Headlines

ਖਾਲਿਸਤਾਨ ਰਾਇਸ਼ੁਮਾਰੀ ਲਈ ਸਰੀ ਵਿਚ ਦੂਸਰੇ ਗੇੜ ਦੀਆਂ ਵੋਟਾਂ ਪਈਆਂ

65,700 ਵੋਟਾਂ ਪੈਣ ਦਾ ਦਾਅਵਾ-

ਸਰੀ ( ਦੇ ਪ੍ਰ ਬਿ)- ਬੀਤੇ ਦਿਨ ਸਿਖ ਫਾਰ ਜਸਟਿਸ ਦੇ ਪ੍ਰਬੰਧਾਂ ਹੇਠ ਅਣਅਧਿਕਾਰਿਤ ਖਾਲਿਸਤਾਨ ਰਾਇਸ਼ੁਮਾਰੀ ਲਈ ਦੂਸਰੇ ਗੇੜ ਦੀਆਂ ਵੋਟਾਂ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ-ਡੈਲਟਾ ਵਿਖੇ ਪਾਈਆਂ ਗਈਆਂ। ਸੋਸ਼ਲ ਮੀਡੀਆਂ ਦੀਆਂ ਰਿਪੋਰਟਾਂ ਮੁਤਾਬਿਕ ਸਿੱਖ ਸੰਗਤਾਂ ਵਲੋਂ ਇਹਨਾਂ ਵੋਟਾਂ ਲਈ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ ਗਿਆ। ਇਥੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਯਾਦ ਵਿਚ ਨਵੇਂ ਬਣੇ ਹਾਲ ਵਿਚ ਵੋਟਾਂ ਤੋਂ ਪਹਿਲਾਂ ਗਰੰਥੀ ਸਿੰਘ ਵਲੋਂ ਅਰਦਾਸ ਕੀਤੀ ਗਈ ਤੇ ਅਰਦਾਸ ਵਿਚ ਸ਼ਾਮਿਲ ਕੀਤੇ ਗਏ ਸ਼ਬਦ ”ਖਾਲਸਾ ਪੰਥ ਨੂੰ ਖਾਲਿਸਤਾਨ ਦੀ ਦਾਤ ਬਖਸ਼ੋ ਜੀ” ਦੀ ਅਰਜੋਈ ਕੀਤੀ ਗਈ।

ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪਈਆਂ ਵੋਟਾਂ ਦੌਰਾਨ ਸਥਾਨਕ ਸਿੱਖ ਸੰਗਤਾਂ ਤੋਂ ਇਲਾਵਾ, ਸਿਆਟਲ, ਕੈਲਗਰੀ, ਐਡਮਿੰਟਨ ਅਤੇ ਵਿੰਨੀਪੈਗ ਤੋਂ ਵੀ ਪੁੱਜੇ ਸਮਰਥਕਾਂ ਨੇ ਸ਼ਮੂਲੀਅਤ ਕੀਤੀ। ਅਪੁਸ਼ਟ ਸੂਤਰਾਂ ਮੁਤਾਬਿਕ ਦੂਸਰੇ ਗੇੜ ਦੀਆਂ ਇਹਨਾਂ ਵੋਟਾਂ ਵਿਚ 65,700 ਵੋਟਾਂ ਪੋਲ ਹੋਈਆਂ। ਜ਼ਿਕਰਯੋਗ ਹੈ ਕਿ ਬੀਤੀ 10 ਸਤੰਬਰ ਨੂੰ ਪਈਆਂ ਪਹਿਲੇ ਗੇੜ ਦੀਆਂ ਵੋਟਾਂ ਦੌਰਾਨ 1 ਲੱਖ 35 ਹਜ਼ਾਰ ਵੋਟਾਂ ਪੈਣ ਦਾ ਦਾਅਵਾ ਕੀਤਾ ਗਿਆ ਸੀ। ਉਸ ਸਮੇਂ ਭਾਰੀ ਗਿਣਤੀ ਵਿਚ ਲੋਕਾਂ ਦੇ ਵੋਟ ਪਾਉਣ ਤੋਂ ਵਿਰਵੇ ਰਹਿ ਜਾਣ ਕਾਰਣ ਪ੍ਰਬੰਧਕਾਂ ਵਲੋਂ ਦੂਸਰੇ ਗੇੜ ਦੀਆਂ ਵੋਟਾਂ 29 ਅਕਤੂਬਰ ਨੂੰ ਪੁਆਉਣ ਦਾ ਐਲਾਨ ਕੀਤਾ ਗਿਆ ਸੀ। ਇਸ ਤਰਾਂ ਪਹਿਲੇ ਗੇੜ ਅਤੇ ਦੂਸਰੇ ਗੇੜ ਦੀਆਂ ਵੋਟਾਂ ਮਿਲਾਕੇ ਕੁਲ਼ 2 ਲੱਖ 700 ਵੋਟਾਂ ਰਾਇਸ਼ੁਮਾਰੀ ਦੇ ਹੱਕ ਵਿਚ ਪੋਲ ਹੋਣ ਦਾ ਦਾਅਵਾ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ 2021 ਦੀ ਮਰਦਮਸ਼ੁਮਾਰੀ ਮੁਤਾਬਿਕ ਬ੍ਰਿਟਿਸ਼ ਕੋਲੰਬੀਆ ਵਿਚ 2ਲੱਖ 90,000 ਦੇ ਕਰੀਬ ਸਿੱਖਾਂ ਦੀ ਆਬਾਦੀ ਹੈ।

ਪ੍ਰਬੰਧਕਾਂ ਦਾ ਦਾਅਵਾ ਹੈ ਕਿ ਅਮਰੀਕਾ, ਕੈਨੇਡਾ, ਯੂਕੇ ਅਤੇ ਆਸਟਰੇਲੀਆ ਵਿਚ ਇਹ ਵੋਟਾਂ ਪੁਆਉਣ ਤੋਂ ਬਾਦ 2025 ਵਿਚ ਪੰਜਾਬ ਵਿਚ ਖਾਲਿਸਤਾਨ ਰਾਈਸ਼ੁਮਾਰੀ ਲਈ ਵੋਟਾਂ ਪੁਆਈਆਂ ਜਾਣਗੀਆਂ।

ਤਸਵੀਰਾਂ-ਸੋਸ਼ਲ ਮੀਡੀਆ