Headlines

ਇਟਲੀ ਦੇ ਉੱਘੇ ਭਾਰਤੀ ਸਿਆਸਤਦਾਨ ਕਰਮਜੀਤ ਸਿੰਘ ਢਿੱਲੋਂ ਦਾ ਦਿਹਾਂਤ 

 * ਇਟਲੀ ਦੇ ਸਿਆਸੀ ,ਧਾਰਮਿਕ ਤੇ ਖੇਡ ਖੇਤਰ ਨਾਲ ਸਬੰਧਤ ਆਗੂਆਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ *
 ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਇਟਲੀ ਦੀ ਭਾਰਤੀ ਸਿਆਸਤ ਦੇ ਧੁਰੇ ਮੰਨੇ ਜਾਣ ਵਾਲੇ ਕਰਮਜੀਤ ਸਿੰਘ ਢਿੱਲੋਂ ਤਾਸ਼ਪੁਰ(ਕਪੂਰਥਲਾ)ਦਾ ਅੱਜ ਲਾਤੀਨਾ ਦੇ ਹਸਪਤਾਲ ਵਿਖੇ ਦਿਹਾਂਤ  ਹੋ ਗਿਆ ਹੈ।64 ਸਾਲਾਂ ਦੇ ਕਰਮਜੀਤ ਸਿੰਘ ਢਿੱਲੋਂ ਜੋ ਕਿ ਪਿਛਲੇ ਕਈ ਮਹੀਨਿਆਂ ਤੋਂ ਬਿਮਾਰ ਚਲੇ ਆ ਰਹੇ ਹਨ ਉਹ ਇਟਲੀ ਦੀ ਭਾਰਤੀ ਸਿਆਸਤ ਵਿੱਚ ਲੰਬਾ ਸਮਾਂ ਸਰਗਰਮ ਰਹੇ।ਇੱਦਾਂ ਵੀ ਮੰਨਿਆਂ ਜਾਂਦਾ ਹੈ ਕਿ ਇਟਲੀ ਵਿੱਚ ਭਾਰਤੀ ਸਿਆਸਤ ਨੂੰ ਹੋਂਦ ਵਿੱਚ ਲਿਆਉਣ ਵਾਲੇ ਉਹੀ ਸਨ ਜਿਹੜੇ ਕਿ ਕਾਫ਼ੀ ਸਮਾਂ ਇੰਡੀਅਨ ਓਵਰਸੀਜ ਕਾਂਗਰਸ ਇਟਲੀ ਦੇ ਪ੍ਰਧਾਨ ਵੀ ਰਹੇ ਇਸ ਨਾਲ ਉਹ ਆਖ਼ਰੀ ਸਾਹ ਤੱਕ ਐਨ,ਆਰ,ਆਈ ਸਭਾ ਇਟਲੀ ਦੇ ਪ੍ਰਧਾਨ ਵੀ ਰਹੇ।ਕਰਮਜੀਤ ਸਿੰਘ ਢਿੱਲੋਂ ਇੱਕੋ ਸਮੇਂ ਗੁਰਦੁਆਰਾ ਸਿੰਘ ਸਭਾ ਸਬਾਊਦੀਆ ਦਾ ਪ੍ਰਧਾਨ,ਮਹਾਰਾਜਾ ਸਪੋਰਟਸ ਕਲੱਬ ਸਬਾਊਦੀਆ ਦਾ ਪ੍ਰਧਾਨ,ਐਨ,ਆਰ ਸਭਾ ਇਟਲੀ ਦਾ ਪ੍ਰਧਾਨ,ਇੰਡੀਅਨ ਓਵਰਸੀਜ ਕਾਂਗਰਸ ਇਟਲੀ ਦਾ ਪ੍ਰਧਾਨ,ਕਬੱਡੀ ਫੈਡਰੇਸ਼ਨ ਇਟਲੀ ਦਾ ਪ੍ਰਧਾਨ ਵੀ ਰਹੇ।ਗੁਰਦੁਆਰਾ ਸਿੰਘ ਸਭਾ ਸਬਾਊਦੀਆ ਦੇ ਵੀ ਉਹ ਆਖ਼ਰੀ ਸਾਹਾਂ ਤੱਕ ਪ੍ਰਧਾਨ ਰਹੇ।ਲਾਸੀਓ ਸੂਬੇ ਦਾ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਸਬਾਊਦੀਆ ਵਿਖੇ ਜੋ ਬਣ ਕੇ ਲਗਭਗ ਤਿਆਰ ਇਹ ਵੀ ਢਿੱਲੋਂ ਦੀਆਂ ਅਣਥੱਕ ਕੋਸਿ਼ਸਾਂ ਦਾ ਫਲ ਹੈ।ਉਹ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਪ੍ਰਧਾਨ ਰਹੇ ਤੇ ਇਟਲੀ ਵਿੱਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਵੀ ਉਹਨਾਂ ਕਾਫ਼ੀ ਜੱਦੋ-ਜਹਿਦ ਕੀਤੀ।ਪੰਜਾਬੀਆਂ ਦੀ ਮਾਂ ਖੇਡ ਕੱਬਡੀ ਨੂੰ ਵੀ ਇਟਲੀ ਵਿੱਚ ਸਥਾਪਿਤ ਕਰਨ ਲਈ ਢਿੱਲੋਂ ਦਾ ਵੱਡਾ ਯੋਗਦਾਨ ਰਿਹਾ।ਜਿਸ ਲਈ ਖੇਡ ਪ੍ਰੇਮੀ ਉਹਨਾਂ ਨੂੰ ਹਮੇਸਾਂ ਯਾਦ ਕਰਦੇ ਰਹਿਣਗੇ।ਕਰਮਜੀਤ ਸਿੰਘ ਢਿੱਲੋਂ ਆਪਣੇ ਪਿਛੇ ਵਿਧਵਾ ਪਤਨੀ ਤੋਂ ਇਲਾਵਾ 2 ਬੱਚਿਆਂ ਨੂੰ  ਛੱਡ ਗਏ ਹਨ।ਇਟਲੀ ਦੇ ਵੱਖ ਧਾਰਮਿਕ ਆਗੂਆਂ,ਭਾਰਤੀ ਸਿਆਸੀ ਪਾਰਟੀਆਂ ਦੇ ਆਗੂਆਂ ਤੇ ਖੇਡ ਖੇਤਰ ਦੇ ਆਗੂਆਂ ਨੇ ਢਿੱਲੋਂ ਦੀ ਮੌਤ ਤੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।