Headlines

ਭਾਰਤ ਸਰਕਾਰ ਵਲੋਂ ਕੈਨੇਡੀਅਨ ਨਾਗਰਿਕਾਂ ਲਈ ਈ-ਵੀਜ਼ਾ ਸਹੂਲਤ ਬਹਾਲ

ਵੈਨਕੂਵਰ ( ਦੇ ਪ੍ਰ ਬਿ)-   ਭਾਰਤ ਸਰਕਾਰ ਨੇ ਕੈਨੇਡੀਅਨ ਨਾਗਰਿਕਾਂ ਲਈ ਇਲੈਕਟ੍ਰਾਨਿਕ ਵੀਜ਼ਾ ਸੇਵਾਵਾਂ ਨੂੰ ਬਹਾਲ ਕਰ ਦਿੱਤਾ ਹੈ। ਭਾਰਤੀ ਕੌਂਸਲੇਟ ਜਨਰਲ ਵੈਨਕੂਵਰ ਦੀ ਵੈਬਸਾਈਟ ਮੁਤਾਬਿਕ ਕੈਨੇਡੀਅਨ ਨਾਗਰਿਕਾਂ ਲਈ ਭਾਰਤ ਦੀ ਈ-ਵੀਜ਼ਾ ਸਹੂਲਤ 22 ਨਵੰਬਰ ਤੋਂ  ਬਹਾਲ ਕਰ ਦਿੱਤੀ ਗਈ ਹੈ ।

ਜਿਕਰਯੋਗ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਤੰਬਰ ਵਿੱਚ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੀ ਜੂਨ ਮਹੀਨੇ ਹੋਈ ਹੱਤਿਆ ਵਿਚ ਭਾਰਤ ਦਾ ਹੱਥ ਹੋਣ ਦਾ ਦੋਸ਼ ਲਗਾਏ ਜਾਣ ਉਪਰੰਤ ਦੋਵਾਂ ਦੇਸ਼ਾਂ ਦਰਮਿਆਨ ਕੂਟਨੀਤਕ ਵਿਵਾਦ ਪੈਦਾ ਹੋ ਗਿਆ ਸੀ। ਭਾਰਤ ਨੇ ਕੈਨੇਡਾ ਵਲੋਂ ਲਗਾਏ ਗਏ ਦੋਸ਼ਾਂ ਨੂੰ ਬੇਤੁਕਾ ਕਹਿੰਦਿਆਂ  ਸਬੂਤਾਂ ਦੀ ਮੰਗ ਕਰਦਿਆਂ ਕਿਹਾ  ਸੀ ਕਿ ਭਾਰਤ ਵਿੱਚ ਪੈਦਾ ਹੋਏ ਕੈਨੇਡੀਅਨ ਨਾਗਰਿਕ ਨਿੱਝਰ ਦੇ ਅੱਤਵਾਦ ਨਾਲ ਸਬੰਧ ਸਨ। ਭਾਰਤ ਨੇ ਪਹਿਲਾਂ ਵੀ ਕੈਨੇਡਾ ‘ਤੇ ਵੱਖਵਾਦੀਆਂ ਅਤੇ “ਅੱਤਵਾਦੀਆਂ” ਨੂੰ ਪਨਾਹ ਦੇਣ ਦੇ ਦੋਸ਼ ਲਗਾਏ ਸਨ।
ਇਸ ਵਿਵਾਦ ਦੌਰਾਨ ਕਨੇਡਾ ਵਲੋਂ ਇਕ ਭਾਰਤੀ ਡਿਪਲੋਮੈਟ ਨੂੰ ਕੱਢੇ ਜਾਣ ਉਪਰੰਤ ਭਾਰਤ ਨੇ ਮੋੜਵੀ ਕਾਰਵਾਈ ਕੀਤੀ ਸੀ। ਭਾਰਤ ਦੀ ਚੇਤਾਵਨੀ ਉਪਰੰਤ ਕੈਨੇਡਾ ਨੇ ਭਾਰਤ ਵਿੱਚੋ ਆਪਣੇ 62 ਡਿਪਲੋਮੈਟਾਂ ਵਿੱਚੋਂ 41 ਨੂੰ ਵਾਪਸ ਬੁਲਾ ਲਿਆ ਸੀ।

ਪਿਛਲੇ ਮਹੀਨੇ, ਭਾਰਤ ਨੇ ਵੀਜਾ ਪਾਬੰਦੀ ਨੂੰ ਸੌਖਾ ਕਰਦਿਆਂ ਕੈਨੇਡੀਅਨ ਨਾਗਰਿਕਾਂ ਲਈ ਦਾਖਲੇ, ਵਪਾਰ, ਮੈਡੀਕਲ ਅਤੇ ਕਾਨਫਰੰਸ ਵੀਜ਼ਾ ਲਈ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ ਸਨ।