Headlines

ਵਿਗਿਆਨ ਦੇ ਇਤਿਹਾਸ ਵਿਚ ਇਕ ਨਵਾਂ ਮੀਲ ਪੱਥਰ-ਡਾ ਰਾਜਿੰਦਰ ਸਿੰਘ

Dr Rajinder Singh (Alumnus of DAV Jalandhar & Universities of Oldenburg & Hamburg, Germany)

ਪ੍ਰੋ: ਹਰਦੇਵ ਸਿੰਘ ਵਿਰਕ (Author & Biographer)
ਸਰੀ (ਕੈਨੇਡਾ)—

ਵਿਗਿਆਨ ਦੀ ਤਰੱਕੀ ਨਾਲ ਮਨੁੱਖ ਨੇ ਨਵੀਆਂ ਮੰਜ਼ਿਲ੍ਹਾਂ ਛੂਹੀਆਂ ਹਨ। ਉਹ ਧਰਤੀ ਤੋਂ ਉੱਡ ਕੇ ਚੰਦਰਮਾ ਅਤੇ ਮੰਗਲ ਗ੍ਰਹਿ ਉੱਪਰ ਵੀ ਪਹੁੰਚ ਗਿਆ ਹੈ। ਐਟਮ ਦੇ ਅੰਦਰ ਝਾਤ ਮਾਰੀਏ ਤਾਂ ਪ੍ਰੋਟਾਨਾਂ ਅਤੇ ਇਲੈਕਟਰਾਨਾਂ ਦਾ ਥਹੁ-ਪਤਾ ਵੀ ਲਗਾ ਲਿਆ ਹੈ। ਜੀਵਨ ਦੇ ਗੁੱਝੇ ਭੇਦਾਂ ਨੂੰ ਸੈੱਲ ਦੀ ਬਣਤਰ ਵਿਚੋਂ ਲੱਭਿਆ ਜਾ ਚੁੱਕਾ ਹੈ। ਉਹ ਦਿਨ ਦੂਰ ਨਹੀਂ ਜਦੋਂ ਮਨੁੱਖ ਪ੍ਰਯੋਗਸ਼ਾਲਾ ਵਿਚ ਆਪਣੇ ਵਰਗਾ ਜੀਵ ਤਿਆਰ ਕਰ ਲਵੇਗਾ। ਇਕੀਵੀਂ ਸਦੀ ਮਸਨੂਈ ਬੌਧਿਕਤਾ ਦੀ ਸਦੀ ਹੈ ਅਤੇ ਮਸ਼ੀਨਾਂ ਮਨੁੱਖੀ ਦਿਮਾਗ ਨਾਲੋਂ ਵੱਧ ਚਤੁਰ ਅਤੇ ਤੇਜ ਰਫ਼ਤਾਰ ਹੋ ਰਹੀਆਂ ਹਨ। ਇਸ ਸਾਰੇ ਵਰਤਾਰੇ ਪਿੱਛੇ ਵਿਗਿਆਨ ਦਾ ਇਤਿਹਾਸ ਸਮਝਣਾ ਜ਼ਰੂਰੀ ਬਣ ਜਾਂਦਾ ਹੈ।
ਰਾਜਿੰਦਰ ਸਿੰਘ ਇਕ ਅਜਿਹਾ ਭੌਤਿਕ ਵਿਗਿਆਨੀ ਹੈ ਜਿਸ ਨੇ ਜਰਮਨੀ ਵਿਚ ਰਹਿੰਦਿਆਂ ਆਪਣੀ ਡਾਕਟਰੇਟ ਦੀ ਡਿਗਰੀ ਲਈ ਵਿਗਿਆਨ ਦੇ ਇਤਿਹਾਸ ਦਾ ਵਿਸ਼ਾ ਚੁਣਿਆ। ਉਸ ਨੇ ਆਪਣੇ ਗਾਈਡ ਪ੍ਰੋਫੈਸਰ ਦੀ ਰਜ਼ਾਮੰਦੀ ਨਾਲ ਸੀ. ਵੀ. ਰਮਨ ਦੀਆਂ ਖੋਜਾਂ ਦੀ ਮੁੜ ਵਿਆਖਿਆ ਕਰਨੀ ਚਾਹੀ। ਜਿਵੇਂ ਰਮਨ ਨੇ ਕਲਕੱਤੇ ਆਪਣੀ ਲੈਬ ਵਿਚ ਪ੍ਰਯੋਗ ਕੀਤੇ ਸਨ, ਰਜਿੰਦਰ ਸਿੰਘ ਨੇ ਉਨ੍ਹਾਂ ਪ੍ਰਯੋਗਾਂ ਨੂੰ ਹੂ-ਬਹੂ ਉਸੇ ਤਰ੍ਹਾਂ ਹੀ ਦੁਹਰਾਇਆ। ਰਮਨ ਦੀ ਜੀਵਨੀ ਅਤੇ ਨੋਬਲ ਪੁਰਸਕਾਰ ਲਈ ਕੀਤੀ ਖੋਜ ਦਾ ਮੁਤਾਲਿਆ ਕੀਤਾ। ਭਾਰਤ ਵਿਚ ਰਮਨ ਦੀ ਖੋਜ ਬਾਰੇ ਕਈ ਭਰਮ-ਭੁਲੇਖੇ ਪੈ ਚੁੱਕੇ ਸਨ ਜਿਵੇਂ ਉਸ ਦੀ ਖੋਜ ਲਈ 400 ਰੁਪਏ ਦਾ ਉਪਕਰਣ ਹੀ ਵਰਤਿਆ ਗਿਆ ਅਤੇ ਉਹ ਪੁਰਸਕਾਰ ਲੈਣ ਵੇਲੇ ਫੁੱਟ- ਫੁੱਟ ਕੇ ਰੋਇਆ ਕਿਉਂ ਕਿ ਉਹ ਗੁਲਾਮ ਭਾਰਤ ਦਾ ਵਸਨੀਕ ਸੀ ਅਤੇ ਤਿਰੰਗੇ ਦੀ ਜਗ੍ਹਾ ਯੂਨੀਅਨ ਜੈਕ ਲਹਿਰਾਇਆ ਗਿਆ। ਰਾਜਿੰਦਰ ਨੇ ਆਪਣੇ ਥੀਸਜ਼ ਅਤੇ ਖੋਜ ਪ੍ਰਕਿਰਿਆ ਵਿਚ ਇਸ ਮਿੱਥਕ ਧਾਰਨਾਵਾਂ ਦਾ ਖੰਡਨ ਕੀਤਾ। ਹੈਮਬਰਗ ਯੂਨੀਵਰਸਿਟੀ ਨੇ ਉਸ ਦੇ ਥੀਸਜ਼ ਦੀ ਪ੍ਰਸੰਸਾ ਕੀਤੀ ਅਤੇ ਉਸ ਨੂੰ ਡੀ. ਐਸ. ਸੀ. ਦੀ ਡਿਗਰੀ ਪ੍ਰਾਪਤ ਹੋਈ।
ਰਾਜਿੰਦਰ ਦਾ ਜਨਮ 5 ਅਕਤੂਬਰ 1957 ਨੂੰ ਜਲੰਧਰ ਜ਼ਿਲ੍ਹੇ ਦੇ ਲਿੱਧੜਾਂ ਪਿੰਡ ਵਿਚ ਹੋਇਆ। ਉਸ ਦੇ ਨਾਨਾ ਜੀ ਨੇ ਭਵਿੱਖਬਾਣੀ ਕੀਤੀ ਸੀ ਕਿ ਇਹ ਬਾਲਕ ਪਰਿਵਾਰ ਦਾ ਨਾਂਅ ਰੌਸ਼ਨ ਕਰੇਗਾ ਅਤੇ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਰੇਗਾ। ਘਰ ਦੀ ਗਰੀਬੀ ਕਾਰਨ ਉਹ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਪੜ੍ਹਿਆ ਅਤੇ ਬਾਅਦ ਵਿਚ ਸੂਰਾਨਸੀ ਦੇ ਯੂਨਾਈਟਡ ਕ੍ਰਿਸਚੀਅਨ ਹਾਇਰ ਸੈਕੰਡਰੀ ਸਕੂਲ ਵਿਚ ਜਾ ਦਾਖਲ ਹੋਇਆ। ਇਸ ਸਕੂਲ ਵਿਚ ਉਸ ਨੂੰ ਜਰਮਨੀ ਦੇ ਈਸਾਈ ਮਿਸ਼ਨ ਦਾ ਵਜੀਫਾ ਮਿਲ ਗਿਆ ਅਤੇ ਪੜ੍ਹਾਈ ਦਾ ਸਾਰਾ ਖਰਚਾ ਪੂਰਾ ਹੋ ਗਿਆ। ਪੜ੍ਹਾਈ ਵਿਚ ਹੁਸ਼ਿਆਰ ਹੋਣ ਕਰਕੇ ਉਹ ਦਸਵੀਂ ਜਮਾਤ ਵਿਚ ਸਕੂਲ ਦਾ ਟਾਪਰ ਬਣ ਗਿਆ।ਡੀ.ਏ.ਵੀ. ਕਾਲਜ ਜਲੰਧਰ ਵਿਚ ਬੀ. ਐੱਸ. ਸੀ. ਕਰਨ ਸਮੇਂ ਉਸ ਨੇ ਟਿਊਸ਼ਨ ਰੱਖ ਕੇ ਪੜ੍ਹਾਈ ਦਾ ਖਰਚਾ ਪੂਰਾ ਕੀਤਾ ਪਰ ਹਿੰਮਤ ਨਹੀਂ ਹਾਰੀ। ਯੂਨੀਵਰਸਿਟੀ ਵਿਚ ਜਾ ਕੇ ਐਮ. ਐਸ. ਸੀ. ਕਰਨ ਦਾ ਸੁਪਨਾ ਸਾਕਾਰ ਨਾ ਹੋਇਆ ਅਤੇ ਆਪਣੇ ਈਸਾਈ ਸਕੂਲ ਦੀ ਮਦਦ ਨਾਲ ਬੀ. ਐੱਡ ਕਰਕੇ ਉਸੇ ਸਕੂਲ ਵਿਚ ਸਾਇੰਸ ਮਾਸਟਰ ਲੱਗ ਗਿਆ। ਚਾਰ ਸਾਲ ਚਾਰ ਸਕੂਲਾਂ ਵਿਚ ਮਾਸਟਰੀ ਕਰਨ ਉਪਰੰਤ ਉਸ ਨੂੰ ਖਿਆਲ ਆਇਆ ਕਿ ਜਰਮਨੀ ਜਾ ਕੇ ਕਿਸਮਤ ਅਜਮਾਈ ਜਾਵੇ। 1984 ਦਾ ਘੱਲੂਘਾਰਾ ਵਰਤਿਆ ਅਤੇ ਰਾਜਿੰਦਰ ਜੁਲਾਈ 1984 ਨੂੰ ਟੂਰਿਸਟ ਵੀਜ਼ੇ ‘ਤੇ ਜਰਮਨੀ ਪਹੁੰਚ ਗਿਆ।
ਰਾਜਿੰਦਰ ਕੋਲ ਯੂਨੀਵਰਸਿਟੀ ਵਿਚ ਦਾਖਲ ਹੋਣ ਲਈ ਮਾਇਆ ਨਹੀਂ ਸੀ। ਵੀਜ਼ਾ ਵੀ ਛੇ ਮਹੀਨੇ ਦਾ ਹੀ ਮਿਲਿਆ ਸੀ। ਇਕ ਈਸਾਈ ਪਾਦਰੀ ਅਤੇ ਉਸ ਦੀ ਧੀ ਨੇ ਰਾਜਿੰਦਰ ਨੂੰ ਆਪਣੇ ਘਰ ਰਹਿਣ ਲਈ ਜਗ੍ਹਾ ਦੇ ਦਿੱਤੀ ਅਤੇ ਉਸ ਨੂੰ ਜਰਮਨ ਭਾਸ਼ਾ ਪੜ੍ਹਣ ਲਈ ਓਲਡਨਬਰਗ ਯੂਨੀਵਰਸਿਟੀ ਵਿਚ ਦਾਖਲ ਕਰਵਾ ਦਿੱਤਾ। ਉਸ ਨੂੰ ਜਰਮਨੀ ਵਿਚ ਰਹਿਣ ਲਈ ਕਈ ਪਾਪੜ ਵੇਲਣੇ ਪਏ। ਵਿਦੇਸ਼ ਮੰਤਰਾਲੇ ਦੇ ਵੀਜ਼ਾ ਵਿਭਾਗ ਵਿਚ ਕੇਸ ਲੜਿਆ, ਰੈਸਟਰਾਂ ਅਤੇ ਘਰਾਂ ਵਿਚ ਸਫ਼ਾਈ ਦਾ ਕੰਮ ਕੀਤਾ, ਹਰ ਰੋਜ਼ ਮੀਂਹ ਹਨ੍ਹੇਰੀ ਵਿਚ 30 ਕਿਲੋਮੀਟਰ ਦਾ ਸਫ਼ਰ ਸਾਈਕਲ ‘ਤੇ ਕੀਤਾ ਅਤੇ ਉਸੇ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਵਿਚ ਦਾਖਲਾ ਲੈ ਕੇ ਡਿਪਲੋਮਾ-ਫਿਜ਼ਿਕਸ ਦੀ ਡਿਗਰੀ ਹਾਸਲ ਕੀਤੀ। ਉਸ ਦਾ ਜੀਵਨ ਜੋਖਮ ਭਰਿਆ ਹੋਣ ਕਰਕੇ ਕਈ ਦਰਦਨਾਕ ਮੋੜ ਵੀ ਆਏ ਪਰ ਉਸ ਨੇ ਹਿੰਮਤ ਨਹੀਂ ਹਾਰੀ। ਪਾਦਰੀ ਦੀ ਕੁੜੀ ਨੇ ਉਸ ਦਾ ਸਾਥ ਨਹੀਂ ਛੱਡਿਆ। ਕੁੜੀ ਚਾਹੁੰਦੀ ਸੀ ਕਿ ਰਾਜਿੰਦਰ ਉਸ ਨਾਲ ਸ਼ਾਦੀ ਕਰਕੇ ਪੱਕਾ ਹੋ ਜਾਵੇ। ਰਾਜਿੰਦਰ ਨੇ ਉਸ ਦੀ ਪੇਸ਼ਕਸ਼ ਇਸ ਲਈ ਠੁਕਰਾ ਦਿੱਤੀ ਕਿਉਂਕਿ ਕੁੜੀ ਰਾਜਿੰਦਰ ਨੂੰ ਈਸਾਈ ਧਰਮ ਵਿਚ ਪ੍ਰਵੇਸ਼ ਕਰਵਾਉਣਾ ਚਾਹੁੰਦੀ ਸੀ। ਰਾਜਿੰਦਰ ਇਹ ਸ਼ਰਤ ਮੰਨਣ ਲਈ ਤਿਆਰ ਨਹੀਂ ਸੀ ਜਿਸ ਕਰਕੇ ਕੁੜੀ ਅਤੇ ਉਸ ਦਾ ਪਾਦਰੀ ਪਿਉ ਕੁਝ ਨਿਰਾਸ਼ ਹੋ ਗਏ। ਰਾਜਿੰਦਰ ਨੇ ਸਿੱਖੀ ਧਰਮ ਨੂੰ ਜਰਮਨੀ ਵਿਚ ਪੱਕੇ ਹੋਣ ਲਈ ਤਿਲਾਂਜਲੀ ਨਹੀਂ ਦਿੱਤੀ। ਉਸ ਨੇ ਈਸਾਈ ਪਰਿਵਾਰ ਨਾਲ ਮਿਲਵਰਤਣ ਜਾਰੀ ਰੱਖਿਆ ਹੈ ਪਰ ਆਪਣੀ ਅਣਖ ਦਾ ਸੌਦਾ ਨਹੀਂ ਕੀਤਾ ਜਿਵੇਂ ਅੱਜਕੱਲ੍ਹ ਪੰਜਾਬ ਦੇ ਲੋਕ ਕਰ ਰਹੇ ਹਨ।
ਰਾਜਿੰਦਰ ਸਿੰਘ ਨੇ ਜਰਮਨ ਤੋਂ ਬਾਅਦ ਸਪੇਨੀ ਭਾਸ਼ਾ ਵੀ ਸਿੱਖੀ। ਇਸ ਪੜ੍ਹਾਈ ਦੌਰਾਨ ਉਸ ਦੀ ਇਕ ਜਮਾਤਣ ਕੁੜੀ ਨਾਲ ਸ਼ਾਦੀ ਹੋ ਗਈ। ਉਹ ਦੋਵੇਂ ਮੀਆਂ-ਬੀਵੀ ਜਰਮਨੀ ਦੇ ਇਕ ਕਸਬੇ ‘ਸਾਈਕ’ ਵਿਚ ਰਹਿੰਦੇ ਹਨ ਅਤੇ ਦੋਵੇਂ ਸਕੂਲ ਦੀ ਨੌਕਰੀ ਕਰਦੇ ਹਨ। ਰਾਜਿੰਦਰ ਸਿੰਘ ਦੇ ਦੋ ਬੱਚੇ ਹਨ, ਇਕ ਪੁੱਤਰ ਅਤੇ ਇਕ ਧੀ। ਉਸ ਨੇ ਬੱਚੇ ਪਾਲਣ ਲਈ ਚਾਰ ਸਾਲ ਛੁੱਟੀ ਲੈ ਲਈ ਅਤੇ ਆਪਣੀ ਬੀਵੀ ਨੂੰ ਨੌਕਰੀ ਕਰਨ ਦੀ ਮੋਹਲਤ ਦੇ ਦਿੱਤੀ। ਉਸ ਨੇ ਆਪਣੇ ਬੱਚਿਆਂ ਲਈ ਮਾਂ ਅਤੇ ਪਿਉ ਦੋਵਾਂ ਦਾ ਰੋਲ ਅਦਾ ਕੀਤਾ। ਉਹ ਦੱਸਦਾ ਹੈ ਕਿ ਉਸ ਦਾ ਪੁੱਤਰ ਉਸ ਦੇ ਹਰ ਹੁਕਮ ਨੂੰ ਸਿਰ-ਮੱਥੇ ਕਬੂਲ ਕਰਦਾ ਹੈ। ਅੱਜਕੱਲ੍ਹ ਰਾਜਿੰਦਰ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਾ ਰਿਹਾ ਹੈ। ਉਹ ਪੰਜਾਬ ਜਾ ਕੇ ਉਸ ਦੇ ਜੱਦੀ ਘਰ ਵਿਚ ਰਹਿ ਕੇ ਖੁਸ਼ੀ ਮਹਿਸੂਸ ਕਰਦੇ ਹਨ। ਉਸ ਦਾ ਪੁੱਤਰ ‘ਮਾਈਕਲ’ ਮੋਹਾਲੀ ਦੋ ਮਹੀਨੇ ਗਰਮੀਆਂ ਕੱਟ ਆਇਆ ਹੈ।ਉਸ ਦੀ ਮਾਂ ਨੇ ਮੈਨੂੰ ਕਿਹਾ ਕਿ ਉਸ ਨੂੰ ਪੰਜਾਬ ਦੇ ਆਮ ਲੋਕਾਂ ਵਾਂਗ ਰਹਿਣ ਦੇਣਾ ਅਤੇ ਏ. ਸੀ. ਬਗੈਰਾ ਦਾ ਕੋਈ ਪ੍ਰਬੰਧ ਨਾ ਕਰਨਾ।
ਰਾਜਿੰਦਰ ਸਿੰਘ ਨੇ ਵਿਗਿਆਨ ਦੇ ਇਤਿਹਾਸ ਵਿਚ ਜੋ ਸਥਾਨ ਹਾਸਲ ਕੀਤਾ ਹੈ, ਉਸ ਦਾ ਜ਼ਿਕਰ ਕਰਨਾ ਬਣਦਾ ਹੈ। ਡੀ. ਐਸ. ਸੀ. ਦਾ ਥੀਸਜ਼ ਲਿਖਣ ਤੋਂ ਬਾਅਦ ਉਸ ਨੇ ਸੀ. ਈ. ਰਮਨ ਦੀ ਖੋਜ ਅਤੇ ਜੀਵਨ ਉੱਪਰ ਅੰਗਰੇਜ਼ੀ ਵਿਚ ਛੇ ਪੁਸਤਕਾਂ ਛਪਵਾਈਆਂ ਹਨ। ਭਾਰਤ ਅਤੇ ਵਿਦੇਸ਼ਾਂ ਵਿਚ ਹੋਰ ਕਿਸੇ ਵਿਗਿਆਨੀ ਨੇ ਰਮਨ ਉੱਪਰ ਇੰਨਾ ਖੋਜ ਕੰਮ ਨਹੀਂ ਕੀਤਾ। ਉਸ ਦੀ ਪਹੁੰਚ ਵਿਚ ਰਮਨ ਦੇ ਹੋਣਹਾਰ ਵਿਦਿਆਰਥੀ ਵੀ ਆਏ ਹਨ।  ਕਲਕੱਤਾ ਯੂਨੀਵਰਸਿਟੀ ਵਿਚ ਰਮਨ ਨੂੰ ਵਿਸ਼ੇਸ਼ ਤੌਰ ‘ਤੇ ਕਾਇਮ ਕੀਤੀ ‘ਪਾਲਿਤ ਚੇਅਰ’ ਉੱਪਰ ਪ੍ਰੋਫੈਸਰ ਨਿਯੁਕਤ ਕੀਤਾ ਗਿਆ। ਉਸ ਨੇ ਅੰਗਰੇਜ਼ੀ ਸਰਕਾਰ ਦੀ ਉੱਚ ਪੱਧਰੀ ਨੌਕਰੀ ਨੂੰ ਤਿਲਾਂਜਲੀ ਦੇ ਕੇ ਅੱਧੀ ਤਨਖਾਹ ਤੇ ਯੂਨੀਵਰਸਿਟੀ ਵਿਚ ਖੋਜ ਕਰਨ ਨੂੰ ਤਰਜ਼ੀਹ ਦਿੱਤੀ। ਰਮਨ ਦੇ ਵਿਦਿਆਰਥੀ ਡਾਕਟਰੇਟ ਕਰਕੇ ਭਾਰਤ ਦੇ ਮੋਢੀ ਵਿਗਿਆਨੀ ਬਣੇ। ਮੌਸਮ ਵਿਗਿਆਨ ਵਿਭਾਗ ਵਿਚ ਅੱਧੀ ਦਰਜਨ ਵਿਗਿਆਨੀ ਉਸ ਦੇ ਵਿਦਿਆਰਥੀ ਰਹੇ ਸਨ।  ਲਗਭਗ ਇਕ ਦਰਜਨ ਵਿਗਿਆਨੀਆਂ ਨੇ ਜੀਵਨ ਅਤੇ ਖੋਜਾਂ ਬਾਰੇ ਰਾਜਿੰਦਰ ਨੇ ਪੁਸਤਕਾਂ ਛਾਪੀਆਂ ਹਨ।
ਮਹਾਤਮਾ ਗਾਂਧੀ ਬਾਰੇ ਰਾਜਿੰਦਰ ਨੇ ਚਾਰ ਪੁਸਤਕਾਂ ਲਿਖੀਆਂ ਹਨ। ਅਮਨ ਦਾ ਮਸੀਹਾ ਨੋਬਲ ਪੁਰਸਕਾਰ ਤੋਂ ਕਿਉਂ ਵਾਂਝਾ ਰਹਿ ਗਿਆ। ਇਸ ਦਾ ਭੇਦ ਰਾਜਿੰਦਰ ਸਿੰਘ ਨੇ ਖੋਲ੍ਹਿਆ ਹੈ। ਉਸ ਨੇ ਨੋਬਲ ਸੰਸਥਾ ਦੇ ਸਾਰੇ ਰਿਕਾਰਡ ਫਰੋਲੇ ਤਾਂ ਪਤਾ ਲੱਗਾ ਕਿ ਮਹਾਤਮਾ ਗਾਂਧੀ ਨੂੰ ਨੌਮੀਨੇਟ ਕਰਨ ਵਾਲੇ ਵਿਦੇਸ਼ੀ ਲੋਕ ਸਨ ਪਰੰਤੂ ਨਹਿਰੂ ਸਮੇਤ ਕਿਸੇ ਭਾਰਤੀ ਨੇ ਉਸ ਦਾ ਨਾਮ ਤਹਿ ਦਿੱਲੋਂ ਹੁੱਬ ਕੇ ਨੌਮੀਨੇਟ ਨਹੀਂ ਕੀਤਾ।ਐਵੇਂ ਖਾਨਾਪੂਰਤੀ ਕਰਨ ਲਈ ਗਾਂਧੀ ਦਾ ਨਾਮ ਤਜ਼ਵੀਜ਼ ਕੀਤਾ ਗਿਆ ਸੀ ਜਿਸ ਕਰਕੇ ਗਾਂਧੀ ਜੀ ਦੀ ਨੋਮੀਨੇਸ਼ਨ ਰੱਦ ਹੁੰਦੀ ਰਹੀ।
ਨੋਬਲ-ਪੁਰਸਕਾਰਾਂ ਲਈ ਨਾਮ ਤਜ਼ਵੀਜ਼ ਕਰਨਾ ਵੀ ਇਕ ਵੱਡਾ ਸਨਮਾਨ ਮੰਨਿਆ ਜਾਂਦਾ ਹੈ। ਭਾਰਤ ਵਿਚੋਂ ਇਹ ਸਨਮਾਨ ਲਗਭਗ ਇਕ ਦਰਜਨ ਵਿਗਿਆਨੀਆਂ ਨੂੰ ਹੀ ਮਿਲਿਆ ਹੈ। ਸਾਡੇ ਲਈ ਮਾਣ ਦੀ ਗੱਲ ਹੈ ਕਿ ਪ੍ਰੋ. ਬਾਵਾ ਕਰਤਾਰ ਸਿੰਘ ਪਹਿਲੇ ਅਤੇ ਆਖਰੀ ਸਿੱਖ ਸਨ ਜਿਨ੍ਹਾਂ ਦਾ ਕੈਮਿਸਟਰੀ ਦੇ ਵਿਸ਼ੇ ਵਿਚ ਨੋਬਲ ਪੁਰਸਕਾਰ ਲਈ ਨਾਮ ਭੇਜਿਆ ਗਿਆ। ਬੜੇ ਅਫਸੋਸ ਦੀ ਗੱਲ ਹੈ ਕਿ ਅਜੇ ਤੱਕ ਕਿਸੇ ਸਿੱਖ ਵਿਗਿਆਨੀ ਨੂੰ ਨੋਬਲ ਪੁਰਸਕਾਰ ਨਹੀਂ ਮਿਲਿਆ। ਨਰਿੰਦਰ ਸਿੰਘ ਕਪਾਨੀ ਫਾਈਬਰ ਆਪਟਿਕਸ ਦੇ ਖੇਤਰ ਵਿਚ ਇਸ ਇਨਾਮ ਦੇ ਹੱਕਦਾਰ ਸਨ ਪਰੰਤੂ ਇਹ ਇਨਾਮ ਇਕ ਚੀਨੀ ਵਿਗਿਆਨੀ ਨੂੰ ਮਿਲ ਗਿਆ।
ਰਾਜਿੰਦਰ ਸਿੰਘ ਦੀਆਂ ਚਾਰ ਪੁਸਤਕਾਂ ਨੋਬਲ ਪੁਰਸਕਾਰਾਂ ਦੀਆਂ ਗੁੰਝਲਾਂ ਅਤੇ ਬਾਰੀਕੀਆਂ ਛਪੀਆਂ ਹਨ। ਭਾਰਤ ਵਿਚ ਚਾਰ ਨੋਬਲ ਪੁਰਸਕਾਰ ਅਮਨ ਦੇ ਖੇਤਰ ਵਿਚ ਮਿਲੇ ਹਨ, ਜਿਸ ਵਿਚ ਦਲਾਈਲਾਮਾ ਅਤੇ ਮਦਰ ਟਰੇਸਾ, ਦੋ ਮਹਾਨ ਹਸਤੀਆਂ ਸ਼ਾਮਿਲ ਹਨ। ਅਫਸੋਸ ਹੈ ਕਿ ਮਹਾਤਮਾ ਗਾਂਧੀ ਇਸ ਤੋਂ ਵਾਂਝਿਆ ਰਹਿ ਗਿਆ। ਅਰਥ ਸ਼ਾਸਤਰ ਵਿਚ ਨੋਬਲ ਪੁਰਸਕਾਰ ਅੰਮ੍ਰਿਤਿਆ ਸੈਨ ਨੂੰ ਮਿਲ ਚੁੱਕਾ ਹੈ ਅਤੇ ਸਾਹਿਤ ਦੇ ਖੇਤਰ ਵਿਚ ਕੇਵਲ ਰਾਬਿੰਦਰ ਨਾਥ ਟੈਗੋਰ।
ਰਾਜਿੰਦਰ ਦਾ ਕਹਿਣਾ ਹੈ ਕਿ ਉਸ ਨੇ ਅਣਗੌਲੇ ਵਿਗਿਆਨੀਆਂ ਦੇ ਜੀਵਨ ਅਤੇ ਖੋਜਾਂ ਬਾਰੇ ਪੁਸਤਕਾਂ ਲਿਖੀਆਂ ਹਨ ਤਾਂ ਕਿ ਸਾਡੇ ਵਿਦਿਆਰਥੀ ਸਮਝ ਸਕਣ ਕਿ ਵਿਗਿਆਨ ਦੇ ਮੋਢੀ ਹੋਰ ਵੀ ਭਾਰਤੀ ਵਿਗਿਆਨੀ ਰਹੇ ਹਨ। ਉਸ ਨੇ ਤਿੰਨ ਭਾਰਤੀ ਵਿਗਿਆਨੀ ਨਾਰੀਆਂ ਬਾਰੇ ਵੀ ਖੋਜ ਕੀਤੀ ਹੈ। ਜਿਨ੍ਹਾਂ ਵਿਚ ਬੀਵਾ ਚੌਧਰੀ ਕਲਕੱਤਾ ਯੂਨੀਵਰਸਿਟੀ ਦੀ ਤਾਂ ਨੋਬਲ ਪੁਰਸਕਾਰ ਦੀ ਹੱਕਦਾਰ ਬਣ ਚੁੱਕੀ ਸੀ। ਨੋਬਲ ਪੁਰਸਕਾਰ ਦੀਆਂ ਯੰਤਰਬਾਜ਼ੀਆਂ ਤੋਂ ਰਾਜਿੰਦਰ ਨੇ ਸਾਨੂੰ ਜਾਣੂ ਕਰਵਾਇਆ ਹੈ। ਹੁਣ ਤੱਕ ਉਸ ਦੀਆਂ 45 ਪੁਸਤਕਾਂ ਚੱਪ ਚੁੱਕੀਆਂ ਹਨ ਅਤੇ 150 ਦੇ ਕਰੀਬ ਹੋਰ ਖੋਜ ਪੱਤਰ। ਇਸ ਸਾਲ ਉਹ ਸਕੂਲ ਦੀ ਨੌਕਰੀ ਤੋਂ ਰਿਟਾਇਰ ਹੋ ਰਿਹਾ ਹੈ। ਜੇਕਰ ਇਸੇ ਰਫ਼ਤਾਰ ਨਾਲ ਉਹ ਵਿਗਿਆਨ ਅਤੇ ਵਿਗਿਆਨੀਆਂ ਦੇ ਇਤਿਹਾਸ ਬਾਰੇ ਖੋਜ ਕਰਦਾ ਰਿਹਾ ਤਾਂ ਜਲਦੀ ਹੀ ਇਕ ਸੈਂਚਰੀ ਬਣਾ ਲਵੇਗਾ ਜੋ ਦੁਨੀਆਂ ਦੇ ਇਤਿਹਾਸ ਵਿਚ ਇਕ ਕ੍ਰਿਸ਼ਮਾ ਹੋਵੇਗਾ।
ਭਾਵੇਂ ਕੋਈ ਪੰਜਾਬੀ ਵਿਗਿਆਨੀ ਪੰਜਾਬ ਦੀ ਧਰਤੀ ਤੇ ਵਿਚਰਦਾ ਹੋਇਆ ਨੋਬਲ ਪੁਰਸਕਾਰ ਨਹੀਂ ਜਿੱਤ ਸਕਿਆ ਪਰ ਡਾ. ਰਾਜਿੰਦਰ ਸਿੰਘ ਨੇ ਭਾਰਤੀ ਵਿਗਿਆਨੀਆਂ ਉੱਪਰ ਖੋਜ ਕਰਕੇ ਵਿਗਿਆਨ ਦੇ ਇਤਿਹਾਸ ਵਿਚ ਇਕ ਨਵਾਂ ਮੀਲ ਪੱਥਰ ਗੱਡ ਦਿੱਤਾ ਹੈ। ਕਲਕੱਤੇ ਦੇ ਵਿਗਿਆਨੀਆਂ ਬਾਰੇ ਦੋ ਦਰਜਨ ਤੋਂ ਵੱਧ ਪੁਸਤਕਾਂ ਲਿਖ ਕੇ ਉਸ ਨੇ ਬੰਗਾਲੀਆਂ ਦੇ ਦਿਲਾਂ ਵਿਚ ਆਪਣਾ ਨਿਵੇਕਲਾ ਸਥਾਨ ਬਣਾ ਰੱਖਿਆ ਹੈ। ਮੇਰੀ ਅਤੇ ਪੰਜਾਬ ਯੂਨੀਵਰਸਿਟੀ ਦੇ ਭੂਤਪੂਰਵ ਵੀ. ਸੀ. ਪ੍ਰੋ. ਗਰੋਵਰ ਦੀ ਪ੍ਰੇਰਨਾ ਸਦਕਾ ਹੁਣ ਉਸ ਦਾ ਰੁਝਾਨ ਪੰਜਾਬ ਦੇ ਭੌਤਿਕ ਵਿਗਿਆਨੀਆਂ ਵੱਲ ਹੋਇਆ ਹੈ, ਜਿਸ ਕਰਕੇ ਬੀ. ਐਮ. ਅਨੰਦ ਅਤੇ ਸੁਮਨ ਬਾਲਾ ਬੇਰੀ ਦੀਆਂ ਖੋਜਾਂ ਬਾਰੇ ਦੋ ਪੁਸਤਕਾਂ ਛਪ ਚੁੱਕੀਆਂ ਹਨ।

Rajinder Singh with Wife Birgit Krah, Son, Hira Michael, and Daughter, Amer Simone

Prof. Chandrima Shaha, President INSA, felicitating Rajinder Singh in New Delhi

Rajinder Singh Felicitated by Head Physics Department, IISC Bangalore

Rajinder Singh Felicitated by Dr Jatinder Kaur, Director

Rajinder Singh Felicitated by Director IICB, Jadavpur

Rajinder Singh Felicitated by President NASI, Kolkatta

Rajinder Singh delivering an Invited Talk in Kolkatta