Headlines

ਸਿਖਿਆ ਅਤੇ ਬਾਲ ਸਾਹਿਤ ਸਬੰਧੀ ਵਿਚਾਰ ਚਰਚਾ ਅਤੇ ਕਵੀ ਦਰਬਾਰ

ਪਠਾਨਕੋਟ ( ਬਾਲਮ)-ਸਭ ਰੰਗ ਸਾਹਿਤ ਸਭਾ ਅਤੇ ਕਲਮਾਂ ਦਾ ਕਾਫ਼ਿਲਾ ਪਠਾਨਕੋਟ ਦੇ ਸਹਿਯੋਗ ਨਾਲ ਪਾਲ ਟੈਕ ਲੋਨ, ਡਲਹੌਜੀ ਰੋਡ ਪਠਾਨਕੋਟ ਵਿਖੇ ਸਿਖਿਆ ਅਤੇ ਬਾਲ ਸਾਹਿਤ ਵਿਚ ਦੂਰੀ ਪ੍ਰਤੀ ਵਿਚਾਰ ਚਰਚਾ ਅਤੇ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਦੀ ਪ੍ਰਧਾਨਗੀ ਪਾਲ ਗੁਰਦਾਸਪੁਰੀ, ਬਿਸ਼ਨਦਾਸ, ਰਾਜ ਗੁਰਦਾਸਪੁਰੀ ਅਤੇ ਅਸ਼ੋਕ ਚਿੱਤਰਕਾਰ ਨੇ ਕੀਤੀ ਜਦੋਂਕਿ ਵਿਸ਼ੇਸ ਮਹਿਮਾਨ ਵਜੋਂ ਬਲਵਿੰਦਰ ਬਾਲਮ ਅਤੇ ਮੰਗਲਦੀਪ ਨੇ ਸ਼ਿਰਕਤ ਕੀਤੀ। ਵੱਖ-ਵੱਖ ਬੁਲਾਰਿਆਂ ਨੇ ਬੋਲਦੇ ਹੋਏ ਕਿਹਾ ਕਿ ਕੋਠਾਰੀ ਆਯੋਗ (1964-66) ਦੇ ਪ੍ਰਧਾਨ ਸਿਖਿਆਵਿਦ ਵਿਚ ਡਾ. ਦੌਲਤ ਸਿੰਘ ਕੋਠਾਰੀ ਨੇ ਅਪਣੀ ਅਪਣੀ ਰਿਪੋਰਟ ਵਿਚ ਲਿਖਿਆ ਸੀ ਕਿ ਬਾਲ ਸਾਹਿਤ ਪੜ੍ਹਣ ਨਾਲ ਬੱਚਿਆਂ ਦੀ ਗਿਆਨ ਸਬੰਧੀ ਭਾਵ ਭੂਮੀ ਵਿਸਤ੍ਰਿਤ ਹੁੰਦੀ ਹੈ ਅਤੇ ਦ੍ਰਿਸ਼ਟੀ ਗੋਚਰ ਹੋ ਰਹੇ ਵਾਤਾਵਰਣ ਦੇ ਪ੍ਰਤੀ ਉਹ ਅਧਿਕ ਸੰਵੇਦਨਸ਼ੀਲ ਹੋ ਜਾਂਦੇ ਹਨ। ਬੱਚਿਆਂ ਵਿਚ ਪ੍ਰਕ੍ਰਿਤੀ, ਪਰਿਵੇਸ਼ ਅਤੇ ਵਾਤਾਵਰਣ ਦੇ ਸਜੀਵ ਤੇ ਨਿਰਜੀਵ ਮੁੱਦਿਆਂ ਨੂੰ ਲੈ ਕੇ  ਜਗਿਆਸਾ ਅਤੇ ਜਿੰਮੇਵਾਰੀ ਦਾ ਭਾਵ ਪੈਦਾ ਹੁੰਦਾ ਹੈ। ਸਮਾਜਿਕ ਸਰੋਕਾਰਾਂ ਅਤੇ ਮਾਨਵੀਏ ਕੀਮਤਾਂ ਨਾਲ ਜੋੜਣ ਵਿਚ ਇਸ ਦੀ ਵਿਸ਼ੇਸ ਭੂਮਿਕਾ ਹੁੰਦੀ ਹੈ। ਇਹ ਜੋ ਪ੍ਰਾਈਵੇਟ ਸੈਕਟਰ ਦੀ ਸਿਖਿਆ ਨੇ ਢੇਰ ਸਾਰੇ ਨੰਬਰ ਲਿਆਉਣ ਦੀ ਹੋੜ ਪੈਦਾ ਕਰ ਦਿੱਤੀ ਹੈ ਇਹ ਮੂਲਤ ਸਿੱਖਿਆ ਵਿਚ ਇਕ ਨਕਾਰਾਤਮਿਕ ਦਖ਼ਲ ਅੰਦਾਜ਼ੀ ਹੈ। ਸਿਖਿਆ ਵਿਦ ਲੰਬੇ ਸਮੇਂ ਤੋਂ ਇਹ ਮਹਿਸੂਸ ਕਰਨ ਲੱਗੇ ਹਨ ਕਿ ਅੱਜ ਦੇ ਬੱਚਿਆਂ ਨੂੰ ਅਗਰ ਕੱਲ ਦਾ ਬਿਹਤਰ ਨਾਗਰਿਕ ਬਣਾਉਣਾ ਹੈ ਤਾਂ ਸੰਵੇਦਨਸ਼ੀਲ ਮਨੁੱਖ ਦੇ ਰੂਪ ਵਿਚ ਢਾਲਣਾ ਹੈ। ਉਨ੍ਹਾਂ ਦੇ ਅੰਦਰ ਸਾਮਾਜਿਕ ਅਤੇ ਸਮੂਦਾਇਕਤਾ ਦੇ ਗੁਣਾਂ ਦੀ ਪੁਨਰ ਸਥਾਪਨਾ ਕਰਨੀ ਹੈ ਤਾਂ ਸਿਖਿਆ ਅਤੇ ਬਾਲ ਸਾਹਿਤ ਦੇ ਵਿਚ ਜੋ ਦੂਰੀ ਵਧ ਗਈ ਹੈ, ਓਨੂੰ ਖ਼ਤਮ ਕਰਨਾ ਹੋਵੇਗਾ। ਬੱਚਿਆਂ ਨੂੰ ਐਸਾ ਮਾਹੌਲ ਦੇਣਾ ਹੋਵੇਗਾ, ਜਿੱਥੇ ਉਹ ਪੜ੍ਹਣ ਲਿਖਣ ਦੇ ਨਾਲ ਨਾਲ ਰਚਨਾਤਮਿਕ ਵੀ ਬਣਨ।

ਕਵੀ ਦਰਬਾਰ ਵਿਚ ਪਾਲ ਗੁਰਦਾਸਪੁਰੀ, ਬਿਸ਼ਨਦਾਸ, ਰਾਜ ਗੁਰਦਾਸਪੁਰੀ, ਅਸ਼ੋਕ ਚਿੱਤਰਵਾਰ, ਬਲਵਿੰਦਰ ਬਾਲਮ, ਮੱਸਾ ਸਿੰਘ ਐਡਵੋਕੇਟ, ਮੰਗਲਦੀਪ, ਗੁਰਮੁਖ ਸਿੰਘ, ਜੈਮਲ ਸਿੰਘ ਆਦਿ ਨੇ ਭਾਗ ਲਿਆ। ਮੰਚ ਸੰਚਾਲਨ ਦੇ ਫਰਜ਼ ਅਸ਼ੋਕ ਚਿੱਤਰਕਾਰ ਨੇ ਬਾਖੂਬੀ ਨਿਭਾਏ।

ਬਲਵਿੰਦਰ ਬਾਲਮ ਗੁਰਦਾਸਪੁਰ

98156-25409