Headlines

ਪਲੀਅ ਵਲੋਂ ਪੰਜਾਬੀ ਮਾਂ ਬੋਲੀ ਦੇ ਮਾਣ ਵਿਚ ਕਵਾਂਟਲਿਨ ਯੂਨੀਵਰਸਿਟੀ ਸਰੀ ਵਿਖੇ ਸ਼ਾਨਦਾਰ ਸਮਾਗਮ

ਸਰੀ, (ਬਲਵੰਤ ਸਿੰਘ ਸੰਘੇੜਾ)-ਪੰਜਾਬੀ ਲੈਂਗੂਏਜ ਐਜੂਕੇਸ਼ਨ ਅਸੋਸੀਏਸ਼ਨ (ਪਲੀਅ) ਵਲੋਂ ਬੀਤੇ ਦਿਨੀਂ ਮਾਂ ਬੋਲੀ ਪੰਜਾਬੀ ਦਾ ਜਸ਼ਨ ਬਹੁਤ ਧੂਮ ਧਾਮ ਨਾਲ ਕਵਾਂਟਲਿਨ ਪੌਲੀਟੈਕਨਿਕ ਯੂਨੀਵਰਸਿਟੀ

(ਕੇ ਪੀ ਯੂ), ਸਰ੍ਹੀ ਵਿਖੇ ਮਨਾਇਆ ਗਿਆ। ਇਹ ਜਸ਼ਨ ਕਵਾਂਟਲਿਨ ਪੌਲੀਟੈਕਨਿਕ ਯੂਨੀਵਰਸਿਟੀ ਅਤੇ ਦੀਪਕ ਬਿਨਿੰਗ ਫਾਊਂਡੇਸ਼ਨ ਦੇ ਸਹਿਯੋਗ ਨਾਲ ਮਨਾਇਆ ਗਿਆ। ਸ਼ੁਰੂ ਵਿਚ ਕੇ ਪੀ ਯੂ ਦੇ ਨੁਮਾਇੰਦੇ ਸਟੀਵਨ ਲੈਵਾਰਨ ਅਤੇ ਦੀਪਕ ਬਿਨਿੰਗ ਫਾਊਂਡੇਸ਼ਨ ਦੇ ਬਾਨੀ ਪਾਲਬਿਨਿੰਗ ਨੇ ਸਰੋਤਿਆਂ ਨੂੰ ਸੰਬੋਧਨ ਕੀਤਾ ਅਤੇ ਜਸ਼ਨ ਵਿਚ ਜੀਅ ਆਇਆਂ ਨੂੰ ਕਿਹਾ।ਸੰਚਾਲਿਕ ਗੁਰਿੰਦਰ ਮਾਨ ਅਤੇ ਹਰਮਨ ਪੰਧੇਰ ਨੇ ਪ੍ਰੋਗਰਾਮ ਦੀ ਰੂਪ ਰੇਖਾ ਸਰੋਤਿਆ ਨਾਲ ਸਾਂਝੀ ਕੀਤੀ। ਇਸ ਤੋਂ ਬਾਅਦ ਪਲੀਅ ਦੇ ਪ੍ਰਧਾਨ ਬਲਵੰਤ ਸਿੰਘ ਸੰਘੇੜਾ ਅਤੇ ਮੀਤ ਪ੍ਰਧਾਨ ਸਾਧੂ ਬਿਨਿੰਗ ਨੇ ਕੈਨੇਡਾ ਵਿਚ ਪਲੀਅ ਦੀਆਂ ਗਤੀਵਿਧੀਆਂ ਅਤੇ ਪੰਜਾਬੀ ਦੀ ਸਥਿਤੀ ਵਾਰੇ ਸਰੋਤਿਆਂ ਨਾਲ ਸਾਂਝ ਪਾਈ। ਉਨ੍ਹਾਂ ਖੁਸ਼ੀ ਜਾਹਰ ਕੀਤੀ ਕਿ ਕੈਨੇਡਾ ਵਿਚਪੰਜਾਬੀ ਭਾਸ਼ਾ ਨੇ ਪਿਛਲੇ ਕੁਝ ਸਾਲਾਂ ਵਿਚ ਬਹੁਤ ਤਰੱਕੀ ਕੀਤੀ ਹੈ ਅਤੇ ਕੈਨੇਡਾ ਦੇ ਕਈ ਭਾਗਾਂ ਵਿਚ ਇਹ ਹੁਣ ਰੁਜਗਾਰ ਦੀ ਭਾਸ਼ਾ ਵੀ ਬਣ ਗਈ ਹੈ। ਪਰ ਹਾਲੇ ਵੀ ਸਾਡੇ ਲਈ ਬਹੁਤ ਚਣੌਤੀਆਂ ਹਨ ਜਿਸ ਲਈ ਪਲੀਅ ਨੂੰ ਕਮਿਊਨਿਟੀ ਦੇ ਸਹਿਯੋਗ ਦੀ ਬਹੁਤ ਲੋੜ ਹੈ।ਸਾਧੂ ਬਿਨਿੰਗ ਨੇ ਇਕ ਵਾਰ ਫੇਰ ਇਹ ਨੁਕਤਾ ਉਠਾਇਆ ਕਿ ਕੈਨੇਡਾ ਦੀ ਫੈਡਰਲ ਸਰਕਾਰ ਨੂੰ ਚਾਹੀਦਾ ਹੈ ਕਿ ਆਪਣੀ ਭਾਸ਼ਾ ਨੀਤੀ ਉੱਤੇ ਮੁੜ ਵਿਚਾਰ ਕਰੇ ਅਤੇ ਕਨੇਡਾ ਵਿਚ ਹੁਣ ਵੱਡੀ ਪੱਧਰ ’ਤੇ ਬੋਲੀਆਂ ਜਾਂਦੀਆਂ ਦੂਜੀਆਂ ਬੋਲੀਆਂ ਨੂੰ ਵੀ ਕੈਨੇਡੀਅਨ ਬੋਲੀਆਂ ਮੰਨੇ।

ਸਾਡੇ ਲਈ ਇਹ ਬਹੁਤ ਖੁਸ਼ੀ ਦੀ ਗੱਲ ਸੀ ਕਿ ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਬੀ ਸੀ ਦੇ ਸਿੱਖਿਆ ਮੰਤਰੀ ਮਾਣਯੋਗ ਰਚਨਾ ਸਿੰਘ ਨੇ ਸਮਾਂ ਕੱਢਿਆ। ਉਨ੍ਹਾਂ ਪਲੀਅ ਅਤੇ ਸਰੋਤਿਆਂ ਨੂੰ ਯਕੀਨ ਦੁਆਇਆ ਕਿ ਉਹ ਮਾਂ ਬੋਲੀ ਪੰਜਾਬੀ ਦੀ ਬਿਹਤਰੀ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ। ਕੁਝ ਸਮਾਂ ਪਹਿਲਾਂ ਇਸ ਬਾਰੇ ਪਲੀਅ ਵਲੋਂ ਉਨ੍ਹਾਂ ਦੇ ਧਿਆਨ ਵਿਚ ਕਾਫੀ ਸੁਝਾਅ ਲਿਆਂਦੇ ਗਏ ਸਨ। ਸਾਨੂੰ ਪੂਰੀ ਆਸ ਹੈ ਕਿ ਉਹ ਇਸ ਵਿਚ ਪੂਰਾ ਉਤਰਨਗੇ।

ਇਸ ਸਮਾਗਮ ਦੇ ਦੋ ਭਾਗ ਸਨ। ਪਹਿਲਾ ਹਿੱਸਾ ਇਕ ਪੈਨਲ ਸੀ ਜਿਸ ਦਾ ਮੁਖ ਮੁੱਦਾ ਸਰ੍ਹੀ ਅਤੇ ਡੈਲਟਾ ਦੇ ਐਲੀਮੈਂਟਰੀ ਸਕੂਲਾਂ ਵਿਚ ਪੰਜਾਬੀ ਕਲਾਸਾਂ ਵਿਚ ਦਾਖਲੇ ਲਈ ਮਾਪਿਆਂ ਅਤੇ ਬੱਚਿਆਂ ਨੂੰ ਉਤਸ਼ਾਹਿਤ ਕਰਨਾ। ਇਸ ਪੈਨਲ ਦੇ ਮੈਂਬਰ ਸਨ ਸਰ੍ਹੀ ਸਕੂਲ ਬੋਰਡ ਦੇ ਮੈਂਬਰ ਗੈਰੀ ਥਿੰਦ, ਡੈਲਟਾ ਦੇ ਸਕੂਲ ਬੋਰਡ ਮੈਂਬਰ ਨਿੰਮੀ ਡੌਲਾ, ਸਰ੍ਹੀ ਸਕੂਲ ਬੋਰਡ ਦੇ ਡਿਸਟਰਿਕਟ ਪ੍ਰਿੰਸੀਪਲ ਰਾਜ ਪੁਰੀ, ਕਿਡਜ਼ ਪਲੇਅ ਫਾਊਂਡੇਸ਼ਨ ਤੋਂ ਕਿਰਨ ਤੂਰ, ਪ੍ਰਿੰਸੈਸ ਮਾਰਗਰੇਟ ਸਕੂਲ ਭਾਸ਼ਾ ਵਿਭਾਗ ਦੇ ਮੁਖੀ ਅਮਨਦੀਪ ਛੀਨਾਂ, ਯੂਨੀਵਰਸਟੀ ਦੀ ਵਿਦਿਆਰਥਣ ਤੇਜਲ ਕੌਰ ਬਦੇਸ਼ਾ ਅਤੇ ਐੱਲ ਏ ਮੈਥੀਸਨ ਸਕੂਲ ਦੀ ਵਿਦਿਆਰਥਣ ਕੋਮਲ ਪ੍ਰੀਤ ਕੌਰ ਕੂਨਰ। ਪੈਨਲ ਦੇ ਕੋਆਰਡੀਨੇਟਰ ਸਨ ਗੁਰਪ੍ਰੀਤ ਕੌਰ ਬੈਂਸ, ਜੋਐੱਲ ਏ ਮੈਥੀਸਨ ਹਾਈ ਸਕੂਲ ਦੇ ਭਾਸ਼ਾ ਵਿਭਾਗ ਦੇ ਮੁਖੀ ਹਨ। ਉਹਨਾਂ ਪੈਨਲ ਦੇ ਮੈਂਬਰਾਂ ਤੋਂ ਮਾਂ ਬੋਲੀ ਪੰਜਾਬੀ ਬਾਰੇ ਬਹੁਤ ਹੀ ਢੁੱਕਵੇਂ ਸਵਾਲ ਪੁੱਛੇ ਅਤੇ ਪੈਨਲ ਮੈਂਬਰਾਂ ਨੇਆਪਣੀ ਵਲੋਂ ਸੋਹਣੇ ਸੁਝਾ ਦਿੱਤੇ।

ਪ੍ਰੋਗਰਾਮ ਦੇ ਦੂਸਰੇ ਭਾਗ ਵਿਚ ਬੀਵਰ ਕਰੀਕ ਐਲੀਮੈਂਟਰੀ ਸਕੂਲ ਦੇ ਬੱਚਿਆਂ, ਐੱਲ ਏਮੈਥੀਸਨ ਅਤੇ ਪੀ ਐੱਮ ਐੱਸ ਐੱਸ ਦੇ ਵਿਦਿਆਰਥੀਆਂ ਵਲੋਂ ਬਹੁਤ ਹੀ ਸੁੰਦਰ ਕਵਿਤਾਵਾਂ, ਅਤੇ ਗੀਤਾਂ ਦੀਆਂ ਪੇਸ਼ਕਾਰੀਆਂ ਨੇ ਸਭ ਦਾ ਦਿਲ ਜਿੱਤ ਲਿਆ। ਅਖੀਰ ਵਿਚ ਸੇਵਾ ਸਿੰਘ ਪੰਧੇਰ ਨੇ ਆਪਣੇ ਦਾਦਾ ਜੀ ਅਤੇ ਪਲੀਅ ਦੇ ਸਰਗਰਮ ਬੋਰਡ ਮੈਂਬਰ ਰਾਜਿੰਦਰ ਸਿੰਘ ਪੰਧੇਰ ਦੀ ਕਿਤਾਬ ਵਿਚੋਂ ਇਕ ਕਹਾਣੀ ਪੜ੍ਹ ਕੇ ਸਰੋਤਿਆ ਨੂੰ ਨਿਹਾਲ ਕੀਤਾ। ਪਲੀਅ ਦੇ ਬੋਰਡ ਵਲੋਂ ਸਾਧੂ ਬਿਨਿੰਗ ਅਤੇ ਬਲਵੰਤ ਸਿੰਘ ਸੰਘੇੜਾ ਨੇ ਇਹਨਾਂ ਸਭ ਦਾ ਸੰਚਾਲਕਾਂ ਗੁਰਿੰਦਰ ਮਾਨ, ਹਰਮਨ ਪੰਧੇਰ, ਸਾਊਥ ਏਸ਼ੀਅਨ ਮੀਡੀਆ, ਕਵਾਂਟਲਿਨ ਪੌਲੀਟੈਕਨਿਕਯੂਨੀਵਰਸਿਟੀ, ਦੀਪਕ ਬਿਨਿੰਗ ਫਾਊਂਡੇਸ਼ਨ ਅਤੇ ਸਰੋਤਿਆ ਦਾ ਧੰਨਵਾਦ ਕੀਤਾ।

ਪੰਜਾਬੀ ਦੇ ਪ੍ਰੇਮੀਆਂ ਅਤੇ ਸ਼ੁਭ ਚਿੰਤਕਾਂ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਪੰਜਾਬੀ ਹੁਣ ਦੁਨੀਆਂ ਦੀਆਂ ਪ੍ਰਮੁੱਖ ਬੋਲੀਆਂ ਵਿੱਚੋਂ ਇਕ ਹੈ। ਦੁਨੀਆਂ ਵਿਚ 7,000 ਤੋਂ ਵੱਧ ਬੋਲੀਆਂ ਜਾਣ ਵਾਲੀਆਂ ਬੋਲੀਆਂ ਵਿੱਚੋਂ ਪੰਜਾਬੀ ਸਿਖਰੋਂ ਦਸਵੇਂ ਨੰਬਰ ਉਪਰ ਹੈ। ਕੈਨੇਡਾ ਵਿਚ ਪੰਜਾਬੀ ਹੁਣ ਤੀਸਰੇ ਨੰਬਰ ਉਪਰ ਹੈ। ਪੰਜਾਬੀ ਦੇ 15 ਕਰੋੜ ਬੋਲਣ ਵਾਲੇ ਲੋਕ ਦੁਨੀਆ ਦੇ ਤਕਰੀਬਨ 190 ਦੇਸ਼ਾਂ ਵਿਚ ਵਸ ਰਹੇ ਹਨ। ਕੈਨੇਡਾ, ਅਮਰੀਕਾ, ਇੰਗਲੈਂਡ, ਅਸਟ੍ਰੇਲੀਆ, ਨਿਊਜ਼ੀਲੈਂਡ ਅਤੇ ਹੋਰ ਕਈ ਦੇਸ਼ਾਂ ਵਿਚ ਇਸ ਵੇਲੇ ਪੰਜਾਬੀ ਅਤੇ ਪੰਜਾਬੀਆਂ ਦਾ ਬੋਲ ਬਾਲਾ ਹੈ। ਆਉ ਆਪਾਂ ਸਭ ਪੰਜਾਬੀ ਮਾਂ ਬੋਲੀ ਦੇ ਸ਼ੁਭਚਿੰਤਕ ਆਪਣੀ ਮਾਂ ਬੋਲੀ ਦੀ ਤਰੱਕੀ ਲਈ ਕੋਸ਼ਿਸ਼ਾਂ ਜਾਰੀ ਰੱਖੀਏ।