ਗਏ 30 ਹਜ਼ਾਰ ਡਾਲਰਾਂ ਦੇ ਇਨਾਮ
ਗੁਰਦੁਆਰਾ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਇਹ 15ਵਾਂ ਮੁਕਾਬਲਾ ਕਰਵਾਇਆ ਗਿਆ -ਭਾਈ ਨਾਗਰਾ
ਸਰੀ (ਜੋਗਿੰਦਰ ਸਿੰਘ )-ਕੈਨੇਡਾ ਦੇ ਬੀ. ਸੀ. ‘ਚ ਪੈਂਦੇ ਸ਼ਹਿਰ ਨਿਊ ਵੈਸਟ ਮਿੰਸਟਰ   ਦੇ ਗੁਰਦੁਆਰਾ ਸੁੱਖ ਸਾਗਰ ਸਾਹਿਬ ਵਿਖੇ ਕਰਵਾਏ ਗਏ 15ਵੇਂ ਗੁਰਬਾਣੀ ਕੰਠ ਮੁਕਾਬਲੇ ‘ਚ ਕੁੱਲ 508 ਬੱਚਿਆਂ ਨੇ ਭਾਗ ਲਿਆ l ਸਿੱਖ ਬਾਣੇ ‘ਚ ਸਜੇ ਇਹ ਬੱਚੇ ਸਵੇਰ ਤੋਂ ਹੀ ਇਨ੍ਹਾਂ ਮੁਕਾਬਲਿਆਂ ‘ਚ ਪੁੱਜਣੇ ਸ਼ੁਰੂ ਹੋ ਗਏ ਅਤੇ ਦੇਰ ਸ਼ਾਮ ਤੱਕ ਚੱਲੇ ਇਨ੍ਹਾਂ ਮੁਕਾਬਲਿਆਂ ‘ਚ ਭਾਗ ਲੈਂਦੇ ਰਹੇ l  ਉਮਰ ਮੁਤਾਬਿਕ ਇਨ੍ਹਾਂ ਮੁਕਾਬਲਿਆਂ ਲਈ 8 ਕੈਟਾਗਿਰੀਆਂ ਬਣਾਈਆਂ ਗਈਆਂ ਸਨ ਤੇ ਹਰੇਕ ਕੈਟਾਗਿਰੀ ਦੇ ਬੱਚਿਆਂ ਨੂੰ ਬਾਣੀਆਂ ਸਿਲੇਬਸ ਵਜੋਂ ਦਿਤੀਆਂ ਗਈਆਂ ਸਨ ਤੇ ਇਸ ਦੇ ਨਾਲ ਇਕ ਵੱਖਰਾ ਓਪਨ ਮੁਕਾਬਲਾ ਵੀ ਰੱਖਿਆ ਗਿਆ ਸੀ , ਜਿਸ ਵਿਚ ਉਮਰ ਮੁਤਾਬਿਕ ਦਿੱਤੇ ਸਿਲੇਬਸ ਤੋਂ ਵੱਧ ਬਾਣੀਆਂ ਕੰਠ ਵਾਲੇ ਬੱਚੇ ਭਾਗ ਲੈ ਸਕਦੇ ਸਨ l ਦੇਰ ਸ਼ਾਮ ਤੱਕ ਚੱਲੇ ਇਨ੍ਹਾਂ ਮੁਕਾਬਲਿਆਂ ਤੇ ਨਤੀਜੇ ਆਉਣ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਮੁੱਖ ਦਰਬਾਰ ਵਿਸ਼ਾਲ ਧਾਰਮਿਕ ਸਮਾਗਮ ਕਰਵਾਏ ਗਏ l ਇਸ ਇਨਾਮ ਵੰਡ ਸਮਾਰੋਹ ਦੀ ਸ਼ੁਰੂਆਤ ਢਾਡੀ ਜਥੇ ਵਲੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਦੇ ਪਿਤਾ ਜੀ ਪਾਸੋਂ ਆਗਿਆ ਲੈ ਕੇ ਜੰਗ ਦੇ ਮੈਦਾਨ ‘ਚ ਜੂਝਣ ਦੇ ਇਤਿਹਾਸ ਬਾਰੇ ਜੋਸ਼ੀਲੀ ਕਵਿਤਾ ਸੁਣਾ ਕੇ ਕੀਤੀ ਗਈ, ਉਪਰੰਤ ਸਿੱਖ ਬੱਚਿਆਂ ਨੂੰ ਹਲੂਣਾ ਦਿੰਦੀ ਕਵਿਤਾ ”ਮਾਏ ਨੀ ਮਾਏ, ਮੈਨੂੰ ਸਿੱਖ ਸਜਾ ਦੇ” ਸੁਣਾਈ ਗਈ l ਇਸ ਮੌਕੇ ਮੁਕਾਬਲਿਆਂ ਦੇ ਕੋਆਰਡੀਨੇਟਰ ਹਰਦੀਪ ਸਿੰਘ ਨਾਗਰਾ ਨੇ ਦੱਸਿਆ ਕਿ ਇਹ ਮੁਕਾਬਲੇ ਬੱਚਿਆਂ ਨੂੰ ਬਾਣੀ ਤੇ ਬਾਣੇ ਨਾਲ ਜੋੜਨ ਦੀ ਭਾਵਨਾ ਨਾਲ ਕਰਵਾਏ ਜਾਂਦੇ ਹਨ ਤੇ ਇਸ ਵਾਰ ਬੱਚਿਆਂ ‘ਚ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ l ਉਨ੍ਹਾਂ ਦੱਸਿਆ ਕਿ ਪਹਿਲੇ ਸਾਲ ਇਨ੍ਹਾਂ ਮੁਕਾਬਲਿਆਂ ‘ਚ ਕੁੱਲ 35 ਬੱਚਿਆਂ ਨੇ ਭਾਗ ਲਿਆ ਸੀ ਤੇ ਹੁਣ ਇਹ ਗਿਣਤੀ 508 ਤੱਕ ਪੁੱਜ ਗਈ ਹੈ, ਜਿਸ ਲਈ ਵੱਡੇ ਉਪਰਾਲੇ ਕੀਤੇ ਗਏ ਹਨ l ਉਨ੍ਹਾਂ ਦੱਸਿਆ ਕਿ ਹਰੇਕ ਮੁਕਾਬਲੇ ਦੀ ਜੱਜਮੈਂਟ ਬਹੁਤ ਬਰੀਕੀ ਨਾਲ ਕੀਤੀ ਜਾਂਦੀ ਹੈ ਤੇ ਜੇਤੂ ਬੱਚਿਆਂ ਨੂੰ ਇਸ ਵਾਰ 30 ਹਜ਼ਾਰ ਡਾਲਰਾਂ ਦੇ ਇਨਾਮ ਦਿੱਤੇ ਗਏ ਹਨ, ਜਦੋੰ ਕਿ ਗੁਰਦੁਆਰਾ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਇਸ ਸਮਾਗਮ ‘ਤੇ 45 ਤੋਂ 50 ਹਜ਼ਾਰ ਡਾਲਰ ਤੱਕ ਖਰਚੇ ਜਾਂਦੇ ਹਨ l ਉਨ੍ਹਾਂ ਕਿਹਾ ਕਿ ਨਵੀਂ ਸਿੱਖ ਪਨੀਰੀ ਨੂੰ ਆਪਣੇ ਅਮੀਰ ਤੇ ਗੌਰਵਮਈ ਸਿੱਖ ਵਿਰਸੇ ਨਾਲ ਜੋੜਨ ਲਈ ਅਜਿਹੇ ਉਪਰਾਲੇ ਸਮੇਂ ਦੀ ਲੋੜ ਹੈ l ਉਨ੍ਹਾਂ ਦੱਸਿਆ ਕਿ ਮੁਕਾਬਲਿਆਂ ‘ਚ ਭਾਗ ਲੈਣ ਵਾਲੇ ਬੱਚੇ ਆਨਲਾਈਨ ਆਪਣਾ ਫਾਰਮ ਭਰਦੇ ਹਨ ਤੇ ਹਰੇਕ ਬੱਚੇ ਨੂੰ ਕੈਟਾਗਿਰੀ ਅਨੁਸਾਰ ਸਿਲੇਬਸ ਵੀ ਆਨਲਾਈਨ ਹੀ ਭੇਜ ਦਿੱਤਾ ਜਾਂਦਾ l ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਲਈ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਹਰਭਜਨ ਸਿੰਘ ਅਟਵਾਲ ਸਮੇਤ ਸਮੁੱਚੀ ਕਮੇਟੀ ਦੇ ਮੈਂਬਰਾਂ ਦਾ ਭਰਵਾਂ ਸਹਿਯੋਗ ਰਹਿੰਦਾ l ਉਨ੍ਹਾਂ ਦੱਸਿਆ ਕਿ ਇਸ ਵਾਰ ਮੁਕਾਬਲਿਆਂ ਦੀ ਜੱਜਮੈਂਟ ਲਈ 35 ਜੱਜਾਂ ਵਲੋਂ ਭੂਮਿਕਾ ਨਿਭਾਈ ਗਈ, ਜਿਨ੍ਹਾਂ ‘ਚ ਵਿਦਿਆਰਥੀ ਵੀ ਸ਼ਾਮਿਲ ਸਨ l ਉਨ੍ਹਾਂ ਦੱਸਿਆ ਬਹੁਤ ਸਾਰੇ ਵਲੰਟੀਅਰ ਵੀ ਸੇਵਾ ਨਿਭਾਉਂਦੇ ਹਨ l ਜੇਤੂ ਬੱਚਿਆਂ ਨੂੰ ਇਨਾਮਾਂ ਦੀ ਵੰਡ ਸਮੁੱਚੀ ਕਮੇਟੀ ਤੇ ਹੋਰ ਸਹਿਯੋਗੀਆਂ ਵਲੋਂ ਕੀਤੀ ਗਈ l ਇਨ੍ਹਾਂ ਮੁਕਾਬਲਿਆਂ ਦੌਰਾਨ ਪੁੱਜੇ ਬੱਚਿਆਂ ਦੇ ਮਾਪਿਆਂ ਨੇ   ਗੁਰਦੁਆਰਾ ਕਮੇਟੀ ਤੇ ਸਮੂਹ ਸਹਿਯੋਗੀਆਂ ਦੇ ਉਪਰਾਲੇ ਦੀ ਸਲਾਘਾ ਕੀਤੀ l ਭਾਈ ਨਾਗਰਾ ਅਨੁਸਾਰ ਇਸ ਵਾਰ ਮੁਕਾਬਲਿਆਂ ‘ਚ ਕੈਨੇਡਾ ਤੋਂ ਇਲਾਵਾ ਅਮਰੀਕਾ ਤੋਂ ਵੀ ਵਿਦਿਆਰਥੀ ਪੁੱਜੇ ਹਨ l ਸਟੇਜ ਸੈਕਟਰੀ ਦੀ ਸੇਵਾ ਸਲੱਖਣ ਸਿੰਘ ਅਤੇ ਅਮਨਦੀਪ ਸਿੰਘ ਗਰਚਾ ਤੇ ਹਰਦੀਪ ਸਿੰਘ ਨਾਗਰਾ ਨੇ ਨਿਭਾਈ l
98558-62377 ਵਟਸਐਪ