Headlines

ਚੋਹਲਾ ਸਾਹਿਬ ਪੈਟਰੋਲ ਪੰਪ ‘ਤੇ ਲੁੱਟ-ਪੰਪ ਦੇ ਕਰਿੰਦੇ ਕੋਲੋਂ 25 ਹਜ਼ਾਰ ਦੇ ਕਰੀਬ ਖੋਹੀ ਨਗਦੀ

ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ, 29 ਨਵੰਬਰ –
ਜ਼ਿਲ੍ਹਾ ਤਰਨਤਾਰਨ ਦੇ ਕਸਬਾ ਚੋਹਲਾ ਸਾਹਿਬ ਵਿਖੇ ਘੋੜੇ ਵਾਲਾ ਚੌਕ ਦੇ ਨੇੜੇ ਸਥਿਤ ਪੈਟਰੋਲ ਪੰਪ (ਐਵਰਗਰੀਨ ਫਿਲਿੰਗ ਸਟੇਸ਼ਨ) ਉੱਪਰ ਦਿਨ ਦਿਹਾੜੇ ਸਵਿਫਟ ਕਾਰ ‘ਤੇ ਆਏ ਤਿੰਨ ਹਥਿਆਰਬੰਦ ਨਕਾਬਪੋਸ਼ ਲੁਟੇਰਿਆਂ ਵਲੋਂ ਬੜੀ ਦਲੇਰੀ ਨਾਲ ਪੈਟਰੋਲ ਪੰਪ ਦੇ ਕਰਿੰਦੇ ਕੋਲੋਂ ਪਿਸਤੌਲ ਦੀ ਨੋਕ ‘ਤੇ 25 ਹਜ਼ਾਰ ਰੁਪਏ ਦੇ ਕਰੀਬ ਨਗਦੀ ਖੋਹ ਲਈ ਗਈ ਅਤੇ ਫ਼ਰਾਰ ਹੋ ਗਏ।ਵਾਰਦਾਤ ਦੀ ਸਾਰੀ ਘਟਨਾ ਪੈਟਰੋਲ ਪੰਪ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਈ ਹੈ। ਘਟਨਾ ਦਾ ਪਤਾ ਲੱਗਣ ਤੋਂ ਤੁਰੰਤ ਬਾਅਦ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਪਾਰਟੀ ਵਲੋਂ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਪੈਟਰੋਲ ਪੰਪ ‘ਤੇ ਲੱਗੇ ਸੀਸੀਟੀਵੀ ਦੀ ਫੁਟੇਜ ਵਿੱਚ ਉਹ ਸਵਿਫਟ ਕਾਰ ਜਿਸ ਵਿੱਚ ਲੁਟੇਰੇ ਸਵਾਰ ਸਨ,ਦਾ ਕਥਿਤ ਨੰਬਰ ਵੀ ਸਾਫ਼ ਦਿਖਾਈ ਦੇ ਰਿਹਾ ਹੈ।ਲੁੱਟ ਦਾ ਸ਼ਿਕਾਰ ਹੋਏ ਪੈਟਰੋਲ ਪੰਪ ਦੇ ਕਰਿੰਦੇ ਕੁਲਦੀਪ ਸਿੰਘ ਕਾਲਾ ਨੇ ਦੱਸਿਆ ਕਿ ਸਵਿਫਟ ਕਾਰ ਵਿੱਚ ਸਵਾਰ ਤਿੰਨਾਂ ਲੁਟੇਰਿਆਂ ਦੇ ਹੱਥਾਂ ਵਿੱਚ ਪਿਸਤੌਲ ਸਨ,ਜੋ ਕਾਰ ਵਿਚੋਂ ਉਤਰਦੇ ਹੀ ਉਸ ਵੱਲ ਆਏ ਅਤੇ ਪਿਸਤੌਲ ਦਿਖਾ ਕੇ ਉਸ ਕੋਲੋਂ ਪੰਪ ਦੀ ਸੇਲ ਜ਼ੋ 25 ਹਜ਼ਾਰ ਰੁਪਏ ਦੇ ਕਰੀਬ ਸੀ ਸਾਰੇ ਪੈਸੇ ਖੋਹ ਲਏ ਗਏ। ਬਾਅਦ ਵਿਚ ਲੁਟੇਰੇ ਪਿਸਤੌਲ ਦੀ ਨੋਕ ‘ਤੇ ਹੀ ਉਸਨੂੰ ਪੰਪ ਦੇ ਦਫ਼ਤਰ ਵਿੱਚ ਲੈ ਗਏ ਅਤੇ ਪੈਸਿਆਂ ਵਾਲੇ ਦਰਾਜ਼ ਦੀ ਚਾਬੀ ਦੀ ਮੰਗ ਕੀਤੀ,ਪਰ ਉਸ ਵਲੋਂ ਚਾਬੀ ਕੋਲ ਨਾ ਹੋਣ ਦੇ ਕਹਿਣ ਤੋਂ ਬਾਅਦ ਲੁਟੇਰੇ ਤੁਰੰਤ ਸਰਹਾਲੀ ਵਾਲੇ ਰੋਡ ਵੱਲ ਫ਼ਰਾਰ ਹੋ ਗਏ। ਪੰਪ ਦੇ ਕਰਿੰਦੇ ਨੇ ਦੱਸਿਆ ਕਿ ਪੰਪ ‘ਤੇ ਸਾਰਾ ਦਿਨ ਗਾਹਕਾਂ ਦੀ ਭੀੜ ਲੱਗੀ ਰਹਿੰਦੀ ਹੈ,ਪਰ ਲੁਟੇਰਿਆਂ ਵਲੋਂ ਬੜੇ ਹੀ ਦਲੇਰਾਨਾ ਢੰਗ ਨਾਲ ਸਾਰੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਉਸਨੇ ਕਿਹਾ ਕਿ ਵਾਰਦਾਤ ਵੇਲੇ ਪੈਟਰੋਲ ਪੰਪ ‘ਤੇ ਹੋਰ ਲੋਕ ਵੀ ਖੜ੍ਹੇ ਸਨ,ਜੋ ਹਥਿਆਰਬੰਦ ਲੁਟੇਰਿਆਂ ਨੂੰ ਦੇਖਕੇ ਡਰਦੇ ਹੋਏ ਪਾਸੇ ਹੋ ਗਏ। ਚਿੱਟੇ ਦਿਨ ਵਾਪਰੀ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ।ਵਾਰਦਾਤ ਦਾ ਪਤਾ ਲੱਗਣ ਤੋਂ ਤੁਰੰਤ ਬਾਅਦ ਹੀ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਪਾਰਟੀ ਘਟਨਾ ਸਥਾਨ ‘ਤੇ ਪਹੁੰਚੀ ਅਤੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।ਥਾਣਾ ਚੋਹਲਾ ਸਾਹਿਬ ਦੇ ਐਸ.ਐਚ.ਓ ਸਬ ਇੰਸਪੈਕਟਰ ਵਿਨੋਦ ਸ਼ਰਮਾ ਨੇ ਕਿਹਾ ਕਿ ਉਕਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਜਲਦ ਹੀ ਪੁਲਿਸ ਦੀ ਪਕੜ ਵਿੱਚ ਹੋਣਗੇ।