Headlines

ਰੂਹ ਦੀ ਲਿੱਪੀ ‘ਚ ਲਿਖਣ ਵਾਲਾ ਨਾਮਵਰ ਗ਼ਜ਼ਲਗੋ – ਜਸਵਿੰਦਰ

ਗ਼ਜ਼ਲ

ਚੰਦ ਤਾਂ ਖੁਣਵਾ ਲਿਆ ਮੱਥੇ ‘ਤੇ ਕਿੰਨਾ ਸ਼ਾਨਦਾਰ

ਫੇਰ ਵੀ ਸੀਨੇ ‘ਚ ਹੈ ਓਵੇਂ ਦਾ ਓਵੇਂ ਅੰਧਕਾਰ

ਬਚਦੀਆਂ ਡੋਰਾਂ ਸਮੇਟੋ ਹੁਣ ਤਾਂ ਏਹੋ ਠੀਕ ਹੈ

ਇਸ ਹਨ੍ਹੇਰੀ ‘ਚੋਂ ਨਹੀਂ ਮੁੜਨੀ ਪਤੰਗਾਂ ਦੀ ਕਤਾਰ

ਬਸ ਜ਼ਮੀਰਾਂ ਹੀ ਤੁਸੀਂ ਗਿਰਵੀ ਕਰੋ ਤੇ ਲੈ ਲਵੋ

ਸੌਖੀਆਂ ਕਿਸ਼ਤਾਂ ‘ਚ ਮਿਲ ਜਾਂਦੇ ਨੇ ਰਿਸ਼ਤੇ ਬੇਸ਼ੁਮਾਰ

ਵਸਤਰਾਂ ਦੇ ਵਾਂਗ ਚਿਹਰੇ ਵੀ ਬਦਲ ਲੈਂਦੇ ਨੇ ਲੋਕ

ਵਸਤੂਆਂ ਦੇ ਵਾਂਗ ਕਰਦੇ ਭਾਵਨਾਵਾਂ ਦਾ ਵਪਾਰ

ਹੁਣ ਤੁਸੀਂ ਨਿਰਜੀਵ ਚੀਜ਼ਾਂ ਨਾਲ ਹੀ ਦੁਖ ਸੁਖ ਕਰੋ

ਜ਼ਿੰਦਗੀ ਨੀਲਾਮ ਕਰਕੇ ਘਰ ਲਿਆਏ ਹੋ ਬਜ਼ਾਰ

ਖਹਿ ਕੇ ਜੋ ਆਪਸ ‘ਚ ਤਿੜਕਣ ਐਸੇ ਸ਼ੀਸ਼ੇ ਹਾਂ ਅਸੀਂ

ਬੇਵਜਾਹ ਹੀ ਕਰ ਰਹੇ ਪੱਥਰ ਅਸਾਡਾ ਇੰਤਜ਼ਾਰ

ਦਿਲ ‘ਚ ਤੇਰੇ ਤਾਂਘ ਸਾਡੇ ਨਾਲ ਜੇ ਉੱਡਣ ਦੀ ਹੈ

ਆਪਣੀ ਹਸਤੀ ਤੋਂ ਪਹਿਲਾਂ ਫ਼ਾਲਤੂ ਮਿੱਟੀ ਉਤਾਰ

ਗ਼ਜ਼ਲ

ਹਨ੍ਹੇਰਾ ਹੋ ਗਿਆ ਤਾਂ ਖ਼ੌਫ਼ ਕਾਹਦਾ

ਚਿਰਾਗ਼ਾਂ ਦਾ ਅਜੇ ਪਰਿਵਾਰ ਜਾਗੇ

ਜੇ ਸੂਰਜ ਸੌਂ ਗਿਆ ਤਾਂ ਫੇਰ ਕੀ ਹੈ

ਮੇਰੇ ਮੱਥੇ ‘ਚ ਇਕ ਸੰਸਾਰ ਜਾਗੇ

ਜਦੋਂ ਭਰਿਆ ਗਿਆ ਰਗ ਰਗ ‘ਚ ਪਾਰਾ

ਜਦੋਂ ਰੱਖਿਆ ਗਿਆ ਸੀਨੇ’ਤੇ ਆਰਾ

ਜਦੋਂ ਲੁੱਟਿਆ ਗਿਆ ਭੰਬੋਰ ਸਾਰਾ

ਉਦੋਂ ਜਾਗੇ ਵੀ ਤਾਂ ਬੇਕਾਰ ਜਾਗੇ

ਜੋ ਡਰ ਕੇ ਰਾਤ ਤੋਂ ਰੂਪੋਸ਼ ਹੋਇਆ

ਜੋ ਡਰ ਕੇ ਪੌਣ ਤੋਂ ਬੇਹੋਸ਼ ਹੋਇਆ

ਜੋ ਡਰ ਕੇ ਸ਼ੋਰ ਤੋਂ ਖ਼ਾਮੋਸ਼ ਹੋਇਆ

ਮੇਰੀ ਕੋਸ਼ਿਸ਼ ਹੈ ਉਹ ਫ਼ਨਕਾਰ ਜਾਗੇ

ਮੈਂ ਰੂਹ ਦੇ ਸਾਜ਼ ਤੋਂ ਮਿੱਟੀ ਉਤਾਰਾਂ

ਮੈਂ ਇਕ ਇਕ ਹਰਫ਼ ਨੂੰ ਆਵਾਜ਼ ਮਾਰਾਂ

ਤੇਰੇ ਤੋਂ ਵਾਰਨਾ ਗੀਤਾਂ ਦਾ ਵਾਰਾਂ

ਤੇਰੀ ਝਾਂਜਰ ਦੀ ਜੇ ਛਣਕਾਰ ਜਾਗੇ

ਅਜੇ ਫੁੱਲਾਂ ਨੂੰ ਉੱਗਣ ਦੀ ਮਨਾਹੀ

ਅਜੇ ਰੰਗਾਂ ਨੂੰ ਲੈ ਜਾਂਦੇ ਸਿਪਾਹੀ

ਉਦੋਂ ਮਹਿਕਣਗੀਆਂ ਗੁਲਦਾਉਦੀਆਂ ਵੀ

ਜਦੋਂ ਮਿੱਟੀ ਦੇ ਦਾਅਵੇਦਾਰ ਜਾਗੇ

ਤੂੰ ਐਵੇਂ ਫ਼ਿਕਰ ਮੌਸਮ ਦਾ ਕਰੀਂ ਨਾ

ਤੂੰ ਐਵੇਂ ਸ਼ੋਖ ਲਹਿਰਾਂ ਤੋਂ ਡਰੀਂ ਨਾ

ਸਮੁੰਦਰ ਨੂੰ ਵੀ ਆ ਜਾਣਾ ਪਸੀਨਾ

ਮਲਾਹਾਂ ਦੇ ਜਦੋਂ ਪਤਵਾਰ ਜਾਗੇ

ਗ਼ਜ਼ਲ

ਤੇਰੇ ਖ਼ਿਆਲ ਦਾ ਮੈਨੂੰ ਸਰੂਰ ਇਉਂ ਚੜ੍ਹਿਆ

ਜਿਵੇਂ ਫ਼ਕੀਰ ਨੂੰ ਆ ਕੇ ਵਜਦ ‘ਚ ਹਾਲ ਪਵੇ

ਖ਼ੁਦੀ ਤੋਂ ਪਾਰਲਾ ਮੰਜ਼ਰ ਕਿਵੇਂ ਬਿਆਨ ਕਰਾਂ

ਦਿਲਾਂ ਦੇ ਦੇਸ ਵਿਚ ਅਕਸਰ ਅਕਲ ਦਾ ਕਾਲ ਪਵੇ

ਮੈਂ ਅਪਣਾ ਸਾਇਆ ਵੀ ਖ਼ੁਦ ਤੋਂ ਅਲੱਗ ਕਰ ਆਇਆਂ

ਹਵਾ ਦੀ ਜੂਨ ਵਿਚ ਪੈ ਕੇ ਹੀ ਤੇਰੇ ਦਰ ਆਇਆਂ

ਤੇ ਕਾਸਾ ਆਪਣਾ ਗੋਰਖ ਦੇ ਟਿੱਲੇ ਧਰ ਆਇਆਂ

ਮਤੇ ਇਹਦੇ ‘ਚ ਮੁੜ ਕੇ ਮੋਤੀਆਂ ਦਾ ਥਾਲ ਪਵੇ

ਉਣੀਂਦੇ ਖ਼ਾਬ ਜੋ ਝੰਜੋੜ ਕੇ ਜਗਾ ਲੈਣੇ

ਬਚਾ ਕੇ ਖੁਰਨ ਤੋਂ ਨੈਣਾਂ ‘ਚ ਇਹ ਸਜਾ ਲੈਣੇ

ਖ਼ਿਆਲ ਰੱਖਣਾ ਨੈਣਾਂ ਦੇ ਮਾਰੂਥਲ ਅੰਦਰ

ਜੇ ਉਡਦੀ ਰੇਤ ਹੈ ਬਾਰਿਸ਼ ਵੀ ਤਾਂ ਕਮਾਲ ਪਵੇ

ਕਦੇ ਵਿਯੋਗ ਦੀ ਸੂਲ਼ੀ ਦਾ ਹੁਸਨ ਮੋਹ ਲੈਂਦਾ

ਕਦੇ ਮਿਲਾਪ ਵੀ ਫੁੱਲਾਂ ਤੋਂ ਮਹਿਕ ਖੋਹ ਲੈਂਦਾ

ਅਜੀਬ ਸਿਲਸਿਲਾ ਹੈ ਜ਼ਿੰਦਗੀ ਦੀ ਕਵਿਤਾ ਦਾ

ਹਰੇਕ ਹਰਫ਼ ਹੀ ਦਿਲ ਦੇ ਲਹੂ ਦੇ ਨਾਲ ਪਵੇ

ਸਦੀਵੀ ਬੋਲ ਕੋਈ ਕੰਠ ‘ਚੋਂ ਰਿਹਾਅ ਕਰੀਏ

ਵਸਲ ਦੇ ਏਸ ਪਲ ‘ਚ ਬਸ ਏਹੀ ਦੁਆ ਕਰੀਏ

ਕਿ ਪੰਛੀਆਂ ਦੇ ਨਾਲ ਨਾਲ ਤੀਰ ਨਾ ਉੱਡਣ

ਖਿਲਾਰੀ ਚੋਗ਼ ਦੇ ਉੱਤੇ ਕਦੇ ਨਾ ਜਾਲ ਪਵੇ

ਗ਼ਜ਼ਲ

ਅਧੂਰੇ ਰਹਿ ਗਏ ਚਾਵਾਂ ਨੂੰ ਹੱਸ ਕੇ ਟਾਲ ਛੱਡਾਂਗੇ

ਭਰੇ ਮੇਲੇ ਨੂੰ ਜਦ ਛੱਡਿਆ ਸਲੀਕੇ ਨਾਲ ਛੱਡਾਂਗੇ

ਤੇਰਾ ਐ ਜ਼ਿੰਦਗੀ ਐਵੇਂ ਨਹੀਂ ਜੰਜਾਲ ਛੱਡਾਂਗੇ

ਜਿਗਰ ਦੀ ਅੱਗ ਵਿਚ ਕੋਈ ਕੜੀ ਤਾਂ ਢਾਲ ਛੱਡਾਂਗੇ

ਜਦੋਂ ਧਰਤੀ ‘ਚੋਂ ਉੱਠੀ ਹੂਕ ਚੀਰੇਗੀ ਖਲਾਵਾਂ ਨੂੰ

ਅਸੀਂ ਇਸ ਡੋਲਦੇ ਅਸਮਾਨ ਨੂੰ ਸੰਭਾਲ ਛੱਡਾਂਗੇ

ਅਸਾਡੇ ਅਕਸ ਇਹ ਖੰਡਿਤ ਕਰੇ ਜਦ ਰੂਬਰੂ ਹੋਈਏ

ਤੇਰੇ ਸ਼ੀਸ਼ੇ ਦੇ ਪਾਣੀ ਨੂੰ ਅਸੀਂ ਹੰਘਾਲ ਛੱਡਾਂਗੇ

ਅਜੇ ਵੀ ਇਸ਼ਕ ਦੀ ਸ਼ਿੱਦਤ ਲਹੂ ਅੰਦਰ ਸਲਾਮਤ ਹੈ

ਗਵਾਚੀ ਪੈੜ ਡਾਚੀ ਦੀ ਥਲਾਂ ‘ਚੋਂ ਭਾਲ ਛੱਡਾਂਗੇ

ਅਜੇ ਤਾਂ ਰਿਜ਼ਕ ਦੀ ਔਖੀ ਚੜ੍ਹਾਈ ਰੋਜ਼ ਚੜ੍ਹਦੇ ਹਾਂ

ਮਿਲੀ ਜੇ ਵਿਹਲ ਆਪਾਂ ਵੀ ਕਬੂਤਰ ਪਾਲ ਛੱਡਾਂਗੇ

ਗ਼ਜ਼ਲ

ਮੈਂ ਇਨ੍ਹਾਂ ਬੇਜਾਨ ਸਫ਼ਿਆਂ ‘ਤੇ ਜੋ ਅੱਖਰ ਲਿਖ ਰਿਹਾ ਹਾਂ

ਅਪਣੇ ਜ਼ਿੰਦਾ ਹੋਣ ਦਾ ਪ੍ਰਮਾਣ ਪੱਤਰ ਲਿਖ ਰਿਹਾ ਹਾਂ

ਜੋ ਨਾ ਦੇਹੀ ਨਾਲ ਸੜਦੇ, ਹਸ਼ਰ ਤਕ ਜੋ ਰਹਿਣ ਬਲਦੇ

ਉਹਨਾਂ ਜ਼ਖ਼ਮਾਂ ਦੀ ਸ਼ਨਾਖ਼ਤ ਕਰਨ ਖ਼ਾਤਰ ਲਿਖ ਰਿਹਾ ਹਾਂ

ਖੁਭ ਗਈ ਅੱਡੀ ‘ਚ ਸੀ ਤਾਰੀਖ਼ ਜਿਸ ਦਿਨ ਸੂਲ ਬਣ ਕੇ

ਓਸ ਦਿਨ ਤੋਂ ਸ਼ਹਿਰ ਦੀ ਸੂਲ਼ੀ ਦਾ ਮੰਜ਼ਰ ਲਿਖ ਰਿਹਾ ਹਾਂ

ਜਿਸ ਨੂੰ ਸੁਣ ਕੇ ਕਾਲਜਾ ਵਗਦੀ ਹਵਾ ਦਾ ਪਾਟਿਆ ਸੀ

ਚੀਖ਼ ਉਹ ਹਿਰਨੀ ਦੀ ਰੇਗਿਸਤਾਨ ਅੰਦਰ ਲਿਖ ਰਿਹਾ ਹਾਂ

ਸਾਂਭ ਕੇ ਸੀਨੇ ‘ਚ ਪਰਲੇ ਪਾਰ ਦੀ ਉਹ ਬੇਕਰਾਰੀ

ਮੈਂ ਝਨਾਂ ਦੇ ਕਹਿਰ ਨੂੰ ਕੀਲਣ ਦਾ ਮੰਤਰ ਲਿਖ ਰਿਹਾ ਹਾਂ

ਕਿਸ ਤਰ੍ਹਾਂ ਦੀ ਬੇਵਸੀ ਹੈ ਤਿਤਲੀਆਂ ਫੁੱਲਾਂ ਦੇ ਹੁੰਦਿਆਂ

ਮੈਂ ਕਦੋਂ ਚਾਹੁੰਦਾ ਹਾਂ ਲਿਖਣਾ ਫਿਰ ਵੀ ਖੰਡਰ ਲਿਖ ਰਿਹਾ ਹਾਂ

ਗ਼ਜ਼ਲ

ਨੀਰ ਨਿਰੰਤਰ ਵਹਿ ਰਿਹਾ ਦੂਰ ਸਮੁੰਦਰ ਤੀਕ

ਮਾਰੂਥਲ ਦਿਆ ਕਿਣਕਿਆ ਡੀਕ ਸਕੇਂ ਤਾਂ ਡੀਕ

ਅੱਕ ਫੰਬਿਆਂ ਦੀ ਆਪਣੀ ਮਰਜ਼ੀ ਪੁੱਛਦਾ ਕੌਣ

ਕਿੱਥੋਂ ਉਗਮੇ ਹੋ ਗਏ ਕਿੱਥੋਂ ਦੇ ਵਸਨੀਕ

ਝਗੜਾ ਰੂਹ ਕਲਬੂਤ ਦਾ ਮੁੱਕਣਾ ਕਿਹੜੇ ਹਾਲ

ਹਰ ਤੱਤ ਏਹੋ ਸਮਝਦਾ ਬਸ ਮੈਂ ਹੀ ਹਾਂ ਠੀਕ

ਸਾਰੀ ਉਮਰ ਨਾ ਖੁੱਲ੍ਹਦੀ ਰੜਕੇ ਹਰ ਸਾਹ ਨਾਲ

ਪੈ ਜਾਵੇ ਇਕ ਵਾਰ ਜੇ ਦਿਲ ਵਿਚ ਗੰਢ ਬਰੀਕ

ਵੇ ਬਾਗ਼ਾਂ ਦਿਆ ਤੋਤਿਆ ਕੁਝ ਤਾਂ ਹਰਫ਼ ਉਠਾਲ

ਪਿੰਜਰੇ ਉੱਤੇ ਉੱਕਰੀ ਮੈਨਾ ਦੀ ਤਹਿਰੀਕ

ਰੋਹੀਆਂ ਅੰਦਰ ਭਟਕਦੀ ਪੁੰਨਣਾ ਤੇਰੀ ਰੂਹ

ਸੁੱਕੀ ਰੇਤ ‘ਚ ਡੁੱਬ ਗਈ ਸੱਸੀਏ ਤੇਰੀ ਚੀਕ

ਪੇਸ਼ਕਾਰ-ਹਰਦਮ ਮਾਨ