Headlines

ਖੇਤੀ ਮੰਤਰੀ ਤੋਮਰ ਦੇ ਪੁੱਤਰ ਵਲੋਂ ਕਰੋੜਾਂ ਦੇ ਲੈਣ ਦੇਣ ਦੀਆਂ ਵਾਇਰਲ ਵੀਡੀਓਜ਼ ਨਾਲ ਉਠਿਆ ਸਿਆਸੀ ਤੂਫਾਨ

ਕੈਨੇਡਾ ਵਿਚ ਖਰੀਦੀ ਸੈਂਕੜੇ ਏਕੜ ਜ਼ਮੀਨ ਤੇ ਮਰਵਾਨਾ ਦੀ ਖੇਤੀ  ਵਿਚ ਭਾਈਵਾਲੀ ਦੇ ਦਾਅਵੇ-
ਐਬਸਫੋਰਡ ਨਿਵਾਸੀ ਜਗਮਨਦੀਪ ਸਿੰਘ ਦੇ ਦਾਅਵਿਆਂ ਦੀ ਚਰਚਾ-
-ਪੈਸੇ ਕੈਨੇਡਾ ਪਹੁੰਚਾਉਣ ਵਿਚ ਸਿੱਖ ਆਗੂ ਸਿਰਸਾ ਨੇ ਵੀ ਕੀਤੀ ਸਹਾਇਤਾ ?
 -ਇਕ ਐਲ ਐਮ ਆਈ ਵੇਚਣ ਦੇ ਕੇਸ ਨੇ ਕਹਾਣੀ ਨੂੰ ਕਿਵੇਂ ਦਿੱਤਾ ਮੋੜ-
-ਐਬਸਫੋਰਡ ( ਸੁਖਵਿੰਦਰ ਸਿੰਘ ਚੋਹਲਾ )-ਭਾਰਤ ਵਿਚ ਛਤੀਸਗੜ,ਤਿਲੰਗਾਨਾ, ਮੱਧ ਪ੍ਰਦੇਸ਼ ਤੇ ਰਾਜਸਥਾਨ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਦੌਰਾਨ ਜਿਥੇ ਭਾਜਪਾ ਤੇ ਕਾਂਗਰਸ ਵਿਚਾਲੇ 2024 ਦੀਆਂ ਲੋਕ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਲੜਾਈ ਲੜੀ ਜਾ ਰਹੀ ਹੈ, ਉਥੇ ਪਹਿਲੀ ਵਾਰ ਭ੍ਰਿਸ਼ਟਾਚਾਰ ਤੇ ਪਰਿਵਾਰਵਾਦ ਖਿਲਾਫ ਕਾਂਗਰਸ ਨੂੰ ਨਿਸ਼ਾਨਾ ਬਣਾਉਣ ਵਾਲੀ ਪਾਰਟੀ ਭਾਜਪਾ ਆਪਣੇ ਮੰਤਰੀਆਂ ਤੇ ਨੇਤਾਵਾਂ ਵਲੋਂ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਲਈ ਸਵਾਲਾਂ ਵਿਚ ਘਿਰੀ ਹੈ। ਪ੍ਰਧਾਨ ਮੰਤਰੀ ਮੋਦੀ ਜਿਹਨਾਂ ਦਾ ਇਹ ਨਾਅਰਾ ਰਿਹਾ ਹੈ ਨਾ ਖਾਊਂਗਾ ਨਾ ਕਿਸੀ ਕੋ ਖਾਨੇ ਦੂੰਗਾ ਨੂੰ ਲੈਕੇ ਵਿਰੋਧੀ ਪਾਰਟੀਆਂ ਉਹਨਾਂ ਨੂੰ ਹੀ ਸਵਾਲ ਕਰ ਰਹੀਆਂ ਹਨ।
ਇਸ ਦੌਰਾਨ ਕਿਸਾਨ ਅੰਦੋਲਨ ਦੇ ਸਮੇਂ ਚਰਚਾ ਵਿਚ ਰਹਿਣ ਵਾਲੇ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਪੁੱਤਰ ਦਵਿੰਦਰ ਤੋਮਰ ਉਤੇ ਹਵਾਲਾ ਜ਼ਰੀਏ 500 ਕਰੋੜ ਰੁਪਏ ਦੇ ਲੈਣ ਦੇਣ ਦੀ ਗੱਲਬਾਤ ਦੀਆਂ ਦੋ ਵੀਡੀਓ ਵਾਇਰਲ ਹੋਣ ਨਾਲ ਭਾਰਤੀ ਸਿਆਸਤ ਵਿਚ ਵੱਡਾ ਤੂਫਾਨ ਉਠ ਖੜਾ ਹੋਇਆ ਹੈ। ਕਾਂਗਰਸ ਤੇ ਹੋਰ ਸਿਆਸੀ ਧਿਰਾਂ ਭਾਜਪਾ ਅਤੇ ਪ੍ਰਧਾਨ ਮੰਤਰੀ ਉਪਰ ਤਿੱਖੇ ਵਾਰ ਕਰ ਰਹੀਆਂ ਹਨ । ਉਹ ਸਵਾਲ ਕਰ ਰਹੇ ਹਨ ਕਿ ਵਿਰੋਧੀ ਪਾਰਟੀਆਂ ਦੇ ਆਗੂਆਂ ਖਿਲਾਫ ਕਿਸੇ ਨਿੱਕੀ ਜਿਹੀ ਵੀਡੀਓ ਨੂੰ ਆਧਾਰ ਬਣਾਕੇ ਜੇ ਕਾਰਵਾਈ ਕੀਤੀ ਜਾ ਸਕਦੀ ਹੈ ਤਾਂ ਹੁਣ ਭਾਜਪਾ ਮੰਤਰੀ ਖਿਲਾਫ ਇਹ ਕਾਰਵਾਈ ਕਿਉਂ ਨਹੀਂ। ਭਾਜਪਾ ਹਾਈਕਮਾਨ ਨੇ ਭਾਵੇਂ ਇਹਨਾਂ ਦੋਸ਼ਾਂ ਦਾ ਕੋਈ ਜਵਾਬ ਨਹੀ ਦਿੱਤਾ ਪਰ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਜਿਹਨਾਂ ਨੇ ਆਪਣੇ ਲੋਕ ਸਭਾ ਹਲਕੇ ਮੁਰੈਨਾ ਅਧੀਨ ਆਉਂਦੇ ਵਿਧਾਨ ਸਭਾ ਹਲਕੇ ਦਿਮਨੀ ਤੋਂ ਚੋਣ ਲੜ ਰਹੇ ਹਨ, ਦਾ ਕਹਿਣਾ ਹੈ ਕਿ ਇਹ ਉਹਨਾਂ ਤੇ ਉਹਨਾਂ ਦੇ ਪਰਿਵਾਰ ਖਿਲਾਫ ਵਿਰੋਧੀਆਂ ਦੀ ਇਕ ਗਹਿਰੀ ਸਾਜਿਸ਼ ਹੈ। ਉਹਨਾਂ ਇਹਨਾਂ ਵੀਡੀਓਜ਼ ਨੂੰ ਝੂਠ ਕਰਾਰ ਦਿੰਦਿਆਂ ਟਵੀਟ ਵੀ ਕੀਤਾ ਤੇ ਉਹਨਾਂ ਦੇ ਪੁੱਤਰ ਦਵਿੰਦਰ ਪ੍ਰਤਾਪ ਸਿੰਘ ਤੋਮਰ ਵਲੋਂ ਪੁਲਿਸ ਥਾਣੇ ਵਿਚ ਰਿਪੋਰਟ ਦਰਜ ਕਰਵਾਈ ਗਈ ਹੈ।
ਦੇਸ ਪ੍ਰਦੇਸ਼ ਟਾਈਮਜ਼ ਵਲੋਂ ਐਬਸਫੋਰਡ ਵਾਸੀ ਤੇ ਕਾਰੋਬਾਰੀ ਜਗਮਨਦੀਪ ਸਿੰਘ ਸਮਰਾ ਨਾਲ ਇਕ ਵਿਸ਼ੇਸ਼ ਗੱਲਬਾਤ ਦੌਰਾਨ ਉਸਨੇ ਵਾਇਰਲ ਹੋਈਆਂ ਇਹਨਾਂ ਵੀਡੀਓਜ਼ ਦੀ ਸਚਾਈ ਬਿਆਨ ਕਰਦਿਆਂ ਦਾਅਵਾ ਕੀਤਾ ਹੈ ਕਿ ਇਹ ਵੀਡੀਓਜ਼ ਝੂਠੀਆਂ ਨਹੀ ਬਲਕਿ ਅਸਲੀ ਹਨ। ਉਹਨਾਂ ਦਾ ਕਹਿਣਾ ਹੈ ਕਿ ਖੇਤੀ ਮੰਤਰੀ ਤੋਮਰ ਦੇ ਪੁੱਤਰ ਦਵਿੰਦਰ ਤੋਮਰ ਨਾਲ ਹਵਾਲਾ ਦੇ ਕਰੋੜਾਂ ਰੁਪਏ ਦੇ ਲੈਣ ਦੇਣ ਦੀ ਗੱਲਬਾਤ ਸਬੰਧੀ ਕੁਲ 7 ਵੀਡੀਓਜ਼ ਹਨ। ਉਸਨੇ ਇਹਨਾਂ ਵੀਡੀਓਜ ਉਪਰ ਸਵਾਲ ਕਰਨ ਵਾਲੇ ਲੋਕਾਂ ਅਤੇ ਮੀਡੀਆ ਨੂੰ ਚੁਣੌਤੀ ਦਿੱਤੀ ਹੈ ਕਿ ਆਪਣੀ ਗੱਲ ਦੇ ਸਮਰਥਨ ਵਿਚ ਹਰ ਸਬੂਤ ਦੇਣ ਨੂੰ ਤਿਆਰ ਹੈ।
ਜਗਮਨਦੀਪ ਸਿੰਘ ਨੇ ਇਹਨਾਂ ਦੋ ਵੀਡੀਓਜ਼ ਦੇ ਜਾਰੀ ਹੋਣ ਉਪਰੰਤ ਖੁਦ ਸੋਸ਼ਲ ਮੀਡੀਆ ਉਪਰ ਤੀਸਰੀ ਵੀਡੀਓ ਰਾਹੀਂ ਖੇਤੀ ਮੰਤਰੀ ਤੋਮਰ ਦੇ ਦੋਵਾਂ ਪੁੱਤਰਾਂ ਤੇ ਪਰਿਵਾਰ ਨਾਲ ਆਪਣੀ ਨੇੜਤਾ ਦਾ ਖੁਲਾਸਾ ਕਰਦਿਆਂ ਦੱਸਿਆ ਹੈ ਕਿ ਕਿਵੇਂ ਉਹ ਕੋਵਿਡ ਲਾਕਡਾਊਨ ਦੌਰਾਨ ਲਗਪਗ ਤਿੰਨ ਮਹੀਨੇ ਦਿੱਲੀ ਸਥਿਤ ਮੰਤਰੀ ਦੀ ਕੋਠੀ ਵਿਚ ਰਿਹਾ ਤੇ ਪਰਿਵਾਰ ਵਲੋਂ ਉਸਨੂੰ ਆਉਣ ਜਾਣ ਲਈ ਸਰਕਾਰੀ ਗੱਡੀ ਤੇ ਡਰਾਈਵਰ ਦੀ ਸਹੂਲਤ ਦਿੱਤੀ ਗਈ। ਉਹ ਤੋਮਰ ਪਰਿਵਾਰ ਦੀ ਨੂੰਹ ਲਈ ਮਹਿੰਗੇ ਤੋਹਫੇ ਵੀ ਭੇਜਦਾ ਰਿਹਾ। ਉਸਦਾ ਦਾਅਵਾ ਹੈ ਕਿ ਖੇਤੀ ਮੰਤਰੀ ਤੋਮਰ ਦੇ ਪੁੱਤਰ ਦਵਿਦਰ ਤੋਮਰ ਨੇ ਉਸਦੀ ਸਹਾਇਤਾ ਨਾਲ ਕਿਵੇਂ ਕਰੋੜਾਂ ਰੁਪਏ ਹਵਾਲਾ ਰਾਹੀਂ ਕੈਨੇਡਾ ਲਿਆਂਦੇ ਤੇ ਨਿਊ ਬਰੰਸਵਿਕ ਵਿਚ 100 ਏਕੜ ਦਾ ਫਾਰਮ ਖਰੀਦਿਆ ਗਿਆ ਜਿਸ ਉਪਰ ਮਰਵਾਨਾ ਦੀ ਖੇਤੀ ਲਈ ਪਲਾਂਟ ਵੀ ਲਗਾਇਆ ਗਿਆ ਹੈ। ਭਾਵੇਂਕਿ ਉਸਦਾ ਦਾਅਵਾ ਹੈ ਕਿ ਹਵਾਲੇ ਰਾਹੀ ਕੈਨੇਡਾ ਵਿਚ 100-200 ਕਰੋੜ ਜਾਂ 500 ਕਰੋੜ ਰੁਪਏ ਨਹੀ ਬਲਕਿ ਹਜਾਰਾਂ ਕਰੋੜਾਂ ਦਾ ਕਾਰੋਬਾਰ ਕੀਤਾ ਗਿਆ ਹੈ। ਪਰ ਕੋਲ ਉਹ ਸਬੂਤ ਹਨ ਜੋ ਇਹ ਬਿਆਨ ਕਰਦੇ ਹਨ ਕਿ ਦਵਿੰਦਰ ਤੋਮਰ ਨੇ ਇਕੱਲਾ ਉਸਦੇ ਰਾਹੀਂ ਹੀ ਲਗਪਗ 650 ਕਰੋੜ ਰੁਪਏ ਕੈਨੇਡਾ ਵਿਚ ਉਸਦੇ ਦੋ ਬੈਂਕ ਖਾਤਿਆਂ- ਆਰ ਬੀ ਸੀ ਅਤੇ ਆਈ ਸੀ ਆਈ ਸੀ ਆਈ ਬੈਂਕ ਰਾਹੀਂ ਭੇਜੇ। ਉਸਨੇ ਆਪਣੇ ਬੈਂਕ ਖਾਤਿਆਂ ਦੀ ਤਫਸੀਲ ਦਸਦਿਆਂ ਖੁਲਾਸਾ ਕੀਤਾ ਹੈ ਕਿ 100 ਕਰੋੜ ਦੇ ਕਰੀਬ ਉਸਨੂੰ ਵਾਇਰ ਰਾਹੀਂ ਭਾਜਪਾ ਆਗੂ ਤੇ ਉਸ ਸਮੇਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰਹੇ ਸ ਮਨਜਿੰਦਰ ਸਿੰਘ ਸਿਰਸਾ ਰਾਹੀਂ ਵੀ ਪ੍ਰਾਪਤ ਹੋਏ ਹਨ। ਇਸ ਮਕਸਦ ਲਈ ਉਸਨੇ ਕਰੋਨਾ ਕਾਲ ਦੌਰਾਨ ਆਕਸੀਜਨ ਕੰਨਸਨਟਰੇਟਰ ਤੇ ਹੋਰ ਮੈਡੀਕਲ ਉਪਕਰਣ ਦੇ ਬਿਲ ਬਣਾਏ ਜਿਹਨਾਂ ਦੇ ਆਧਾਰ ਤੇ ਇਹ ਪੈਸੇ ਉਸਦੇ ਖਾਤਿਆਂ ਵਿਚ ਤਬਦੀਲ ਹੋਏ। ਉਸਦਾ ਦਾਅਵਾ ਹੈ ਕਿ ਤੋਮਰ ਪਰਿਵਾਰ  ਜਾਂ ਜੋਰਜੀਆ ਵਿਚ ਵਸਦੇ ਤੋਮਰ ਭਰਾਵਾਂ ਦੇ ਕਜ਼ਨ ਰੋਹਿਤ ਬਈਆ ( ਤੋਮਰ) ਵਲੋਂ ਜੋ ਵੀ ਕੈਨੇਡਾ ਵਿਚ ਜ਼ਮੀਨ ਖਰੀਦਣ ਜਾਂ  ਕਾਰੋਬਾਰ ਕਰਨ ਲਈ  ਪੈਸਾ ਹਵਾਲਾ ਰਾਹੀਂ ਲਿਆਂਦਾ ਗਿਆ ਹੈ, ਉਸਦੇ ਉਸ ਪਾਸ ਪੱਕੇ ਸਬੂਤ ਹਨ।  ਨਿਊ ਬਰੰਸਵਿਕ ਵਿਚ ਇਕ ਕੰਪਨੀ ਦੇ ਨਾਮ ਪਹਿਲਾਂ 100 ਏਕੜ ਜ਼ਮੀਨ ਖਰੀਦੀ ਗਈ ਸੀ ਜੋ ਸ਼ਾਇਦ ਹੁਣ 750 ਏਕੜ ਦੇ ਕਰੀਬ ਹੈ। ਉਸ ਜਮੀਨ ਉਪਰ ਮਰਵਾਨਾ ਦੀ ਖੇਤੀ ਅਤੇ ਪਲਾਂਟ ਵੀ ਲੱਗਾ ਹੋਇਆ ਹੈ।
ਤੋਮਰ ਪਰਿਵਾਰ ਨਾਲ ਸਾਂਝ ਕਿਵੇਂ ਪਈ-
ਜਗਮਨਦੀਪ ਸਿੰਘ ਦਾ ਕਹਿਣਾ ਹੈ ਕਿ ਉਸਦਾ ਐਬਸਫੋਰਡ ਤੇ ਚਿਲਾਵੈਕ ਵਿਚ ਬਲੂ ਬੇਰੀ ਤੇ ਮਰਵਾਨਾ ਦੀ ਖੇਤੀ ਦੀ ਕਾਰੋਬਾਰ ਹੈ। ਉਹ ਅਕਸਰ ਫੇਸਬੁੱਕ ਅਤੇ ਇੰਸਟਰਾਗਰਾਮ ਉਪਰ ਆਪਣੇ ਕਾਰੋਬਾਰ ਤੇ ਆਪਣੇ ਨਿੱਜੀ ਸ਼ੌਕ ਜਿਹਨਾਂ ਵਿਚ ਹਥਿਆਰ ਅਤੇ ਚੰਗੀ ਨਸਲ ਦੇ ਕੁੱਤੇ ਸ਼ਾਮਿਲ ਹਨ, ਦੀਆਂ ਤਸਵੀਰਾਂ ਪਾਉਂਦਾ ਰਹਿੰਦਾ ਸੀ। ਇਂਸਟਾਗਰਾਮ ਦੇ ਜਰੀਏ ਹੀ ਉਸਦੀ ਖੇਤੀ ਮੰਤਰੀ ਤੋਮਰ ਦੇ ਛੋਟੇ ਬੇਟੇ ਪ੍ਰਬਲ ਪ੍ਰਤਾਪ ਸਿੰਘ ਨਾਲ ਪਛਾਣ  ਹੋਈ। ਉਹ ਇੰਡੀਆ ਗਿਆ ਤਾਂ ਕਈ ਮਹਿੰਗੇ ਤੋਹਫੇ  ਪ੍ਰਬਲ ਤੇ ਪਰਿਵਾਰ ਲਈ ਲੈਕੇ ਗਿਆ। ਜਾਣ ਪਛਾਣ ਦੋਸਤੀ ਵਿਚ ਬਦਲ ਗਈ ਤੇ ਪ੍ਰਬਲ ਨੇ ਉਸਨੂੰ ਆਪਣੇ ਵੱਡੇ ਭਰਾ ਦਵਿੰਦਰ ਤੋਮਰ ਨਾਲ ਮਿਲਾਇਆ। ਦਵਿੰਦਰ ਤੋਮਰ ਨੇ ਮੇਲ ਜੇਲ ਦੌਰਾਨ ਕੈਨੇਡਾ ਵਿਚ ਜ਼ਮੀਨ ਖਰੀਦਣ ਤੇ ਮਰਵਾਨਾ ਦੀ ਖੇਤੀ ਵਿਚ ਪੈਸਾ ਲਗਾਉਣ ਦੀ ਇੱਛਾ ਪ੍ਰਗਟ ਕੀਤੀ ਤੇ ਇਸ ਤਰਾਂ ਉਹਨਾਂ ਦੇ ਕਾਰੋਬਾਰੀ ਸਬੰਧ ਬਣ ਗਏ। ਉਸਦਾ ਕਹਿਣਾ ਹੈ ਕਿ ਉਸਨੂੰ ਹਵਾਲੇ ਦੀ ਰਕਮ, ਜ਼ਮੀਨ ਖਰੀਦਣ ਅਤੇ ਪਲਾਂਟ ਸਥਾਪਿਤ ਕਰਨ ਵਿਚ ਸਹਿਯੋਗ ਕਰਨ ਲਈ ਪੂਰਾ ਕਮਿਸ਼ਨ ਮਿਲਿਆ ਹੈ।
ਤੋਮਰ ਪਰਿਵਾਰ ਨਾਲ ਕਿਉਂ ਵਿਗੜੀ-
ਜਦੋਂ ਜਗਮਨਦੀਪ ਸਿੰਘ ਦੀ ਭਾਰਤ ਦੇ ਖੇਤੀ ਮੰਤਰੀ ਅਤੇ ਸਰਕਾਰੇ ਦਰਬਾਰੇ ਪਹੁੰਚ ਵਾਲੇ ਪਰਿਵਾਰ ਨਾਲ ਇਤਨੀ ਨੇੜਤਾ ਬਣ ਗਈ ਸੀ। ਉਹ ਕਾਰੋਬਾਰੀ ਭਾਈਵਾਲ ਤੇ ਰਾਜ਼ਦਾਰ ਵੀ ਸੀ ਤਾਂ ਫਿਰ ਤੋਮਰ ਪਰਿਵਾਰ ਨਾਲ ਇਹ ਦੁਸ਼ਮਣੀ ਮੁੱਲ ਲੈਣ ਵਾਲਾ ਕਦਮ ਕਿਉਂ। ਉਸਦਾ ਸਪੱਸ਼ਟ ਜਵਾਬ ਹੈ ਕਿ ਤੋਮਰ ਭਰਾਵਾਂ ਤੋਂ ਭਾਵੇਂ ਉਸਨੇ ਪੈਸਾ ਕਮਾਇਆ ਪਰ ਜਦੋਂ ਉਸ ਉਪਰ ਮੁਸੀਬਤ ਬਣੀ ਤਾਂ ਉਹਨਾਂ ਦਾ ਵਿਹਾਰ ਬਹੁਤ ਮਾੜਾ ਰਿਹਾ । ਉਹ ਐਬਸਫੋਰਡ ਵਿਚ ਕਾਰੋਬਾਰੀ ਹੋਣ ਕਾਰਣ ਹਰ ਸਾਲ ਵਿਦੇਸ਼ੀ ਕਾਮਿਆਂ ਲਈ ਐਲ ਐਮ ਆਈ ਅਪਲਾਈ ਕਰਦੇ ਤੇ ਕਾਮੇ ਮੰਗਵਾਉਂਦੇ ਹਨ। ਉਹਨਾਂ ਦਾ ਇਹ ਕੰਮ ਜਿਸ ਇਮੀਗ੍ਰੇਸ਼ਨ ਕੰਪਨੀ ਕਰਦੀ ਹੈ, ਉਸ ਵਲੋਂ ਵੇਚੀਆਂ ਗਈਆਂ ਐਲ ਐਮ ਆਈ ਕਾਰਣ ਹੀ ਉਸ ਉਪਰ ਵੱਡੀ ਬਿਪਤਾ ਬਣੀ। ਉਸਨੇ ਦੱਸਿਆ ਕਿ ਜਲੰਧਰ ਦੀ ਇਕ ਕੰਪਨੀ ਵਲੋਂ ਤਲਵੰਡੀ ਭਾਈ ਦੇ ਇਕ ਵਿਅਕਤੀ ਜਗਸੀਰ ਸਿੰਘ ਨੂੰ ਇਕ ਐਲ ਐਮ ਆਈ ਵੇਚੀ ਗਈ। ਉਸਦਾ ਕੈਨੇਡਾ ਦਾ ਵੀਜਾ ਨਹੀ ਲੱਗਾ। ਜਿਸ ਕਾਰਣ ਜਗਸੀਰ ਸਿੰਘ ਨੇ ਏਜੰਟ ਖਿਲਾਫ ਕੇਸ ਦਰਜ ਕਰਵਾ ਦਿੱਤਾ। ਐਲ ਐਮ ਆਈ ਕਿਉਂਕਿ ਮੇਰੀ ਕੰਪਨੀ ਦੀ ਤਰਫੋ ਸੀ ਜਿਸ ਕਾਰਣ ਪੁਲਿਸ ਨੇ ਮੇਰੇ ਖਿਲਾਫ ਵੀ ਕੇਸ ਦਰਜ ਕਰ ਦਿੱਤਾ। ਮੈਂ ਇਸ ਕੇਸ ਤੋਂ ਅਣਜਾਣ ਸਾਂ ਪਰ ਪੁਲਿਸ ਦੀਆਂ ਫਾਈਲਾਂ ਵਿਚ ਮੈਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ। ਇਸ ਦੌਰਾਨ ਜਦੋਂ ਮੈਂ ਇੰਡੀਆ ਆਇਆ ਤਾਂ ਮੈਨੂੰ ਦਿੱਲੀ ਏਅਰਪੋਰਟ ਉਪਰ 20 ਜੂਨ 2021 ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੈਨੂੰ ਫਰੀਦਕੋਟ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇਸ ਦੌਰਾਨ ਮੈਂ ਤੋਮਰ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਮੇਰੇ ਤੋਂ ਅੱਖਾਂ ਫੇਰ ਲਈਆਂ। ਪੁਲਿਸ ਵਲੋਂ ਮੇਰੇ ਖਿਲਾਫ ਦਰਜ ਕੀਤੇ 420 ਤੇ 420 ਬੀ ਦੇ ਕੇਸ ਕਾਰਣ ਮੈਨੂੰ ਟਰਾਇਲ ਦੌਰਾਨ ਹੀ ਲਗਪਗ 9 ਮਹੀਨੇ ਜੇਲ ਵਿਚ ਕੱਟਣੇ ਪਏ । ਪਰ ਇਸ ਦੌਰਾਨ ਤੋਮਰ ਭਰਾਵਾਂ ਨੇ ਮੇਰੀ ਕੋਈ ਮਦਦ ਨਹੀ ਕੀਤੀ।
ਪੁਲਿਸ ਹਿਰਾਸਤ ਚੋ ਫਰਾਰ-
ਫਰੀਦਕੋਟ ਜੇਲ ਵਿਚ ਸਿਹਤ ਅਚਾਨਕ ਵਿਗੜ ਜਾਣ ਕਾਰਣ ਉਸਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਉਸਨੂੰ ਜੇਲ ਪੁਲਿਸ ਵਲੋਂ ਹਸਪਤਾਲ ਵਿਚ 23 ਦਸੰਬਰ 2021 ਨੂੰ ਦਾਖਲ ਕਰਵਾਇਆ ਗਿਆ । ਉਸਨੇ ਹਸਪਤਾਲ ਵਿਚ ਇਲਾਜ ਦੌਰਾਨ ਪੁਲਿਸ ਗ੍ਰਿਫਤ ਚੋਂ ਭੱਜਣ ਦਾ ਮਨ ਬਣਾ ਲਿਆ। ਉਸਦੇ ਪਹਿਲੀ ਫਰਵਰੀ 2022 ਨੂੰ ਸਵੇਰੇ 7.30 ਵਜੇ ਹਸਪਤਾਲ ਚੋ ਭੱਜਣ ਦੀ ਕਹਾਣੀ ਬਹੁਤ ਹੀ ਰੌਚਕ ਤੇ ਦਿਲ ਵਧਾਊ ਹੈ। ਹਸਪਤਾਲ ਵਿਚ ਪੁਲਿਸ ਹਿਰਾਸਤ ਚੋ ਭਗੌੜਾ ਹੋਣ ਉਪਰੰਤ ਉਹ ਜਿਵੇਂ ਕਿਵੇ ਨੇਪਾਲ ਪੁੱਜ ਗਿਆ। ਨੇਪਾਲ ਵਿਚ ਕੈਨੇਡੀਅਨ ਅੰਬੈਸੀ ਤੋਂ ਟਰੈਵਲ ਡਾਕੂਮੈਂਟ ਪ੍ਰਾਪਤ ਕਰਕੇ ਆਖਰ ਉਹ 4 ਅਪ੍ਰੈਲ 2022 ਨੂੰ ਕੈਨੇਡਾ ਪਰਤਣ ਵਿਚ ਸਫਲ ਰਿਹਾ।
ਵੀਡੀਓ ਕਿਵੇਂ ਲੀਕ ਹੋਈ-
 ਉਸਦਾ ਕਹਿਣਾ ਹੈ ਕਿ ਉਸਨੇ ਖੇਤੀ ਮੰਤਰੀ ਤੋਮਰ ਦੇ ਪੁੱਤਰ ਦਵਿੰਦਰ ਤੋਮਰ ਨਾਲ ਕਰੋੜਾਂ ਦੇ ਕਾਰੋਬਾਰ ਵਾਲੀ ਵੀਡੀਓ ਰਿਕਾਰਡ ਤਾਂ ਜ਼ਰੂਰ ਕੀਤੀ ਸੀ ਪਰ ਵਾਇਰਲ ਉਸਨੇ ਨਹੀ ਕੀਤੀ। ਉਸਦਾ ਕਹਿਣਾ ਹੈ ਕਿ ਜਦੋਂ ਦਿੱਲੀ ਏਅਰਪੋਰਟ ਅਥਾਰਟੀ ਵਲੋਂ ਉਸਨੂੰ 20 ਜੂਨ 2021 ਨੂੰ ਫਰੀਦਕੋਟ ਪੁਲਿਸ ਦੇ ਹਵਾਲੇ ਕੀਤਾ ਗਿਆ ਸੀ ਤਾਂ ਪੁਲਿਸ ਵਲੋਂ ਉਸਦਾ ਬਟੂਆ ਜਿਸ ਵਿਚ 8000 ਡਾਲਰ ਨਗਦ, ਆਈ ਫੋਨ 8 ਅਤੇ ਇਕ ਮੁੰਦਰੀ ਸੀ, ਰਖਾ ਲਏ। ਫੋਨ ਨੰਬਰ 604-889-5356 ਸੀ। ਉਸਦਾ ਕਹਿਣਾ ਹੈ ਕਿ ਉਸਦੀਆਂ ਇਹ ਸਾਰੀਆਂ ਵਸਤਾਂ ਐਸ ਆਈ ਲਖਬੀਰ ਸਿੰਘ ਕੋਲ ਸਨ। ਉਸਦੇ ਪੁਲਿਸ ਹਿਰਾਸਤ ਚੋ ਫਰਾਰ ਹੋਣ ਉਪਰੰਤ ਉਸਨੂੰ ਇਹਨਾਂ ਵਸਤਾਂ ਬਾਰੇ ਕੋਈ ਜਾਣਕਾਰੀ ਨਹੀ ਕਿ ਉਹ ਕਿਥੇ ਸਨ। ਹੁਣ ਜਦੋਂ ਦਵਿੰਦਰ ਤੋਮਰ ਦੀ ਕਰੋੜਾਂ ਦੇ ਹਵਾਲਾ ਕਾਰੋਬਾਰ ਬਾਰੇ ਵੀਡੀਓ ਵਾਇਰਲ ਹੋਈ ਹੈ ਤਾਂ ਉਸਦਾ ਮੰਨਣਾ ਹੈ ਕਿ ਉਹ ਵੀਡੀਓ ਪੁਲਿਸ ਦੇ ਕਬਜੇ ਵਿਚ ਪਏ ਮੇਰੇ ਆਈ ਫੋਨ ਚੋ ਹੀ ਜਾਰੀ ਕੀਤੀ ਗਈ ਹੈ। ਉਸਦਾ ਕਹਿਣਾ ਹੈ ਕਿ ਤੋਮਰ ਪਰਿਵਾਰ ਵਲੋਂ ਉਸਦੀ ਬਿਪਤਾ ਵੇਲੇ ਮਦਦ ਨਾ ਕਰਨ ਕਾਰਣ ਉਹ ਪਹਿਲਾਂ ਹੀ ਖਫੇ ਸੀ, ਹੁਣ ਇਹ ਵੀਡੀਓ ਜਾਰੀ ਹੋਣ ਨਾਲ ਉਸਨੂੰ ਆਪਣਾ ਬਦਲਾ ਲੈਣ ਦਾ ਇਕ ਮੌਕਾ ਮਿਲਿਆ ਹੈ। ਉਸਨੇ ਤੋਮਰ ਪਰਿਵਾਰ ਅਤੇ ਭਾਜਪਾ ਸਰਕਾਰ ਨੂੰ ਭ੍ਰਿਸ਼ਟਾਚਾਰ ਤੇ ਹਵਾਲਾ ਦੇ ਦੋਸ਼ਾਂ ਦੇ ਵੱਡੇ ਸਕੈਂਡਲ ਵਿਚ ਬੇਨਕਾਬ ਕੀਤੇ ਜਾਣ ਲਈ ਕਿਸੇ ਵੀ ਸਿਆਸੀ ਧਿਰ, ਕਿਸੇ ਵੱਡੇ ਆਗੂ ਦੇ ਹੱਥ ਹੋਣ ਜਾਂ ਲਾਲਚ ਵਿਚ ਆਉਣ ਤੋਂ ਇਨਕਾਰ ਕੀਤਾ ਹੈ। ਜਗਮਨਦੀਪ ਸਿੰਘ ਦਾ ਦਾਅਵਾ ਹੈ ਕਿ ਉਸ ਵਲੋਂ ਕੀਤੇ ਗਏ ਖੁਲਾਸੇ ਵਿਚ ਰਤਾ ਭਰ ਵੀ ਝੂਠ ਨਹੀ ਤੇ ਮੰਤਰੀ ਦੇ ਪੁੱਤਰ ਨਾਲ ਰਿਕਾਰਡ ਗੱਲਬਾਤ ਜਾਂ ਵੀਡੀਓ ਬਿਲਕੁਲ ਅਸਲੀ ਹਨ ਪਰ ਇਹ ਤਾਂ ਹੁਣ ਸਮਾਂ ਹੀ ਦੱਸੇਗਾ ਕਿ ਸਰਕਾਰ ਇਹਨਾਂ ਵੀਡੀਓਜ ਦੀ ਜਾਂਚ ਕਰਵਾਉਂਦੀ ਹੈ ਜਾਂ ਨਹੀ। ਫੌਰੈਂਸਿਕ ਲੈਬ ਦੁਆਰਾ ਜਾਂਚ ਨਾਲ ਹੀ ਇਹਨਾਂ ਦਾਅਵਿਆਂ ਦੀ ਅਸਲੀਅਤ ਦਾ ਪਤਾ ਲੱਗ ਪਾਏਗਾ। ਪਰ ਇਸ ਸੱਚ ਤੋਂ ਸ਼ਾਇਦ ਕੋਈ ਇਨਕਾਰੀ ਨਹੀ ਕਿ ਭਾਰਤ ਦੇ ਵੱਡੇ ਸਿਆਸੀ ਆਗੂ, ਨੌਕਰਸ਼ਾਹ ਅਤੇ ਹੋਰ ਵੱਡੇ ਕਾਰੋਬਾਰੀ ਕਰੋੜਾਂ-ਅਰਬਾਂ ਡਾਲਰ ਹਵਾਲਾ ਰਾਹੀਂ ਕੈਨੇਡਾ ਅਤੇ ਹੋਰ ਮੁਲਕਾਂ ਵਿਚ ਲਿਆਉਂਦੇ ਤੇ ਕਾਰੋਬਾਰ ਵਿਚ ਇਨਵੈਸਟ ਕਰਦੇ ਹਨ। ਉਹਨਾਂ ਦੀਆਂ ਬੇਨਾਮੀ ਜਾਇਦਾਦਾਂ ਦੀ ਆਖਰ ਕੋਈ ਤਾਂ ਸਾਂਭ ਸੰਭਾਲ ਕਰ ਰਿਹਾ ਹੈ। ਕੈਨੇਡਾ ਵਿਚ ਇਮੀਗ੍ਰੇਸ਼ਨ ਅਤੇ ਪੱਕੇ ਹੋਣ ਲਈ ਐਲ ਐਮ ਆਈ ਲੈਟਰਾਂ ਦਾ ਲੱਖਾਂ ਡਾਲਰ ਵਿਚ ਖਰੀਦ ਵੇਚ ਦਾ ਧੰਦਾ ਵੀ ਕਿਸੇ ਤੋਂ ਛੁਪਿਆ ਨਹੀਂ।

ਕੌਣ ਹੈ ਜਗਮਨਦੀਪ ਸਿੰਘ-

ਭਾਰਤੀ ਸਿਆਸਤ ਵਿਚ ਵੱਡਾ ਭੂਚਾਲ ਖੜਾ ਕਰਨ ਵਾਲਾ ਜਗਮਨਦੀਪ ਸਿੰਘ ਕੌਣ ਹੈ। ਕੌਣ ਹੈ ਇਹ ਸਖਸ਼ ਜਿਸ ਰਾਹੀਂ ਇਕ ਵੱਡੇ ਭਾਰਤੀ ਸਿਆਸਤਦਾਨ, ਪ੍ਰਧਾਨ ਮੰਤਰੀ ਮੋਦੀ ਦੇ ਖਾਸਮਖਾਸ ਮੰਤਰੀ ਦੇ ਪਰਿਵਾਰ ਵਲੋਂ ਕਰੋੜਾਂ ਰੁਪਏ ਹਵਾਲਾ ਰਾਹੀਂ ਕੈਨੇਡਾ ਪਹੁੰਚਾਏ ਤੇ ਉਸ ਨਾਲ ਮਰਵਾਨਾ ਦੀ ਖੇਤੀ ਦੇ ਕਾਰੋਬਾਰ ਵਿਚ ਸਾਂਝ ਭਿਆਲੀ ਪਾਈ। ਉਸਦੀ ਕੈਨੇਡਾ ਵਿਚ ਕੰਪਨੀ ਅਤੇ ਉਸਦੇ ਆਪਣੇ  ਜਗਮਨਦੀਪ ਸਿੰਘ  ਦੇ ਨਾਮ ਹੇਠ ਦੋ ਬੈਂਕ ਅਕਾਉਂਟਾਂ ਵਿਚ 500 ਕਰੋੜ ਤੋਂ ਉਪਰ ਦੇ ਫੰਡ ਟਰਾਂਸਫਰ ਹੋਏ। ਉਸਨੇ ਭਾਰਤ ਦੇ ਇਕ ਵੱਡੇ ਸਿਆਸੀ ਪਰਿਵਾਰ ਨਾਲ ਸਬੰਧ ਸਥਾਪਿਤ ਕੀਤੇ, ਰਾਜਧਾਨੀ ਦਿੱਲੀ, ਗਵਾਲੀਅਰ ਤੋਂ  ਲੈਕੇ ਪਰਿਵਾਰ ਦੀਆਂ ਸ਼ਾਹੀ ਸਹੂਲਤਾਂ ਦਾ ਆਨੰਦ ਮਾਣਿਆ, ਪੈਸਾ ਕਮਾਇਆ ਤੇ ਫਿਰ ਉਸੇ ਪਰਿਵਾਰ ਦੇ ਖਿਲਾਫ ਸੁਲਤਾਨੀ ਗਵਾਹ ਵਾਂਗ ਉਠ ਖੜਾ ਹੋਇਆ। ਉਸਦੇ ਕਾਰੋਬਾਰ,ਸਬੰਧਾਂ ਅਤੇ ਆਲੇ ਦੁਆਲੇ ਤੋਂ ਸਪੱਸ਼ਟ ਹੈ ਕਿ ਉਹ ਕੋਈ ਆਮ ਵਿਅਕਤੀ ਨਹੀਂ ਹੈ। ਲਗਪਗ 45 ਸਾਲ ਦੇ ਜਗਮਨਦੀਪ ਸਿੰਘ ਦਾ ਪੂਰਾ ਨਾਮ ਜਗਮਨਦੀਪ ਸਿੰਘ ਸਮਰਾ ਹੈ। ਉਸਦਾ ਪੁਰਾਣਾ ਪਿੰਡ ਜਿਲਾ ਸੰਗਰੂਰ ਵਿਚ ਫੱਗੂਵਾਲਾ ਹੈ। ਉਸਦੇ ਦਾਦਾ ਜਥੇਦਾਰ ਜਗੀਰ ਸਿੰਘ ਫੱਗੂਵਾਲਾ ਆਪਣੇ ਸਮੇਂ ਦੇ ਉਘੇ ਅਕਾਲੀ ਆਗੂ ਸਨ। ਉਸਦੇ ਪਿਤਾ ਸ ਦਵਿੰਦਰ ਸਿੰਘ ਸਮਰਾ ਸਕੂਲ ਪ੍ਰਿੰਸੀਪਲ ਵਜੋਂ ਸੇਵਾਮੁਕਤ ਹੋਏ ਤੇ ਉਸਦੀ ਮਾਤਾ ਸੁਰਿੰਦਰ ਕੌਰ ਵੀ ਅਧਿਆਪਕਾ ਸਨ। ਜਗਮਨਦੀਪ ਸਿੰਘ ਨੇ ਗੌਰਮਿੰਟ ਰਣਬੀਰ ਕਾਲਜ ਸੰਗਰੂਰ ਤੋਂ ਬੀ ਏ ਤੱਕ ਪੜਾਈ ਕੀਤੀ ਹੈ।  ਬੀਏ ਕਰਨ ਉਪਰੰਤ ਉਹ ਸੰਨ 2000 ਤੋਂ ਬਾਦ ਵਿਆਹ ਦੇ ਆਧਾਰ ਤੇ ਕੈਨੇਡਾ ਪ੍ਰਵਾਸ ਕਰ ਆਇਆ ਤੇ ਇਥੇ ਜ਼ਮੀਨ ਖਰੀਦਕੇ ਬਲੂ ਬੇਰੀ ਦੀ ਖੇਤੀ ਕੀਤੀ। ਉਹ ਇਸ ਸਮੇਂ ਵੀ ਐਬਸਫੋਰਡ ਅਤੇ ਚਿਲਾਵੈਕ ਵਿਚ ਫਾਰਮਾਂ ਦਾ ਮਾਲਕ ਹੈ ਤੇ ਨਾਲ ਮਰਵਾਨਾ ਦੀ ਖੇਤੀ ਦਾ ਕਾਰੋਬਾਰ ਕਰ ਰਿਹਾ ਹੈ। ਐਬਸਫੋਰਡ ਏਰੀਏ ਵਿਚ ਉਸਦਾ ਆਪਣਾ ਸਰਕਲ ਅਤੇ ਅਸਰ ਰਸੂਖ ਹੈ। ਉਹ ਕੈਨੇਡਾ ਦੀਆਂ ਪ੍ਰਮੁੱਖ ਪਾਰਟੀਆਂ ਦੇ ਸਥਾਨਕ ਆਗੂਆਂ ਤੋਂ ਲੈਕੇ ਭਾਰਤ ਅਤੇ ਪੰਜਾਬ ਦੇ ਲੀਡਰਾਂ ਨਾਲ ਪੂਰਾ ਮੇਲਜੋਲ ਰੱਖਦਾ ਰਿਹਾ ਹੈ। ਉਹ ਪੰਜਾਬ ਵਿਚ ਬਰਨਾਲਾ ਪਰਿਵਾਰ, ਸਿੱਧੂ ਪਰਿਵਾਰ ਤੋਂ ਇਲਾਵਾ  ਮਨਪ੍ਰੀਤ ਬਾਦਲ ਅਤੇ ਭਗਵੰਤ ਮਾਨ ਨਾਲ ਵੀ ਆਪਣੀ ਨੇੜਤਾ ਰੱਖਣ  ਤੇ ਇਹਨਾਂ ਆਗੂਆਂ ਦੀ ਕੈਨੇਡਾ ਫੇਰੀ ਦੌਰਾਨ ਉਹਨਾਂ ਦਾ ਸਹਿਯੋਗੀ ਹੋਣ ਦਾ  ਦਾਅਵਾ ਕਰਦਾ  ਹੈ। ਉਸਦਾ ਕਹਿਣਾ ਹੈ ਕਿ ਸਿਆਸੀ ਆਗੂਆਂ ਦੇ ਕਈ ਵੱਡੇ ਰਾਜ਼ ਉਸ ਕੋਲ ਮਹਿਫੂਜ਼ ਹਨ ਜਿਹਨਾਂ ਨੂੰ ਉਹ ਸਮਾਂ ਆਉਣ ਤੇ ਖੋਹਲਣ ਦਾ ਜ਼ੇਰਾ ਰੱਖਦਾ ਹੈ।

ਇਕ ਉਘੋੇ ਪੰਜਾਬੀ ਲੇਖਕ ਤੇ ਫਿਲਮ ਨਿਰਦੇਸ਼ਕ ਨਾਲ ਮਿਲਕੇ ਉਹ ਇਕ ਵੈਬਸੀਰੀਜ਼ ਬਣਾਉਣ ਦੀ ਤਿਆਰੀ ਵੀ ਕਰ ਰਿਹਾ ਹੈ ਜਿਸ ਵਿਚ ਪੰਜਾਬ ਤੇ ਭਾਰਤ ਦੀ ਸਿਆਸਤ ਦੇ ਨਾਲ ਸਿਸਟਮ  ਉਪਰ ਕਈ ਸਵਾਲ ਖੜੇ ਕਰਦਾ ਨਜ਼ਰ ਆਵੇਗਾ ਉਹ।