Headlines

ਖੇਤੀ ਮੰਤਰੀ ਦੇ ਪੁੱਤਰ ਵਲੋਂ ਕਰੋੜਾਂ ਰੁਪਏ ਕੈਨੇਡਾ ਭੇਜਣ ਅਤੇ ਸਿਰਸਾ ਦੀ ਭੂਮਿਕਾ ਦੀ ਜਾਂਚ ਹੋਵੇ- ਮਨਜੀਤ ਸਿੰਘ ਜੀਕੇ

ਗੁਰੂ ਘਰ ਦੇ ਸਰੋਤਾਂ ਦੀ ਵਰਤੋਂ ਕਰਨਾ ਅਤਿ ਨਿੰਦਣਯੋਗ-

ਨਵੀਂ ਦਿੱਲੀ  ( ਦੇ ਪ੍ਰ ਬਿ)- ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਦੇ ਪੁੱਤਰ ਦਵੇਂਦਰ ਤੋਮਰ ਵਲੋਂ ਹਵਾਲਾ ਰਾਹੀਂ ਕਰੋੜਾਂ ਰੁਪਏ ਕੈਨੇਡਾ ਭੇਜਣ, ਬੇਨਾਮੀ ਜ਼ਮੀਨ ਖਰੀਦਣ ਅਤੇ ਭੰਗ ਦੀ ਖੇਤੀ ਦਾ ਕਾਰੋਬਾਰ ਕੀਤੇ ਜਾਣ ਦੇ ਦੋਸ਼ਾਂ ਸਬੰਧੀ ਵਾਇਰਲ ਹੋਈਆਂ ਵੀਡੀਓਜ਼ ਉਪਰੰਤ ਕੈਨੇਡੀਅਨ ਨਾਗਰਿਕ ਜਗਮਨਦੀਪ ਸਿੰਘ ਸਮਰਾ ਵਲੋਂ ਇਕ ਗਵਾਹ ਵਜੋਂ ਸਾਹਮਣੇ ਆਉਣ ਦੇ ਨਾਲ ਇਸ ਗੋਰਖਧੰਦੇ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਦੇ ਵੀ ਸ਼ਾਮਿਲ ਹੋਣ ਦੇ ਲੱਗੇ ਦੋਸ਼ਾਂ ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਜਾਗੋ ਪਾਰਟੀ ਦੇ ਪ੍ਰਧਾਨ ਅਤੇ  ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਮਨਜੀਤ ਸਿੰਘ ਜੀਕੇ  ਨੇ ਸਾਰੇ ਮਾਮਲੇ ਦੀ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

ਉਹਨਾਂ ਇਕ ਬਿਆਨ ਰਾਹੀ ਕਿਹਾ ਹੈ ਕਿ ਕੈਨੇਡੀਅਨ ਨਾਗਰਿਕ ਜਗਮਨਦੀਪ ਸਿੰਘ ਸਮਰਾ ਦਾ ਦਾਅਵਾ ਹੈ ਕਿ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਕਮੇਟੀ ਦਾ ਪ੍ਰਧਾਨ ਹੁੰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਸਰੋਤਾਂ ਦੀ ਵਰਤੋਂ ਕਰਦਿਆਂ  ਆਈ ਸੀ ਆਈ ਸੀ ਆਈ ਬੈਂਕ ਵਿਚ ਵਾਇਰ ਟਰਾਂਸਫਰ ਜ਼ਰੀਏ ਉਸਦੇ ਖਾਤੇ ਵਿਚ ਕਰੋੜਾਂ ਰੁਪਏ ਭੇਜੇ ਹਨ।  ਭਾਵੇਂਕਿ ਉਸ ਵਲੋਂ ਖੇਤੀ ਮੰਤਰੀ ਦੇ ਪਰਿਵਾਰ ਵਲੋਂ ਹਜ਼ਾਰਾਂ ਕਰੋੜ ਭੇਜਣ ਦੀ ਗੱਲ ਕਹੀ ਜਾ ਰਹੀ ਹੈ ਪਰ ਇਸ ਵਿਚੋਂ 100 ਕਰੋੜ ਤੋਂ ਉਪਰ ਦੀ ਰਾਸ਼ੀ ਸਿਰਸਾ ਵਲੋਂ ਉਸਨੂੰ ਭੇਜੇ ਜਾਣ ਦਾ ਖੁਲਾਸਾ ਕੀਤਾ ਗਿਆ ਹੈ।  ਇਸ ਰਕਮ ਨਾਲ 100 ਏਕੜ ਜ਼ਮੀਨ ਖਰੀਦਣ ਅਤੇ ਗਾਂਜਾ ਦੀ ਖੇਤੀ ਵਿਚ ਨਿਵੇਸ਼ ਕਰਨ ਦੀ ਵੀ ਉਹ ਗੱਲ ਕਰ ਰਿਹਾ ਹੈ।
ਜਥੇੋਦਾਰ ਜੀਕੇ ਨੇ ਕਿਹਾ ਕਿ ਇਸ ਦਾ ਮਤਲਬ ਇਹ ਹੋਇਆ ਕਿ ਇੱਕ ਪਾਸੇ  ਸੰਨ 2020 ਵਿਚ ਦਿੱਲੀ ਕਮੇਟੀ ਕਿਸਾਨ ਅੰਦੋਲਨ ਦੀ ਆੜ ਵਿਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੀ ਮੁਖਾਲਫਤ ਕਰ ਰਹੀ ਸੀ। ਪਰ ਦੂਜੇ ਪਾਸੇ ਨਰਿੰਦਰ ਤੋਮਰ ਦੀ ਅੰਦਰ ਖਾਤੇ ਮਦਦ ਕਰ ਰਹੀ ਸੀ। ਇਸ ਤੋਂ ਇਲਾਵਾ ਲਾਕਡਾਉਨ ਦੌਰਾਨ ਵਿਦੇਸ਼ ਤੋਂ ਆਕਸੀਜਨ ਕਨਸੈਂਟਰੇਟਰ ਮੰਗਾਉਣ ਦੇ ਨਾਮ ਉਤੇ ਵੀ ਵੱਡੀ ਰਕਮ ਬਾਹਰ ਭੇਜੀ ਗਈ ਸੀ, ਜਿਸ ਵਿਚ ਬਸੰਤ ਕੁੰਜ ਦੀ ਇੱਕ ਐਨ ਜੀ ਓ ਦੀ ਭੂਮਿਕਾ ਵੀ ਸ਼ੱਕੀ ਨਜ਼ਰ ਆ ਰਹੀ ਹੈ। ਉਹਨਾਂ ਕਿਹਾ ਕਿ ਕੇਂਦਰ ਵਿਚ ਭਾਜਪਾ ਦੀ ਸਰਕਾਰ ਹੋਣ ਕਾਰਣ, ਉਹਨਾਂ ਨੂੰ ਇਸ ਮਾਮਲੇ ਦੀ ਜਾਂਚ ਕਰਵਾਏ ਜਾਣ ਦੀ ਕੋਈ ਉਮੀਦ ਨਹੀ । ਉਹਨਾਂ  ਦੇਸ਼ ਦੀ ਸੰਪਤੀ ਲੁੱਟੇ ਜਾਣ ਅਤੇ ਕਰੋੜਾਂ ਦੇ ਇਸ ਘੁਟਾਲੇ ਦੀ ਅਸਲੀਅਤ ਬਾਹਰ ਲਿਆਉਣ ਲਈ  ਸੁਪਰੀਮ ਕੋਰਟ ਵਲੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ।