Headlines

ਸਰੀ ਵਿਚ ਹਿੰਦੂ ਮੰਦਿਰ ਦੇ ਬਾਹਰ ਫਿਰਕੂ ਨਫਰਤ ਤੇ ਟਕਰਾਅ ਟਲਿਆ

ਦੋ ਧਿਰਾਂ ਵਿਚਾਲੇ ਖਾਲਿਸਤਾਨ ਜਿੰਦਾਬਾਦ ਤੇ ਮੁਰਦਾਬਾਦ ਦੀ ਨਾਅਰੇਬਾਜ਼ੀ-

ਸਰੀ ( ਦੇ ਪ੍ਰ ਬਿ)- ਅੱਜ ਇਥੇ ਖਾਲਿਸਤਾਨੀ ਸਮਰਥਕਾਂ ਵਲੋਂ ਕੈਨੇਡੀਅਨ ਗੁਰਦੁਆਰਿਆਂ ਵਿਚ ਭਾਰਤੀ ਕੌਂਸਲੇਟ ਅਧਿਕਾਰੀਆਂ ਦੇ ਦਖਲ ਦੇ ਵਿਰੋਧ ਵਿਚ ਪਹਿਲਾਂ ਕੀਤੇ ਐਲਾਨ ਮੁਤਾਬਿਕ ਸਰੀ ਸਥਿਤ ਹਿੰਦੂ ਮੰਦਿਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਖਾਲਿਸਤਾਨੀ ਸਮਰਥਕਾਂ ਨੇ ਖਾਲਿਸਤਾਨ ਦੇ ਹੱਕ ਅਤੇ ਭਾਰਤ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸੇ ਦੌਰਾਨ ਮੰਦਿਰ ਦੇ ਬਾਹਰ ਮੁੱਖ ਗੇਟ ਤੇ ਹਿੰਦੂ ਭਾਈਚਾਰੇ ਨਾਲ ਸਬੰਧਿਤ  ਨੌਜਵਾਨਾਂ ਨੇ ਤਿਰੰਗੇ ਝੰਡੇ ਦੇ ਨਾਲ ਭਗਵਾਂ ਧਵਜ਼ ਲਹਿਰਾਉਂਦਿਆਂ ਜੈ ਸ੍ਰੀ ਰਾਮ,ਭਾਰਤ ਮਾਤਾ ਦੀ ਜੈ ਅਤੇ ਖਾਲਿਸਤਾਨ ਮੁਰਦਾਬਾਦ ਦੀ ਨਾਅਰੇਬਾਜ਼ੀ ਕੀਤੀ। ਦੋਵਾਂ ਧਿਰਾਂ ਵਲੋਂ ਆਹਮੋ ਸਾਹਮਣੇ ਜਿੰਦਾਬਾਦ-ਮੁਰਦਾਬਾਦ ਦੀ ਮੁਕਾਬਲੇਬਾਜ਼ੀ ਸਮੇਂ ਪੁਲਿਸ ਹਾਜ਼ਰ ਰਹੀ ਜਿਸ ਕਾਰਣ ਫਿਰਕੂ ਨਫਰਤ ਅਤੇ ਟਕਰਾਅ ਤੋਂ ਬਚਾਅ ਰਿਹਾ ਪਰ  ਪੁਲਿਸ ਵਲੋਂ ਫਿਰਕੂ ਨਫਰਤ ਫੈਲਾਉਣ ਤੇ ਸ਼ਹਿਰ ਦੀ ਸ਼ਾਂਤੀ ਨੂੰ ਭੰਗ ਕੀਤੇ ਜਾਣ ਦੀ ਕੋਸ਼ਿਸ਼ ਲਈ ਕਿਸੇ ਵਿਅਕਤੀ ਜਾਂ ਧਿਰ ਖਿਲਾਫ ਕੋਈ ਕਨੂੰਨੀ ਚਾਰਾਜੋਈ ਨਹੀ ਕੀਤੀ ।

ਇਸ ਮੌਕੇ ਮੌਜੂਦ ਗੁਰਦੀਪ ਸਿੰਘ ਗਿੱਲ ਮੁਤਾਬਿਕ ਖਾਲਿਸਤਾਨੀ ਸਮਰਥਕਾਂ ਵਲੋਂ ਰੋਸ ਪ੍ਰਦਰਸ਼ਨ ਸਵੇਰੇ 9 ਵਜੇ ਤੋਂ ਬਾਦ ਦੁਪਹਿਰ 3 ਵਜੇ ਤੱਕ ਕੀਤਾ ਗਿਆ। ਮੌਕੇ ਤੇ ਮੌਜੂਦ ਇਕ ਆਰ ਸੀ ਐਮ ਪੀ ਅਧਿਕਾਰੀ ਵਲੋਂ ਦੋਵਾਂ ਧਿਰਾਂ ਨਾਲ ਗੱਲਬਾਤ ਉਪਰੰਤ ਹੀ ਰੋਸ ਪ੍ਰਦਰਸ਼ਨ ਸਮਾਪਤ ਕੀਤਾ ਗਿਆ।

ਸਰੀ ਸ਼ਹਿਰ ਵਿਚ ਦੋ ਧਿਰਾਂ ਵਲੋਂ ਫਿਰਕੂ ਤਣਾਅ ਅਤੇ ਨਫਰਤ ਫੈਲਾਉਣ ਦੀ ਇਸ ਘਟਨਾ  ਉਪਰ  ਸ਼ਾਂਤੀਪਸੰਦ ਸ਼ਹਿਰੀ ਚਿੰਤਾ ਵਿਚ ਹਨ।