Headlines

ਨਿੱਝਰ ਦੇ ਕਤਲ ਨਾਲ ਜੁੜੀ ਹੋਈ ਸੀ ਪਨੂੰ ਨੂੰ ਮਾਰਨ ਦੀ ਕਥਿਤ ਸਾਜਿਸ਼-ਅਮਰੀਕੀ ਜਾਂਚ ’ਚ ਖੁਲਾਸਾ

ਭਾਰਤੀ ਏਜੰਟ ਨਖਿਲ ਗੁਪਤਾ ਨੇ ਪੰਨੂ ਨੂੰ ਮਾਰਨ ਲਈ 1 ਲੱਖ ਡਾਲਰ ਦੀ ਸੁਪਾਰੀ ਦੇਣ ਦਾ ਕੀਤਾ ਸੀ ਇਕਰਾਰ –

ਚੈਕ ਗਣਰਾਜ ਦੀ ਪੁਲਿਸ ਨੇ 5 ਮਹੀਨੇ ਪਹਿਲਾਂ ਨਖਿਲ ਗੁਪਤਾ ਨੂੰ ਕੀਤਾ ਗ੍ਰਿਫਤਾਰ-

ਵਾਸ਼ਿੰਗਟਨ ਪੋਸਟ ਦੀ ਵਿਸ਼ੇਸ਼ ਰਿਪੋਰਟ ਵਿਚ ਧਮਾਕਾਖੇਜ਼ ਖੁਲਾਸੇ –

ਨਿਊਯਾਰਕ ( ਦੇ ਪ੍ਰ ਬਿ)-ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਨਿਊਯਾਰਕ ਵਿਚ ਕੈਨੇਡੀਅਨ-ਅਮਰੀਕੀ ਸਿੱਖ ਕਾਰਕੁਨ ਗੁਰਪਤਵੰਤ ਸਿੰਘ ਪਨੂੰ ਨੂੰ ਮਾਰਨ ਦੀ ਨਾਕਾਮ ਕੀਤੀ ਯੋਜਨਾ ਦੀ ਜਾਂਚ ਵਿਚ ਇਸ ਸਾਲ ਦੇ ਸ਼ੁਰੂ ਵਿਚ ਬੀਸੀ ਦੇ ਸਿੱਖ ਵੱਖਵਾਦੀ ਨੇਤਾ ਹਰਦੀਪ ਸਿੰਘ ਨਿੱਝਰ ਨੂੰ ਸਰੀ ਦੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿਚ ਕਤਲ ਕਰਨ ਅਤੇ ਭਾਰਤ ਸਰਕਾਰ ਵਲੋਂ ਕੈਨੇਡਾ ਵਿਚ ਕਤਲਾਂ ਦੀ ਲੜੀ ਨੂੰ ਅੰਜਾਮ ਦੇਣ ਦੀ ਕਥਿਤ ਸਾਜਿਸ਼ ਨਾਲ ਜੁੜੇ ਹੋਣ ਦਾ ਪਤਾ ਲੱਗਾ ਹੈ| ਨਿਊਯਾਰਕ ਵਿਚ ਇਕ ਅਪਰਾਧਿਕ ਦੋਸ਼ ਪੱਤਰ ਵਿਚ ਕਿਹਾ ਗਿਆ ਹੈ ਕਿ ਨਿੱਝਰ ਦੀ ਮੌਤ ਤੋਂ ਦੋ ਹਫ਼ਤੇ ਤੋਂ ਵੀ ਘੱਟ ਸਮਾਂ ਪਹਿਲਾਂ ਅਮਰੀਕਾ ਆਧਾਰਿਤ ਸਿੱਖ ਕਾਰਕੁਨ ਨੂੰ ਕਤਲ ਕਰਨ ਲਈ ਸੁਪਾਰੀ ਲੈਣ ਵਾਲੇ ਦੋਸ਼ੀ ਨੇ ਅਮਰੀਕਾ ਦੇ ਗੁਪਤ ਅਧਿਕਾਰੀ (ਅੰਡਰਕਵਰ ਅਫਸਰ) ਨੂੰ ਦੱਸਿਆ ਕਿ ਕੈਨੇਡਾ ਵਿਚ ਇਕ ਵੱਡਾ ਨਿਸ਼ਾਨਾ ਬਣਾਇਆ ਜਾਣਾ ਹੈ| ਅਦਾਲਤੀ ਦਸਤਾਵੇਜ਼ ਵਿਚ ਦੋਸ਼ ਲਗਾਇਆ ਗਿਆ ਹੈ ਕਿ ਭਾਰਤ ਸਰਕਾਰ ਦਾ ਇਕ ਮੁਲਾਜ਼ਮ ਉੱਤਰੀ ਅਮਰੀਕਾ ਵਿਚ ਸਿੱਖ ਕਾਰਕੁਨਾਂ ਨੂੰ ਮਾਰਨ ਲਈ ਕਈ ਹੱਤਿਆਵਾਂ ਦੀ ਸਾਜਿਸ਼ ਸਮੇਤ ਘਟਨਾਵਾਂ ਵਿਚ ਮਦਦ ਕਰ ਰਿਹਾ ਸੀ| ਕਥਿਤ ਅਮਰੀਕੀ ਜਾਂਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਸਤੰਬਰ ਵਿਚ ਲਗਾਏ ਦੋਸ਼ਾਂ ਨਾਲ ਮੇਲ ਖਾਂਦੀ ਹੈ ਕਿ ਨਿੱਝਰ ਦੇ ਕਤਲ ਪਿੱਛੇ ਭਾਰਤ ਸਰਕਾਰ ਦਾ ਹੱਥ ਹੈ| ਟਰੂਡੋ ਨੇ ਕਿਹਾ ਕਿ ਅਮਰੀਕੀ ਜਾਂਚ ਦੋਸ਼ਾਂ ਤੋਂ ਪਤਾ ਲਗਦਾ ਹੈ ਕਿ ਜਦੋਂ ਉਸ ਨੇ ਭਾਰਤ ਸਰਕਾਰ ਖਿਲਾਫ ਦੋਸ਼ ਲਗਾਏ ਸਨ ਤਾਂ ਉਹ ਸਹੀ ਸੀ| ਉਨ੍ਹਾਂ ਕਿਹਾ ਕਿ ਅਮਰੀਕਾ ਤੋਂ ਆ ਰਹੀਆਂ ਖ਼ਬਰਾਂ ਇਸ ਗੱਲ ’ਤੇ ਜ਼ੋਰ ਦੇ ਰਹੀਆਂ ਹਨ ਕਿ ਭਾਰਤ ਨੂੰ ਇਸ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ| ਦੋਸ਼ ਪੱਤਰ ਵਿਚ ਅਮਰੀਕਾ ਨਿਵਾਸੀ ਸਿੱਖ ਕਾਰਕੁਨ ਦੇ ਨਾਂਅ ਦਾ ਜ਼ਿਕਰ ਨਹੀਂ ਪਰ ਵਾਸ਼ਿੰਗਟਨ ਪੋਸਟ ਨੇ ਬਾਇਡਨ ਪ੍ਰਸ਼ਾਸਨ ਦੇ ਇਕ ਸੀਨੀਅਰ ਸਰੋਤ ਦੇ ਹਵਾਲੇ ਨਾਲ ਕਿਹਾ ਕਿ ਨਿਸ਼ਾਨਾ ਬਣਾਇਆ ਜਾਣ ਵਾਲਾ ਅਮਰੀਕਾ ਅਧਾਰਤ ਸਿੱਖਸ ਫਾਰ ਜਸਟਿਸ ਦਾ ਆਗੂ  ਗੁਰਪਤਵੰਤ ਸਿੰਘ ਪਨੂੰ ਸੀ| ਇਹ ਸੰਗਠਨ ਉੱਤਰੀ ਭਾਰਤ ਵਿਚ ਆਜ਼ਾਦ ਸਿੱਖ ਰਾਜ ਖਾਲਿਸਤਾਨ ਬਣਾਉਣ ਲਈ ਮੁਹਿੰਮ ਚਲਾ ਰਿਹਾ ਹੈ| ਭਾਰਤੀ ਨਾਗਰਿਕ ਨਿਖਿਲ ਗੁਪਤਾ ਜਿਸ ਨੂੰ ਪੰਜ ਮਹੀਨੇ ਪਹਿਲਾਂ ਚੈੱਕ ਗਣਰਾਜ ਵਿਚ ਗ੍ਰਿਫਤਾਰ ਕੀਤਾ ਸੀ ਨੂੰ ਭਾਰਤ ਸਰਕਾਰ ਦੇ ਇਕ ਅਧਿਕਾਰੀ ਨੇ ਪਨੂੰ ਨੂੰ ਮਾਰਨ ਲਈ ਕਥਿਤ ਰੂਪ ਵਿਚ ਭਰਤੀ ਕੀਤਾ ਸੀ| ਦੋਸ਼ ਪੱਤਰ ਵਿਚ ਕਿਹਾ ਗਿਆ ਕਿ ਭਾਰਤੀ ਏਜੰਟ ਨੇ ਆਪਣੇ ਆਪ ਨੂੰ ਸੀਨੀਅਰ ਫੀਲਡ ਅਫਸਰ ਆਖਿਆ ਸੀ ਜਿਸ ਨੇ ਪਹਿਲਾਂ ਦੇਸ਼ ਦੀ ਸੈਂਟਰਲ ਰਿਜ਼ਰਵ ਪੁਲਿਸ ਫੋਰਸ ਵਿਚ ਨੌਕਰੀ ਕੀਤੀ ਅਤੇ ਫਿਰ ਉਹ ਸੁਰੱਖਿਆ ਅਤੇ ਖੁਫ਼ੀਆ ਮਾਮਲਿਆਂ ਵਿਚ ਜ਼ਿੰਮੇਵਾਰੀਆਂ ਨਿਭਾਉਂਦਾ ਰਿਹਾ ਹੈ| ਕਥਿਤ ਭਾਰਤੀ ਏਜੰਟ ਨੇ ਪਨੂੰ ਨੂੰ ਮਾਰਨ ਲਈ ਕਥਿਤ ਹਮਲਾਵਰ ਨੂੰ ਇਕ ਲੱਖ ਅਮਰੀਕੀ ਡਾਲਰ ਦੇਣ ਲਈ ਸਹਿਮਤੀ ਪ੍ਰਗਟਾਈ ਸੀ ਜਿਹੜਾ ਕਿ ਅਸਲ ਵਿਚ ਅੰਡਰਕਵਰ ਪੁਲਿਸ ਅਫਸਰ ਸੀ| ਗੁਪਤਾ ਨੇ ਕਥਿਤ ਹਮਲਾਵਰ (ਹਿਟਮੈਨ) ਨੂੰ ਕਿਹਾ ਕਿ ਉਹ ਜੂਨ ਦੇ ਸ਼ੁਰੂ ਵਿਚ ਹਮਲਾ ਨਾ ਕਰੇ ਕਿਉਂਕਿ ਉਸ ਸਮੇਂ ਭਾਰਤੀ ਤੇ ਅਮਰੀਕੀ ਅਧਿਕਾਰੀਆਂ ਵਿਚਾਲੇ  ਉੱਚ ਪੱਧਰੀ ਮੀਟਿੰਗਾਂ ਹੋਣ ਵਾਲੀਆਂ ਹਨ ਅਤੇ ਰਾਜਸੀ ਨਤੀਜੇ ਸਾਹਮਣੇ ਆਉਣ ਦੀ ਸੰਭਾਵਨਾ ਹੈ| ਅਮਰੀਕੀ ਪ੍ਰੋਸੀਕਿਊਟਰਜ਼ ਵਲੋਂ  ਦਾਇਰ ਦੋਸ਼ਾਂ ਮੁਤਾਬਿਕ ਨਿੱਝਰ ਦੇ ਕਤਲ ਤੋਂ ਕੁਝ ਦਿਨ ਪਹਿਲਾਂ ਗੁਪਤਾ ਨੇ ਅੰਡਰਕਵਰ ਅਫਸਰ ਜਿਸ ਨੂੰ ਉਹ ਸ਼ੂਟਰ ਜਾਂ ਅਪਰਾਧਿਕ ਸਰਗਨਾ ਸਮਝਦਾ ਸੀ ਨੂੰ ਦੱਸਿਆ ਕਿ ਸਾਨੂੰ ਇਕ ਹੋਰ ਹੱਤਿਆ ਲਈ ਕੈਨੇਡਾ ਵਿਚ ਇਕ ਚੰਗੀ ਟੀਮ ਦੀ ਲੋੜ ਹੈ| ਗੁਪਤਾ ਨੇ ਅੰਡਰਕਵਰ ਅਧਿਕਾਰੀ ਨੂੰ ਬਾਅਦ ਵਿਚ ਦੱਸਿਆ ਕਿ ਕੈਨੇਡਾ ਤੇ ਅਮਰੀਕਾ ਵਿਚ ਜਿਨ੍ਹਾਂ ਵਿਅਕਤੀਆਂ ਦੀ ਹੱਤਿਆ ਕੀਤੀ ਜਾਣੀ ਹੈ ਉਨ੍ਹਾਂ ਵਿਚ ਨਿੱਝਰ 3 ਜਾਂ 4 ਨੰਬਰ ’ਤੇ ਆਉਂਦਾ ਹੈ| ਨਿੱਝਰ ਦੇ ਕਤਲ ਤੋਂ ਕੁਝ ਘੰਟੇ ਬਾਅਦ ਉਸ ਨੇ ਅਫਸਰ ਨੂੰ ਇਕ ਵੀਡੀਓ ਕਲਿਪ ਭੇਜੀ ਜਿਸ ਵਿਚ ਨਿੱਝਰ ਦੀ ਲਾਸ਼ ਉਸ ਦੀ ਗੱਡੀ ਵਿਚ ਖੂਨ ਨਾਲ ਲੱਥਪਥ ਦਿਖਾਈ ਦਿੱਤੀ ਅਤੇ ਕਿਹਾ ਕਿ ਹੁਣ ਪਨੂੰ ਨੂੰ ਕਤਲ ਕਰਨ ਲਈ ਉਡੀਕ ਕਰਨ ਦੀ ਲੋੜ ਨਹੀਂ| ਨਿੱਝਰ ਦੇ ਕਤਲ ਤੋਂ ਦੋ ਦਿਨ ਪਿੱਛੋਂ ਗੁਪਤਾ ਨੇ ਅੰਡਰਕਵਰ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਉਹ ਅਮਰੀਕੀ ਨਿਸ਼ਾਨੇ ਲਈ ਤੁਰੰਤ ਕਾਰਵਾਈ ਕਰੇ ਅਤੇ 29 ਜੂਨ ਤੱਕ ਅਸੀਂ ਚਾਰ ਕੰਮ ਖਤਮ ਕਰਨੇ ਹਨ, ਜਿਸ ਵਿਚ ਇਕ ਅਮਰੀਕਾ ਅਤੇ ਤਿੰਨ ਕੈਨੇਡਾ ਵਿਚ ਹੋਰ ਨਿਸ਼ਾਨੇ ਸਨ|

ਅਮਰੀਕੀ ਨਿਆਂ ਵਿਭਾਗ ਦੀ ਕਾਰਵਾਈ ਦੇ ਉਲਟ ਕੈਨੇਡਾ ਨੇ ਨਿੱਝਰ ਦੇ ਕਤਲ ਵਿਚ ਹੁਣ ਤੱਕ ਕੋਈ ਦੋਸ਼ ਆਇਦ ਨਹੀਂ ਕੀਤੇ ਅਤੇ ਨਾ ਹੀ ਆਰ ਸੀ ਐਮ ਪੀ ਨੇ ਨਿੱਝਰ ਦੇ ਕਤਲ ਦੀ ਜਾਂਚ ਵਿਚ ਕਿਸੇ ਤੱਥ ਦੇ ਪਤਾ ਲੱਗਣ ਦਾ ਐਲਾਨ ਕੀਤਾ ਹੈ | ਜਸਟਿਨ ਟਰੂਡੋ ਨੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੂੰ ਕਿਹਾ ਕਿ ਉਹ ਕਾਤਲਾਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਉਣ ਲਈ ਕੈਨੇਡੀਅਨ ਲਾਅ ਇਨਫੋਰਸਮੈਂਟ ਨਾਲ ਸਹਿਯੋਗ ਕਰੇ|
ਭਾਰਤ ਨੇ ਕੀਤੀ ਜਾਂਚ ਸ਼ੁਰੂ-
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤ ਨੇ ਅਮਰੀਕਾ ਵਲੋਂ ਲਗਾਏ ਦੋਸ਼ਾਂ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਜਾਂਚ ਸ਼ੁਰੂ ਕੀਤੀ ਹੈ| ਉਨ੍ਹਾਂ ਦੱਸਿਆ ਕਿ ਦੁਵੱਲੇ ਸੁਰੱਖਿਆ ਸਹਿਯੋਗ ਸਬੰਧੀ ਚਰਚਾ ਦੌਰਾਨ ਅਮਰੀਕੀ ਧਿਰ ਨੇ ਸੰਗਠਿਤ ਅਪਰਾਧੀ, ਹਥਿਆਰਬੰਦ ਅਪਰਾਧੀ, ਅੱਤਵਾਦੀਆਂ ਤੇ ਦੂਸਰਿਆਂ ਵਿਚਕਾਰ ਗਠਜੋੜ ਬਾਰੇ ਜਾਣਕਾਰੀ ਦਿੱਤੀ ਹੈ| ਇਸ ਸੰਦਰਭ ਵਿਚ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਭਾਰਤ ਸਰਕਾਰ ਨੇ 18 ਨਵੰਬਰ 2023 ਨੂੰ ਮਾਮਲੇ ਦੇ ਸਬੰਧਤ ਪਹਿਲੂਆਂ ਦੀ ਘੋਖ ਲਈ ਇਕ ਉੱਚ ਪੱਧਰੀ ਜਾਂਚ ਕਮੇਟੀ ਗਠਿਤ ਕੀਤੀ ਹੈ| ਬਾਗਚੀ ਨੇ ਨਿੱਝਰ ਦੇ ਕਤਲ ਅਤੇ ਦੂਸਰੇ ਤਿੰਨ ਕੈਨੇਡੀਅਨ ਸੰਭਾਵੀ ਨਿਸ਼ਾਨਿਆਂ ਜਿਨ੍ਹਾਂ ਦਾ ਅਮਰੀਕੀ ਦੋਸ਼ਾਂ ਵਿਚ ਜ਼ਿਕਰ ਹੈ ਬਾਰੇ ਕੈਨੇਡੀਅਨ ਚਿੰਤਾਵਾਂ ਨੂੰ ਦੂਰ ਨਹੀਂ ਕੀਤਾ| ਭਾਰਤ ਨੇ ਨਿੱਝਰ ਦੇ ਕਤਲ ਵਿਚ ਕਿਸੇ ਵੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ ਅਤੇ ਟਰੂਡੋ ਵਲੋਂ ਲਗਾਏ ਦੋਸ਼ਾਂ ਕਾਰਨ ਭਾਰਤ ਅਤੇ ਕੈਨੇਡਾ ਵਿਚਕਾਰ ਕੂਟਨੀਤਕ ਦਰਾੜ ਪੈਦਾ ਹੋ ਗਈ ਹੈ| ਇਸੇ ਦੌਰਾਨ ਇਹ ਗੱਲ ਸਪੱਸ਼ਟ ਨਹੀਂ ਕਿ ਭਾਰਤ ਦੀ ਜਾਂਚ ਵਿਚ ਹੁਣ ਤੱਕ ਕੋਈ ਗੱਲ ਸਾਹਮਣੇ ਆਈ ਹੈ ਜਾਂ ਨਹੀਂ ਜਾਂ ਨਤੀਜਾ ਕੀ ਹੋਵੇਗਾ|