Headlines

ਦੀਵਾਲੀ ਮੌਕੇ ਇਟਲੀ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਤੇ ਹਿੰਦੂ ਮੰਦਿਰਾਂ ਚ ਲੱਗੀਆਂ ਭਾਰੀ ਰੌਣਕਾਂ

* ਸੰਗਤਾਂ ਵੱਲੋਂ ਕੀਤੀ ਗਈ ਆਤਿਸ਼ਬਾਜੀ ਤੇ ਦੀਪਮਾਲਾ *
 ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਦੁਨੀਆਂ ਭਰ ਵਿੱਚ ਰਹਿਣ ਬਸੇਰਾ ਕਰਦੇ ਸਨਾਤਨ ਧਰਮ ਦੇ ਪੈਰੋਕਾਰਾਂ ਤੇ ਸਿੱਖ ਸੰਗਤਾਂ ਵੱਲੋਂ ਦੀਵਾਲੀ ਅਤੇ ਬੰਦੀਛੋੜ ਦਿਵਸ ਵੱਖ-ਵੱਖ ਧਾਰਮਿਕ ਅਸਥਾਨਾਂ ਵਿਖੇ ਬਹੁਤ ਹੀ ਸ਼ਾਨੋ ਸੌ਼ਕਤ ਨਾਲ ਮਨਾਏ ਗਏ।ਇਸ ਮੌਕੇ ਇਟਲੀ ਵਿਖੇ ਵੀ ਸੰਗਤ ਸਵੇਰੇ ਤੋਂ ਹੀ ਗੁਰਦੁਆਰਾ ਸਾਹਿਬ ਤੇ ਹਿੰਦੂ ਮੰਦਿਰਾਂ ਵਿੱਚ ਜਾਕੇ ਜਿੱਥੇ ਨਤਮਸਤਕ ਹੋ ਰਹੀ ਸੀ ਉੱਥੇ ਧਾਰਮਿਕ ਅਸਥਾਨਾਂ ਵਿਖੇ ਕੀਰਤਨੀ ਜੱਥਿਆਂ ਤੇ ਭਜਨ ਮੰਡਲੀਆਂ ਵੱਲੋਂ ਸ਼ਬਦ ਗਾਇਨ ਵੀ ਕੀਤੇ ਗਏ।ਸੰਗਤਾਂ ਦਾ ਲੱਗਾ ਹਜੂਮ ਦੇਖਣ ਯੋਗ ਸੀ ।ਸ਼ਾਮ ਵੇਲੇ ਗੁਰਦੁਆਰਾ ਸਾਹਿਬ ਤੇ ਮੰਦਿਰਾਂ ਦੀ ਕੀਤੀ ਦੀਪਮਾਲਾ ਅਲੌਕਿਕ ਨਜ਼ਾਰਾ ਪੇਸ਼ ਕਰ ਰਹੀ ਸੀ।ਸੰਗਤਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪਟਾਖੇ ਤੇ ਆਤਿਸ਼ਬਾਜੀ ਵੀ ਕੀਤੀ।ਇਟਲੀ ਦੇ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਦਰਬਾਰ ਵਿਲੇਤਰੀ (ਰੋਮ),ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ(ਲਾਤੀਨਾ),ਗੁਰਦੁਆਰਾ ਸਾਹਿਬ ਸਿੰਘ ਸਭਾ ਪੁਨਤੀਨੀਆ ਨਵੀ ਇਮਾਰਤ(ਲਾਤੀਨਾ)ਗੁਰਦੁਆਰਾ ਸਾਹਿਬ ਗੋਬਿੰਦਸਰ ਸਾਹਿਬ ਲਵੀਨਿਓ(ਰੋਮ),ਤੇ ਸ਼੍ਰੀ ਹਰੀ ਓਮ ਮੰਦਿਰ (ਮਾਨਤੋਵਾ)ਆਦਿ ਵਿਖੇ ਸੰਗਤਾਂ ਵੱਲੋਂ ਦੀਵਾਲੀ ਅਤੇ ਬੰਦੀਛੋੜ ਦਿਵਸ ਮੌਕੇ ਭਾਰੀ ਰੌਣਕਾਂ ਲਗਾ ਪ੍ਰਭੂ ਚਰਨਾਂ ਵਿੱਚ ਭਰਵੀਂ ਹਾਜ਼ਰੀ ਲੁਆਈ ਗਈ। ਇਸ ਮੌਕੇ ਗੁਰਦੁਆਰਿਆ ਵਿੱਚ ਸਾਰਾ ਦਿਨ ਗੁਰਮਿਤ ਸਮਾਗਮ ਕੀਤੇ ਗਏ। ਤੇ ਸੰਗਤਾਂ ਲਈ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ। ਫੋਟੋ ਕੈਪਸ਼ਨ: ਇਟਲੀ ਦੇ ਵੱਖ-ਵੱਖ ਧਾਰਮਿਕ ਅਸਥਾਨਾਂ ਵਿਖੇ ਦੀਵਾਲੀ ਅਤੇ ਬੰਦੀਛੋੜ ਦਿਵਸ ਮੌਕੇ ਲੱਗੀਆਂ ਰੌਣਕਾਂ ਦਾ ਅਲੌਕਿਕ ਨਜ਼ਾਰਾ ਪੇਸ਼ ਕਰਦਿਆਂ ਤਸਵੀਰਾਂ