Headlines

ਫਿਰੌਤੀ ਲਈ ਧਮਕੀ ਪੱਤਰਾਂ ਬਾਰੇ ਪੁਲਿਸ ਕੋਲ ਨਹੀ ਆਈ ਕੋਈ ਸ਼ਿਕਾਇਤ-ਆਰ ਸੀ ਐਮ ਪੀ

ਪੁਲਿਸ ਨੂੰ ਰੇਡੀਓ ਸਟੇਸ਼ਨਾਂ ਤੇ ਸੋਸ਼ਲ ਮੀਡੀਆ ਤੋ ਮਿਲੀ ਜਾਣਕਾਰੀ-ਪੁਲਿਸ ਅਫਸਰ ਸੰਘਾ-

ਸਰੀ- ਸਰੀ ਆਰ ਸੀ ਐਮ ਪੀ ਨੇ ਵੈਨਕੂਵਰ,ਸਰੀ ਅਤੇ ਐਬਸਫੋਰਡ ਵਿਚ ਕਈ ਕਾਰੋਬਾਰੀ ਲੋਕਾਂ ਨੂੰ ਫਿਰੌਤੀ ਲਈ ਧਮਕੀ ਪੱਤਰ ਮਿਲਣ ਦੀਆਂ ਖਬਰਾਂ ਉਪਰੰਤ ਚੇਤਾਵਨੀ ਦਿੱਤੀ ਹੈ ਕਿ ਅਗਰ ਕਿਸੇ ਨਾਲ ਵੀ ਅਜਿਹੀ ਕੋਈ ਘਟਨਾ ਵਾਪਰਦੀ ਹੈ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ।

ਸਰੀ ਆਰ ਸੀ ਐਮ ਪੀ ਅਫਸਰ ਸਰਬਜੀਤ ਸੰਘਾ ਨੇ ਇਕ ਬਿਆਨ ਰਾਹੀ ਕਿਹਾ ਹੈ ਕਿ ਉਹਨਾਂ ਨੂੰ ਫਿਰੌਤੀ ਸਬੰਧੀ ਧਮਕੀ ਪੱਤਰਾਂ ਬਾਰੇ ਜਾਣਕਾਰੀ ਰੇਡੀਓ ਸਟੇਸ਼ਨਾਂ ਦੀਆਂ ਰਿਪੋਰਟਾਂ ਜਾਂ ਸੋਸ਼ਲ ਮੀਡੀਆ ਤੋ ਪ੍ਰਾਪਤ ਹੋਈਆਂ ਹਨ। ਕਿਸੇ ਵੀ ਪ੍ਰਭਾਵਿਤ ਵਿਅਕਤੀ ਨੇ ਪੁਲਿਸ ਨਾਲ ਸੰਪਰਕ ਨਹੀ ਕੀਤਾ।
ਸੰਘਾ ਨੇ ਕਿਹਾ ਹੈ ਕਿ  ਜੇਕਰ ਕਿਸੇ ਕਾਰੋਬਾਰੀ ਮਾਲਕ ਜਾਂ ਕਿਸੇ ਹੋਰ ਨੂੰ ਫਿਰੌਤੀ ਲਈ ਧਮਕੀ ਮਿਲਦੀ ਹੈ ਤਾਂ ਉਹਨਾਂ ਵਲੋਂ ਪੁਲਿਸ ਨੂੰ ਇਸਦੀ ਰਿਪੋਰਟ ਕਰਨੀ ਚਾਹੀਦੀ ਹੈ। ਅਗਰ ਕੋਈ ਸ਼ਿਕਾਇਤ ਕਰੇਗਾ ਤਾਂਹੀ ਪੁਲਿਸ ਇਸਦੀ ਜਾਂਚ ਕਰ ਸਕਦੀ ਹੈ।
ਉਹਨਾਂ ਹੋਰ ਕਿਹਾ ਕਿ ਅਗਰ ਕਿਸੇ ਨਾਲ ਅਜਿਹਾ ਵਾਪਰਿਆ ਹੈ ਤਾਂ ਉਹ ਅੱਗੇ ਆਉਣ ਕਿਉਂਕਿ ਇਹ ਦੱਸਣਾ ਬਹੁਤ ਮਹੱਤਵਪੂਰਨ ਹੈ ਕਿ ਉਨ੍ਹਾਂ ਤੋਂ ਕਿਵੇਂ ਜ਼ਬਰੀ ਵਸੂਲੀ ਕੀਤੀ ਜਾ ਰਹੀ ਹੈ ਅਤੇ ਕਿਹੜਾ ਤਰੀਕਾ ਵਰਤਿਆ ਜਾ ਰਿਹਾ ਹੈ। ਰੇਡੀਓ ਸਟੇਸ਼ਨਾਂ ਜਾਂ ਸੋਸ਼ਲ ਮੀਡੀਆ ਰਾਹੀਂ ਮਿਲ ਰਹੀਆਂ ਇਹ ਖਬਰਾਂ ਬਹੁਤ ਚਿੰਤਾਜਨਕ ਹਨ।   ਅਸੀਂ ਚਾਹੁੰਦੇ ਹਾਂ ਕਿ ਸਾਡੇ ਕਾਰੋਬਾਰੀ  ਪੂਰੀ ਤਰ੍ਹਾਂ ਜਾਣੂ ਹੋਣ ਕਿ  ਕਮਿਊਨਿਟੀ ਵਿੱਚ ਕੀ ਵਾਪਰ ਰਿਹਾ ਹੈ। ਅਗਰ ਕੋਈ ਪੁਲਿਸ ਰਿਪੋਰਟ ਕਰਦਾ ਹੈ ਤਾਂ ਹੀ ਅਸੀਂ ਇਸਦੀ ਜਾਂਚ ਕਰ ਸਕਦੇ ਹਾਂ ਅਤੇ ਉਹਨਾਂ ਦੀ ਸੁਰੱਖਿਆ ਕਰ ਸਕਦੇ ਹਾਂ। ਉਹਨਾਂ ਸਪੱਸ਼ਟ ਕੀਤਾ ਕਿ
ਸਰੀ ਆਰ ਸੀ ਐਮ ਪੀ ਵਲੋਂ  ਪੂਰੇ ਲੋਅਰ ਮੇਨਲੈਂਡ ਵਿੱਚ ਹੋਰ ਸੁਰੱਖਿਆ ਏਜੰਸੀਆਂ ਨਾਲ ਸਰਗਰਮੀ ਨਾਲ  ਸੰਪਰਕ ਕੀਤਾ ਰਿਹਾ ਹੈ। ਉਹਨਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਅਗਰ  ਤੁਹਾਨੂੰ ਕੋਈ ਜਬਰਨ ਵਸੂਲੀ ਲਈ ਕੋਸ਼ਿਸ਼ ਕਰਦਾ ਹੈ, ਤਾਂ ਸ਼ੱਕੀ ਨਾਲ ਸੰਪਰਕ ਨਾ ਕਰੋ ਅਤੇ ਕੋਈ ਪੈਸਾ ਨਾ ਭੇਜੋ, ਇਸ ਦੀ ਬਜਾਏ ਤੁਰੰਤ ਪੁਲਿਸ ਨਾਲ ਸੰਪਰਕ ਕਰੋ।

ਇਸ ਸਬੰਦੀ  ਸਰੀ RCMP ਨੂੰ ਫੋਨ ਨੰਬਰ 604-599-0502 ‘ਤੇ ਕਾਲ ਕਰੋ।
***ਥੋਕ ਵਿਚ ਭੇਜੇ  ਹੋ ਸਕਦੇ ਹਨ ਧਮਕੀ ਪੱਤਰ-

ਐਬਸਫੋਰਡ-  ਪਿਛਲੇ ਹਫ਼ਤੇ ਐਬਟਸਫੋਰਡ ਦੇ ਕਈ ਕਾਰੋਬਾਰੀਆਂ ਨੂੰ ਫਿਰੌਤੀ ਲਈ ਧਮਕੀ ਪੱਤਰ ਮਿਲਣ ਦੀ ਚਰਚਾ ਹੈ।ਐਬਸਫੋਰਡ ਪੁਲਿਸ ਵਿਭਾਗ ਵਲੋਂ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਗਿਆ ਹੈ ਕਿ  ਐਬਟਸਫੋਰਡ ਵਿੱਚ ਅਜਿਹੀਆਂ ਖਬਰਾਂ ਸੁਣੀਆਂ ਗਈਆਂ ਹਨ  ਪਰ ਇਸਦੀ ਕੋਈ  ਪੁਸ਼ਟੀ ਨਹੀਂ ਕੀਤੀ ਗਈ ਹੈ।
ਪੁਲਿਸ ਵਿਭਾਗ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਇਹ ਧਮਕੀ ਭਰੀਆਂ  ਚਿੱਠੀਆਂ ਵਪਾਰਕ ਕਾਰੋਬਾਰੀਆਂ ਨੂੰ ਸਮੂਹਿਕ ਤੌਰ ‘ਤੇ ਭੇਜੀਆਂ ਗਈਆਂ ਹੋਣ।ਫਿਰ ਵੀ ਪੁਲਿਸ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਕਿਸੇ ਵੀ ਸ਼ੱਕੀ ਵਿਅਕਤੀ ਨਾਲ ਸੰਪਰਕ ਨਾ ਕੀਤਾ ਜਾਵੇ ਬਲਕਿ ਪੁਲਿਸ ਨਾਲ ਸੰਪਰਕ ਕੀਤਾ ਜਾਵੇ। ਐਬਸਫੋਰਡ ਕ੍ਰਾਈਮ ਯੂਨਿਟ ਵਲੋ ਫੋਨ ਨੰਬਰ 604-859-5225 ‘ਤੇ ਕਾਲ ਕਰਨ ਲਈ ਕਿਹਾ ਗਿਆ ਹੈ।