Headlines

ਹਵਾ ਪ੍ਰਦੂਸ਼ਣ: ਪੰਜਾਬ ਸਣੇ ਪੰਜ ਰਾਜਾਂ ਤੋਂ ਜਵਾਬ ਤਲਬ

ਨਵੀਂ ਦਿੱਲੀ, 31 ਅਕਤੂਬਰ

ਸੁਪਰੀਮ ਕੋਰਟ ਨੇ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (ਸੀਏਕਿਊਐਮ) ਵੱਲੋਂ ਸਥਤਿੀ ਨੂੰ ਸੁਧਾਰਨ ਲਈ ਕਈ ਕਦਮ ਚੁੱਕੇ ਜਾਣ ਦੇ ਬਾਵਜੂਦ ਰਾਸ਼ਟਰੀ ਰਾਜਧਾਨੀ ਵਿਚ ਹਵਾ ਪ੍ਰਦੂਸ਼ਣ ਕਾਇਮ ਰਹਿਣ ’ਤੇ ਵਿਚਾਰ ਕਰਦਿਆਂ ਅੱਜ ਦਿੱਲੀ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਦੀਆਂ ਸਰਕਾਰਾਂ ਨੂੰ ਇਸ ਉਤੇ ਕਾਬੂ ਪਾਉਣ ਲਈ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਦਿੰਦੇ ਹਲਫਨਾਮੇ ਦਾਖਲ ਕਰਨ ਦਾ ਹੁਕਮ ਦਿੱਤਾ ਹੈ। ਸਿਖਰਲੀ ਅਦਾਲਤ ਨੇ ਕਿਹਾ ਕਿ ਕੁਝ ਦਹਾਕੇ ਪਹਿਲਾਂ ਇਹ ਦਿਨ ਦਿੱਲੀ ਵਿਚ ਸਭ ਤੋਂ ਚੰਗੇ ਹੁੰਦੇ ਸਨ। ਉਨ੍ਹਾਂ ਕਿਹਾ ਕਿ ਸ਼ਹਿਰ ਹੁਣ ਵਿਗੜਦੀ ਹਵਾ ਗੁਣਵੱਤਾ ਦੇ ਸੰਕਟ ਨਾਲ ਜੂਝ ਰਿਹਾ ਹੈ ਤੇ ਘਰ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਜਸਟਿਸ ਐੱਸ.ਕੇ. ਕੌਲ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਬੈਂਚ ਨੇ ਪੰਜ ਰਾਜਾਂ ਨੂੰ ਇਕ ਹਫ਼ਤੇ ਦੇ ਅੰਦਰ ਹਲਫ਼ਨਾਮੇ ਦਾਖਲ ਕਰਨ ਨੂੰ ਕਿਹਾ ਹੈ। ਬੈਂਚ ਨੇ ਕਿਹਾ, ‘ਸਬੰਧਤ ਰਾਜ ਇਹ ਦੱਸਦਿਆਂ ਹਲਫਨਾਮਾ ਦਾਖਲ ਕਰਨ ਕਿ ਉਨ੍ਹਾਂ ਇਸ ਸਥਤਿੀ ਨੂੰ ਘੱਟ ਕਰਨ ਲਈ ਕੀ ਕਦਮ ਚੁੱਕੇ ਹਨ। ਅਸੀਂ ਦਿੱਲੀ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਨੂੰ ਇਕ ਹਫ਼ਤੇ ਦੇ ਅੰਦਰ ਹਲਫਨਾਮਾ ਦਾਖਲ ਕਰਨ ਦਾ ਹੁਕਮ ਦਿੰਦੇ ਹਾਂ।’ ਸਿਖਰਲੀ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 7 ਨਵੰਬਰ ਨੂੰ ਤੈਅ ਕੀਤੀ ਹੈ। ਸਿਖ਼ਰਲੀ ਅਦਾਲਤ ਨੇ ਸੀਏਕਿਊਐਮ ਨੂੰ ਸਮੱਸਿਆ ਸ਼ੁਰੂ ਹੋਣ ਦੇ ਢੁੱਕਵੇਂ ਸਮੇਂ ਤੇ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) ਜਿਹੇ ਮਾਪਦੰਡਾਂ ਅਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਗਿਣਤੀ ਸਣੇ ਵਰਤਮਾਨ ਜ਼ਮੀਨੀ ਸਥਤਿੀ ਦਾ ਸਿੱਟਾ ਇਕ ਸਾਰਨੀਬੱਧ ਰੂਪ ਵਿਚ ਪੇਸ਼ ਕਰਨ ਦੇ ਨਿਰਦੇਸ਼ ਵੀ ਦਿੱਤਾ। ਬੈਂਚ ਨੇ ਕਿਹਾ ਕਿ ਦਿੱਲੀ ਵਿਚ ਪ੍ਰਦੂਸ਼ਣ ਦੇ ਮੁੱਖ ਕਾਰਨਾਂ ਵਿਚੋਂ ਇਕ ਪਰਾਲੀ ਸਾੜਨਾ ਹੈ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਦਿੱਲੀ ਤੇ ਉਸ ਦੇ ਆਲੇ-ਦੁਆਲੇ ਹਵਾ ਪ੍ਰਦੂਸ਼ਣ ਉਤੇ ਲਗਾਮ ਕੱਸਣ ਲਈ ਚੁੱਕੇ ਜਾ ਰਹੇ ਕਦਮਾਂ ’ਤੇ ਸੀਏਕਿਊਐਮ ਤੋਂ ਰਿਪੋਰਟ ਮੰਗੀ ਸੀ। ਸੀਏਕਿਊਐਮ ਨੇ ਦਿੱਲੀ ਵਿਚ ਹਵਾ ਦੀ ਗੁਣਵੱਤਾ ਖਰਾਬ ਹੋਣ ’ਤੇ 6 ਅਕਤੂਬਰ ਨੂੰ ਰਾਸ਼ਟਰੀ ਰਾਜਧਾਨੀ ਖੇਤਰ ਵਿਚ ਸਰਕਾਰੀ ਅਥਾਰਿਟੀ ਨੂੰ ਹੋਟਲਾਂ ਤੇ ਰੈਸਤਰਾਂ ਵਿਚ ਕੋਲੇ ਦੇ ਇਸਤੇਮਾਲ ਉਤੇ ਪਾਬੰਦੀ ਲਾਉਣ ਤੇ ਪ੍ਰਦੂਸ਼ਣ ਫੈਲਾ ਰਹੇ ਉਦਯੋਗਾਂ ਅਤੇ ਥਰਮਲ ਪਾਵਰ ਪਲਾਟਾਂ ਵਿਰੁੱਧ ਕਦਮ ਚੁੱਕਣ ਦਾ ਹੁਕਮ ਦਿੱਤਾ ਸੀ। 

ਪਰਾਲੀ ਸਾੜਨ ਦਾ ਮੁੱਦਾ ਭਾਰਤ ਨਾਲ ਕੂਟਨੀਤਕ ਪੱਧਰ ’ਤੇ ਵਿਚਾਰਾਂਗੇ: ਪਾਕਿ

ਲਾਹੌਰ: ਪਾਕਿਸਤਾਨ ਨੇ ਅੱਜ ਕਿਹਾ ਕਿ ਚੜ੍ਹਦੇ ਪੰਜਾਬ ਤੋਂ ਆਉਂਦੇ ਪਰਾਲੀ ਦੇ ਧੂੰਏਂ ਕਰਕੇ ਲਾਹੌਰ ਦੀ ਆਬੋ-ਹਵਾ ਦੀ ਗੁਣਵੱਤਾ ’ਤੇ ਵੱਡਾ ਅਸਰ ਪੈਣ ਲੱਗਾ ਹੈ। ਲਾਹੌਰ ਨੂੰ ਵਿਸ਼ਵ ਦੇ ਸਭ ਤੋਂ ਵੱਧ ਪ੍ਰਦੂਸ਼ਤਿ ਸ਼ਹਿਰਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਪਾਕਿਸਤਾਨ ਨੇ ਕਿਹਾ ਕਿ ‘ਭਾਰਤੀ ਪੰਜਾਬ ਵਿੱਚ ਪਰਾਲੀ ਸਾੜਨ’ ਦੇ ਮੁੱਦੇ ਨੂੰ ਕੂਟਨੀਤਕ ਪੱਧਰ ’ਤੇ ਗੁਆਂਢੀ ਮੁਲਕ ਨਾਲ ਵਿਚਾਰੇਗਾ। ਲਹਿੰਦੇ ਪੰਜਾਬ ਦੇ ਅੰਤਰਿਮ ਪ੍ਰਧਾਨ ਮੰਤਰੀ ਮੋਹਸਿਨ ਨਕਵੀ ਨੇ ਪ੍ਰਧਾਨ ਮੰਤਰੀ ਅਨਵਰਉੱਲ ਹੱਕ ਕਾਕੜ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਦੱਸਿਆ ਕਿ ਭਾਰਤੀ ਪੰਜਾਬ ਵਿੱਚ ਝੋਨੇ ਦੀ ਪਰਾਲੀ ਸਾੜਨਾ ਹੀ ਲਾਹੌਰ ਵਿੱਚ ਧੂੰਏਂ ਦਾ ਗੁਬਾਰ ਚੜ੍ਹਨ ਦਾ ਮੁੱਖ ਕਾਰਨ ਹੈ। ਉਨ੍ਹਾਂ ਨਕਵੀ ਨੂੰ ਅਪੀਲ ਕੀਤੀ ਕਿ ਉਹ ਇਹ ਮੁੱਦਾ ਭਾਰਤ ਨਾਲ ਵਿਚਾਰਨ। ਕਾਕੜ ਨੇ ਕੂਟਨੀਤਕ ਪੱਧਰ ’ਤੇ ਇਹ ਮਸਲਾ ਭਾਰਤ ਨਾਲ ਵਿਚਾਰਨ ਦਾ ਭਰੋਸਾ ਦਿੱਤਾ ਹੈ।

ਬਠਿੰਡਾ ਵੀ ਦਿੱਲੀ ਜਿੰਨਾ ਪ੍ਰਦੂਸ਼ਤਿ

ਪਟਿਆਲਾ: ਪੰਜਾਬ ਦਾ ਸ਼ਹਿਰ ਬਠਿੰਡਾ ਵੀ ਲਗਭਗ ਦਿੱਲੀ ਜਿੰਨਾ ਹੀ ਪ੍ਰਦੂਸ਼ਤਿ ਹੈ। ਦਿੱਲੀ ਵਿਚ ਪ੍ਰਦੂਸ਼ਣ ਦਾ ਔਸਤ ਪੱਧਰ ਜਿੱਥੇ 364 ਪੁਆਂਇੰਟ ਹੈ, ਉੱਥੇ ਬਠਿੰਡਾ ਦਾ ਏਕਿਊਆਈ ਵੀ 326 ਹੈ। ਬਠਿੰਡਾ ਦਾ ਏਕਿਊਆਈ ਬਹੁਤ ਮਾੜੇ ਵਰਗ ਵਿਚ ਆਉਂਦਾ ਹੈ। ਬਠਿੰਡਾ ਤੋਂ ਬਾਅਦ ਪਟਿਆਲਾ ਪੰਜਾਬ ਦਾ ਸਭ ਤੋਂ ਵੱਧ ਪ੍ਰਦੂਸ਼ਤਿ ਸ਼ਹਿਰ ਹੈ ਜਿੱਥੇ ਹਵਾ ਦੀ ਗੁਣਵੱਤਾ ਦਾ ਪੱਧਰ (ਏਕਿਊਆਈ) 251 ਹੈ। ਇਸ ਤੋਂ ਬਾਅਦ ਰੂਪਨਗਰ ਦਾ ਏਕਿਊਆਈ 223, ਮੰਡੀ ਗੋਬਿੰਦਗੜ੍ਹ ਦਾ 206, ਜਲੰਧਰ ਦਾ 185, ਲੁਧਿਆਣਾ ਦਾ 184 ਤੇ ਅੰਮ੍ਰਤਿਸਰ ਦਾ 179 ਹੈ।