Headlines

ਬੋਰਗੋ ਹਰਮਾਦਾ(ਲਾਤੀਨਾ)ਵਿਖੇ ਸੀ ਜੀ ਆਈ ਐਲ ਨੇ ਮਜ਼ਦੂਰ ਵਰਗ ਦੀਆਂ ਦਰਪੇਸ਼ ਮੁਸ਼ਕਿਲਾਂ ਲਈ ਖੋਲਿਆ ਦਫ਼ਤਰ 

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) -ਇਟਲੀ ਵਿੱਚ ਮਜ਼ਦੂਰ ਵਰਗ ਜਾਂ ਪ੍ਰਵਾਸੀ ਮਜ਼ਦੂਰਾਂ ਲਈ ਸੰਘਰਸ਼ ਕਰਦੀ ਇਟਲੀ ਦੀ ਪ੍ਰਸਿੱਧ ਟਰੇਡ ਯੂਨੀਅਨ ਸੀ ਜੀ ਆਈ ਐਲ ਜਿਸ ਨੂੰ 9 ਜੂਨ 1944 ਈਂ : ਨੂੰ ਉੱਘੇ ਮਜ਼ਦੂਰ ਆਗੂ ਜੁਸੇਪੇ ਵਿਤੋਰੀਓ ਨੇ ਰੋਮ ਵਿਖੇ ਸਥਾਪਿਤ ਕੀਤਾ ਚਾਹੇ ਕਿ ਇਹ ਜੱਥੇਬੰਦੀਆਂ 1891ਈ: ਤੋਂ ਜਮੀਨੀ ਪੱਧਰ ਤੇ ਕੰਮ ਕਰ ਰਹੀ ਸੀ ਪਰ ਇਸ ਨੂੰ ਸਹੀ ਪਹਿਚਾਣ 1944 ਵਿੱਚ ਹੀ ਮਿਲੀ।ਪਿਛਲੇ ਕਈ ਦਹਾਕਿਆਂ ਤੋਂ ਇਟਲੀ ਦੇ ਮਜ਼ਦੂਰਾਂ ਨਾਲ ਮੋਢੇ ਨਾਲ ਮੋਢਾ ਲਾ ਖੜ੍ਹਦੀ ਆ ਰਹੀ ਇਹ ਜੱਥੇਬੰਦੀ 30 ਦੇਸ਼ਾਂ ਵਿੱਚ ਸਰਗਰਮ ਹੈ ਜਿਸ ਤਹਿਤ ਕਿ ਇਸ ਦੇ 5 ਮਿਲੀਅਨ ਤੋਂ ਵੀ ਵੱਧ ਮੈਂਬਰ ਹਨ ਜਿਹੜੇ ਕਿ ਲੋਕ ਹਿੱਤਾਂ ਲਈ ਜੂਝ ਰਹੇ ਹਨ।ਇਟਲੀ ਵਿੱਚ ਮਜ਼ਦੂਰ ਵਰਗ ਦਾ ਜਦੋਂ ਵੀ ਸੋਸ਼ਣ ਹੁੰਦਾ ਹੈ ਤਾਂ ਜੱਥੇਬੰਦੀ ਨੇ ਸੰਘਰਸ਼ ਵਿੱਢਿਆ ਤੇ ਜਿੱਤ ਪ੍ਰਾਪਤ ਕੀਤੀ।ਸੀ ਜੀ ਆਈ ਐਲ ਇਸ ਸਮੇਂ ਇਟਲੀ ਦੇ ਮਜ਼ਦੂਰ ਵਰਗ ਦੀ ਬੇਹੱਦ ਹਰਮਨ ਪਿਆਰੀ ਜੱਥੇਬੰਦੀ ਹੋਣ ਦਾ ਮਾਣ ਰੱਖਦੀ ਹੈ ਤੇ ਨਿੱਤ ਮਜ਼ਦੂਰਾਂ ਨਾਲ ਜਮੀਨੀ ਪੱਧਰ ਤੇ ਜੁੜਦੀ ਜਾ ਰਹੀ ਹੈ।ਮਜ਼ਦੂਰ ਵਰਗ ਦੀਆਂ ਦਰਪੇਸ਼ ਮੁਸ਼ਕਿਲਾਂ ਨੂੰ ਹੱਲ ਕਰਨ ਤੇ ਉਹਨਾਂ ਨੂੰ ਇਟਲੀ ਦੇ ਕਾਨੂੰਨ ਸੰਬਧੀ ਵਿਸਥਾਰਪੂਰਵਕ ਜਾਣਕਾਰੀ ਦੇਣ ਹਿੱਤ ਹੀ ਇਟਲੀ ਦੇ ਮਿੰਨੀ ਪੰਜਾਬ ਸਮਝੇ ਜਾਣ ਵਾਲਾ ਸੂਬਾ ਲਾਸੀਓ ਦੇ ਜਿ਼ਲ੍ਹਾ ਲਾਤੀਨਾ ਦੇ ਸ਼ਹਿਰ ਬੋਰਗੋ ਹਰਮਾਦਾ ਤੇਰਾਚੀਨਾ ਵਿਖੇ ਸੀ ਜੀ ਆਈ ਐਲ ਨੇ ਆਪਣਾ ਦਫ਼ਤਰ ਖੋਲਿਆ ਹੈ ਜਿਸ ਦਾ ਉਦਘਾਟਨ ਜੱਥੇਬੰਦੀ ਦੀ ਕੌਮੀ ਸੈਕਟਰੀ ਸਿਲਵੀਆ ਗੁਆਰਲਦੀ ਤੇ ਲਾਸੀਓ ਸੂਬੇ ਦੇ ਜਨਰਲ ਸਕੱਤਰ ਸਤੇਫਾਨੋ ਮੋਰੀਆ ਨੇ ਸਾਝੈ ਤੌਰ ਤੇ ਕੀਤਾ।ਇਸ ਦਫ਼ਤਰ ਦੀ ਇੰਚਾਰਜ ਭਾਰਤੀ ਮੂਲ ਦੀ ਪੰਜਾਬਣ ਹਰਦੀਪ ਕੌਰ ਨੂੰ ਬਣਾਇਆ ਗਿਆ ਹੈ ਜੋ ਕਿ ਲਾਤੀਨਾ ਤੇ ਫਰੋਜੀਨੋਨੇ ਜਿ਼ਲ੍ਹੇ ਨੂੰ ਸੀ ਜੀ ਆਈ ਐਲ ਦੀ ਸੇਵਾ ਪ੍ਰਦਾਨ ਕਰ ਰਹੀ ਹੈ ਇਹ ਕੁੜੀ ਸੂਬੇ ਦੀ ਪਹਿਲੀ ਪੰਜਾਬ ਦੀ ਧੀ ਹੈ ਜਿਸ ਨੂੰ ਕਿ ਇਹ ਸੇਵਾ ਮਿਲੀ।ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਹਰਦੀਪ ਕੌਰ ਨੇ ਆਪਣੇ ਦਫ਼ਤਰ ਸੰਬਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਇੱਥੇ ਇਟਲੀ ਦੇ ਕਾਨੂੰਨ ਨਾਲ ਸਬੰਧੀ ਪ੍ਰਵਾਾਸੀ ਮਜ਼ਦੂਰਾਂ ਨੂੰ ਬਿਲਕੁਲ ਮੁੱਫਤ ਸੇਵਾਵਾਂ ਪ੍ਰਦਾਨ ਕਰਨਗੇ।ਇਸ ਵਿੱਚ ਸਰਕਾਰ ਤੋਂ ਭੱਤਿਆਂ ਲਈ ਅਰਜ਼ੀ ਦੇਣਾ,ਨਿਵਾਸ ਆਗਿਆ ਵਧਾਉਣ ਲਈ ਕਿੱਟ ਤਿਆਰ ਕਰਨ ਜਾਂ ਕੰਮ ਨਾਲ ਸਬੰਧ ਕੋਈ ਵੀ ਪੇਪਰ ਤਿਆਰ ਕਰਨਾ ਹੋਵੇ।ਇਸ ਦਫ਼ਤਰ ਦੇ ਖੁਲੱਣ ਜਾਣ ਨਾਲ ਹੁਣ ਪ੍ਰਵਾਸੀ ਮਜ਼ਦੂਰ ਖਾਸਕਰ ਪੰਜਾਬੀਆਂ ਨੂੰ ਬੋਲੀ ਸੰਬਧੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।ਪੰਜਾਬੀ ਹੁਣ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਆਕੇ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਣਗੇ।ਇਸ ਮੌਕੇ ਇਲਾਕੇ ਦੇ ਭਾਰਤੀਆਂ ਨੇ ਸੀ ਜੀ ਆਈ ਐਲ ਜੱਥੇਬੰਦੀ ਦਾ ਇਸ ਸਲਾਂਘਾਯੋਗ ਕਾਰਜ਼ ਲਈ ਉਚੇਚਾ ਧੰਨਵਾਦ ਕੀਤਾ ਗਿਆ।