Headlines

ਕਪੂਰੀ ਵਾਸੀਆਂ ਨੂੰ ਖੁੱਲ੍ਹੀ ਬਹਿਸ ਵਿੱਚ ਨਹੀਂ ਕੋਈ ਦਿਲਚਸਪੀ

ਹੜ੍ਹਾਂ ਦੀ ਮਾਰ ਨਾਲ ਅਕਸਰ ਜੂਝਦੇ ਹਨ ਖੇਤਰ ਦੇ ਲੋਕ; ਲੋੜ ਵੇਲੇ ਪਾਣੀ ਨਾ ਮਿਲਣ ਕਾਰਨ ਸਰਾਪ ਬਣੀ ਨਹਿਰ

ਸਰਬਜੀਤ ਸਿੰਘ ਭੰਗੂ

ਪਟਿਆਲਾ, 31 ਅਕਤੂਬਰ

ਪੰਜਾਬ ਵਿਚ ਹੁਣ ਐਸਵਾਈਐਲ ਨਹਿਰ ਮੁੱਦਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ 8 ਅਪਰੈਲ 1982 ਨੂੰ ਇਸ ਨਹਿਰ ਦੀ ਉਸਾਰੀ ਸਬੰਧੀ ਘਨੌਰ ਦੇ ਪਿੰਡ ਕਪੂਰੀ ’ਚ ਸਮਾਗਮ ਕੀਤਾ ਗਿਆ ਸੀ ਜਿਸ ਕਰਕੇ ਕਪੂਰੀ ਨੂੰ ਕੇਂਦਰ ਬਿੰਦੂ ਮੰਨਿਆ ਜਾਂਦਾ ਹੈ ਪਰ ਨਹਿਰ ਦੇ ਇਸ ਮੁੱਦੇ ’ਤੇ ਭਲਕੇ ਪਹਿਲੀ ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੁਧਿਆਣਾ ਵਿਚ ਕਰਵਾਈ ਜਾ ਰਹੀ ਬਹਿਸ ਵਿਚ ਕਪੂਰੀ ਸਣੇ ਇਲਾਕੇ ਦੇ ਲੋਕਾਂ ਨੂੰ ਕੋਈ ਦਿਲਚਸਪੀ ਨਹੀਂ ਹੈ। ਇਥੋਂ ਦੇ ਲੋਕਾਂ ਨੇ ਇਸ ਬਹਿਸ ਨੂੰ ਸਿਆਸੀ ਡਰਾਮੇਬਾਜ਼ੀ ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਸਿਆਸੀ ਪੈਂਤੜੇ ਉਹ ਚਾਲੀ ਸਾਲਾਂ ਤੋਂ ਦੇਖਦੇ ਆ ਰਹੇ ਹਨ ਤੇ ਅਤੇ ਸਿਆਸੀ ਧਿਰ ਨੇ ਇਸ ਮਾਮਲੇ ਵਿਚ ਕੁਝ ਨਹੀਂ ਕੀਤਾ।

ਇਸ ਨਹਿਰ ਲਈ ਕਾਂਗਰਸ ਅਤੇ ਅਕਾਲੀ ਦਲ ਨੂੰ ਬਰਾਬਰ ਦੇ ਜ਼ਿੰਮੇਵਾਰ ਦੱਸਦਿਆਂ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਹੁਣ ‘ਆਪ’ ਵੀ ਨਹਿਰ ਤੋਂ ਸਿਆਸੀ ਲਾਹਾ ਲੈਣ ਦੇ ਰਾਹ ਤੁਰ ਪਈ ਹੈ। ਇਲਾਕੇ ਦੇ ਲੋਕ ਇਸ ਨਹਿਰ ਨੂੰ ਆਪਣੇ ਲਈ ਸਰਾਪ ਦੱਸਦੇ ਹਨ। ਉਨ੍ਹਾਂ ਦੱਸਿਆ ਕਿ ਨਹਿਰ ਲਈ ਥਾਂ ਬਣਨ ਨਾਲ ਇਸ ’ਚ ਹਰ ਸਾਲ ਬਰਸਾਤੀ ਪਾਣੀ ਭਰਦਾ ਹੈ ਤੇ ਕਈ ਵਾਰ ਹੜ੍ਹਾਂ ਨਾਲ ਜਾਨੀ ਤੇ ਮਾਲੀ ਨੁਕਸਾਨ ਵੀ ਹੁੰਦਾ ਹੈ। ਨਹਿਰ ਦੇ ਕੰਢੇ ਅਤੇ ਉਪਰਲੇ ਪਾਸੇ ਵਸੇ ਸੈਂਕੜੇ ਪਿੰਡਾਂ ਲਈ ਸਿੰਜਾਈ ਦੀ ਕੋਈ ਸਹੂਲਤ ਨਹੀਂ ਹੈ। ਇਥੇ ਚਾਰ-ਚਾਰ ਲੱਖ ਰੁਪਏ ਖਰਚ ਕੇ ਬੋਰ ਕਰਨੇ ਪੈਂਦੇ ਹਨ। ਲੋਕ ਪੀਣ ਵਾਲੇ ਪਾਣੀ ਨੂੰ ਵੀ ਤਰਸ ਰਹੇ ਹਨ। ਚਾਲੀ ਸਾਲਾਂ ਤੋਂ ਇਸ ਮੁੱੱਦੇ ਨਾਲ ਜੁੜੇ ਕਿਸਾਨ ਆਗੂ ਪ੍ਰੇਮ ਸਿੰਘ ਭੰਗੂ ਆਖਦੇ ਹਨ ਸਿਆਸੀ ਧਿਰਾਂ ਨੇ ਪੰਜਾਬ ਤੇ ਹਰਿਆਣਾ ਦੇ ਲੋਕਾਂ ਨੂੰ ਲੜਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ ਪਰ ਦੋਵਾਂ ਪਾਸਿਆਂ ਦੇ ਲੋਕ ਸਭ ਚਾਲਾਂ ਸਮਝਦੇ ਹਨ।

ਕਪੂਰੀ ਦੇ ਬਚਨਾ ਸਿੰਘ ਅਤੇ ਸੁਖਦੇਵ ਸਿੰਘ, ਸਰਾਲਾ ਦੇ ਜੋਗਿੰਦਰ ਸਿੰਘ, ਬਲਬੀਰ ਸਿੰਘ ਅਤੇ ਇਕਬਾਲ ਸਿੰਘ, ਲਾਛੜੂ ਵਾਸੀ ਜਸਮੇਰ ਸਿੰਘ ਤੇ ਸਾਧੂ ਸਿੰਘ ਦਾ ਕਹਿਣਾ ਸੀ ਕਿ ਸਰਕਾਰ ਨੂੰ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨੀਆਂ ਚਾਹੀਦੀਆਂ ਹਨ। ਜਦੋਂ ਪਾਣੀ ਦੀ ਲੋੜ ਹੁੰਦੀ ਹੈ, ਉਦੋਂ ਲੋਕ ਪਾਣੀ ਨੂੰ ਤਰਸਦੇ ਹਨ ਪਰ ਜਦੋਂ ਲੋੜ ਨਹੀਂ ਹੁੰਦੀ ਤਾਂ ਉਸ ਵੇਲੇ ਪਾਣੀ ਕਹਿਰ ਬਣ ਜਾਂਦਾ ਹੈ। ਨੌਜਵਾਨ ਆਗੂ ਸੁਰਿੰਦਰ ਘੁਮਾਣਾ ਨੇ ਕਿਹਾ ਕਿ ਖੁੱਲ੍ਹੀ ਬਹਿਸ ਦੀ ਥਾਂ ‘ਆਪ’ ਨੂੰ ਨਹਿਰ ਦੇ ਮਾਮਲੇ ’ਤੇ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ।