Headlines

ਭਗਵੰਤ ਮਾਨ ਵਲੋਂ ਸੱਦੀ ਖੁੱਲੀ ਬਹਿਸ ਦਾ ਵਿਰੋਧੀ ਧਿਰਾਂ ਵਲੋਂ ਬਾਈਕਾਟ

ਲੁਧਿਆਣਾ- ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨੇ ਬੁੱਧਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਨਾਲ ਸਬੰਧਤ ਮੁੱਦਿਆਂ ’ਤੇ ਵਿਚਾਰ ਕਰਨ ਲਈ ਸੱਦੀ ਗਈ ਖੁੱਲ੍ਹੀ ਬਹਿਸ ਦਾ ਬਾਈਕਾਟ ਕੀਤਾ ਅਤੇ ਭਾਜਪਾ ਨੇ ਇਸ ਵਿਰੁੱਧ ਨਾਅਰੇਬਾਜ਼ੀ ਕੀਤੀ। ਸ਼੍ਰੋਮਣੀ ਅਕਾਲੀ ਦਲ ਨੇ ਇੱਕ ਦਿਨ ਪਹਿਲਾਂ ਕਿਹਾ ਸੀ, “ਇਹ ਕੋਈ ਬਹਿਸ ਨਹੀਂ ਹੈ, ਇਹ ਇੱਕ ਪੀਆਰ ਅਭਿਆਸ ਅਤੇ ਪੀਆਰ ਸਟੰਟ ਹੈ।” ਮੁਖ ਮੰਤਰੀ ਭਗਵੰਤ ਮਾਨ ਨੇ 8 ਅਕਤੂਬਰ ਨੂੰ ਵਿਰੋਧੀ ਧਿਰ ਦੇ ਆਗੂਆਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੂੰ ਮੁੱਦਿਆਂ ‘ਤੇ ਖੁੱਲ੍ਹੀ ਬਹਿਸ ਕਰਨ ਲਈ ਕਿਹਾ ਸੀ। ਭਾਜਪਾ ਨੇ ਕਿਹਾ ਕਿ ਉਹ ਬਹਿਸ ‘ਚ ਹਿੱਸਾ ਲੈਣਾ ਚਾਹੁੰਦੀ ਹੈ ਪਰ ਕੋਈ ਉਚਤਿ ਪ੍ਰਕਿਰਿਆ ਨਹੀਂ ਅਪਣਾਈ ਗਈ। ਹੋਰ ਜਾਣਕਾਰੀ ਮੁਤਾਬਿਕ ਲੁਧਿਆਣਾ ਵਿੱਚ ਖੁੱਲ੍ਹੀ ਬਹਿਸ ਵਿੱਚ ਹਿੱਸਾ ਲੈਣ ਲਈ ਪੰਜਾਬ ਖੇਤੀਬਾੜੀ ਯੁੂਨੀਵਰਸਿਟੀ ’ਚ ਲੋਕ ਪਹੁੰਚੇ ਪਰ ਆਮ ਲੋਕਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਸਿਰਫ ਲਿਸਟ ਵਿੱਚ ਸ਼ਾਮਲ ਲੋਕਾਂ ਨੂੰ ਹੀ ਐਂਟਰੀ ਦਿੱਤੀ ਗਈ।

ਓਵਰਏਜ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਮੈਂਬਰਾਂ ਨੇ ਪੀ ਏ ਯੂ ਬਾਹਰ ਰੋਸ ਪ੍ਰਦਰ਼ਸਨ ਕੀਤਾ।  ਪੁਲੀਸ ਨੇ ਅਧਿਆਪਕ ਆਗੂਆਂ ਅਤੇ ਕਾਰਕੁਨਾਂ ਨੂੰ ਗ੍ਰਿਫਤਾਰ ਕਰ ਲਿਆ ।

ਮੁੱਖ ਮੰਤਰੀ ਨੂੰ ਸਟੇਜ ਤੇ ਸਟੇਟ ਵਿਚਲੇ ਫਰਕ ਦਾ ਪਤਾ ਨਹੀਂ-ਜਾਖੜ-

ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ  ਬਹਿਸ ਦੌਰਾਨ ਹੋਣ ਵਾਲੇ ਸਵਾਲਾਂ ਦੇ ਮੱਦੇਨਜ਼ਰ ਲੁਧਿਆਣਾ ਵਿੱਚ ਵੱਡੇ ਪੱਧਰ ’ਤੇ ਪੁਲੀਸ ਨਾਕਾਬੰਦੀ ਕਰਨਾ ਮੁੱਖ ਮੰਤਰੀ ਦੇ ਡਰ ਨੂੰ ਦਰਸਾਉਂਦਾ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਰਾਜ ਸਰਕਾਰ ਨੇ ਇਸ ਮੁੱਦੇ ’ਤੇ ਆਪਣੇ ਗੈਰ-ਵਾਜਬ ਜਵਾਬ ਦੇ ਕੇ ਲੋਕਾਂ ਨੂੰ ਭੰਬਲਭੂਸੇ ’ਚ ਪਾ ਦਿੱਤਾ ਹੈ। ਅਸਲ ਵਿੱਚ ਮੁੱਖ ਮੰਤਰੀ ਅਤੇ ਸਰਕਾਰ ਕੋਲ ਲੋਕਾਂ ਦੇ ਸਵਾਲਾਂ ਦਾ ਕੋਈ ਜਵਾਬ ਹੀ ਨਹੀਂ ਹੈ ਤੇ ਉਹ ਲੋਕਾਂ ਦੇ ਸਵਾਲਾਂ ਤੋਂ ਘਬਰਾ ਗਏ ਹਨ, ਇਹੀ ਕਾਰਨ ਹੈ ਕਿ ਬਹਿਸ ’ਤੇ ਪੁਲੀਸ ਦੀ ਦਹਿਸ਼ਤ ਦਾ ਪਰਛਾਵਾਂ ਖੜ੍ਹਾ ਕਰ ਦਿੱਤਾ ਗਿਆ ਹੈ। ਭਾਜਪਾ ਆਗੂ ਨੇ ਕਿਹਾ ਕਿ ਸਰਕਾਰ ਆਪਣੀਆਂ ਨਾਕਾਮੀਆਂ ’ਤੇ ਪਰਦਾ ਪਾਉਣ ਲਈ ਸਿਰਫ ਡਰਾਮੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਾਕਮਾਂ ਨੂੰ ਡੇਢ ਸਾਲ ਸ਼ਾਸਨ ਚਲਾਉਣ ਤੋਂ ਬਾਅਦ ਵੀ ਸਟੇਜ ਤੇ ਸਟੇਟ ਵਿਚਲਾ ਫਰਕ ਪਤਾ ਨਹੀਂ ਲੱਗਿਆ।