Headlines

ਸਰੀ-ਲੈਂਗਲੀ ਸਕਾਈਟਰੇਨ ਦੇ 8 ਸਟੇਸ਼ਨਾਂ ਦੇ ਨਾਵਾਂ ਦਾ ਰਸਮੀ ਐਲਾਨ

ਸਰੀ-ਬੀਤੇ ਦਿਨ ਸਰੀ ਤੋਂ ਲੈਂਗਲੀ ਤੱਕ ਸਕਾਈਟਰੇਨ ਦੇ ਸਟੇਸ਼ਨਾਂ ਦੇ ਨਾਵਾਂ ਦਾ ਰਸਮੀ ਐਲਾਨ ਕੀਤਾ ਗਿਆ। ਇਸ ਮੌਕੇ ਬੀ ਸੀ ਦੇ ਟਰਾਂਸਪੋਰਟ ਮੰਤਰੀ ਰੌਬ ਫਲੈਮਿੰਗ ਨੇ ਸਕਾਈਟਰੇਨ ਸਟੇਸ਼ਨਾਂ ਦੇ ਨਾਵਾਂ ਦਾ ਰਸਮੀ ਐਲਾਨ ਕਰਦਿਆਂ ਦੱਸਿਆ ਕਿ ਟਰੇਨ ਸਟੇਸ਼ਨਾਂ ਦੇ ਨਾਵਾਂ ਦੀ ਚੋਣ ਭੂਗੋਲਿਕ ਮਹੱਤਤਾ ਨੂੰ ਵੇਖਦਿਆਂ ਕੀਤੀ ਗਈ ਹੈ। ਇਸ 3 ਬਿਲੀਅਨ ਡਾਲਰ ਦੇ ਪ੍ਰਾਜੈਕਟ ਦੀ ਉਸਾਰੀ ਅਗਲੇ ਸਾਲ ਸ਼ੁਰੂ ਹੋ ਜਾਵੇਗੀ ਜੋ 2028 ਵਿਚ ਮੁਕੰਮਲ ਹੋਣ ਦੀ ਉਮੀਦ ਹੈ।
ਪਹਿਲਾਂ ਸੂਬਾ ਸਰਕਾਰ ਵਲੋਂ ਇਸ ਪ੍ਰਾਜੈਕਟ ਨੂੰ ਦੋ ਪੜਾਵਾਂ ਵਿਚ ਮੁਕੰਮਲ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਹੁਣ ਇਹ ਪ੍ਰਾਜੈਕਟ ਇਕ ਵਾਰ ਵਿਚ ਹੀ ਮੁਕੰਮਲ ਕੀਤਾ ਜਾਵੇਗਾ ਜਿਸ ਨਾਲ 500 ਮਿਲੀਅਨ ਡਾਲਰ ਦਾ ਬਚਤ ਹੋਵੇਗੀ।
ਇਸ ਮੌਕੇ ਟਰਾਂਸਲਿੰਕ ਦੇ ਸੀਈਓ ਕੇਵਿਨ ਕੁਇਨ ਨੇ ਕਿਹਾ ਕਿ ਸਰੀ ਤੋਂ ਲੈਂਗਲੀ ਤੱਕ ਇਹ  16-ਕਿਲੋਮੀਟਰ ਦਾ ਵਾਧਾ  ਪਿਛਲੇ 30 ਸਾਲਾਂ ਵਿੱਚ ਫਰੇਜ਼ਰ ਰਿਵਰ ਦੱਖਣ ਵਿੱਚ ਪਹਿਲਾ ਮਹੱਤਵਪੂਰਨ ਆਵਾਜਾਈ ਪ੍ਰੋਜੈਕਟ ਹੈ। ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਲੋਕ ਲੈਂਗਲੀ ਤੋਂ ਵੈਨਕੂਵਰ ਦਾ ਸਫਰ ਕੇਵਲ ਇਕ ਘੰਟੇ ਵਿਚ ਕਰ ਸਕਣਗੇ।

ਇਸ ਮੌਕੇ ਸਰੀ ਦੀ ਮੇਅਰ ਬਰੈਂਡਾ ਲੌਕ, ਲੈਂਗਲੀ ਸਿਟੀ ਮੇਅਰ ਨਾਥਨ ਪਾਚਲ, ਲੈਂਗਲੀ ਟਾਉਨਸ਼ਿਪ ਮੇਅਰ ਐਰਿਕ ਵੁੱਡਵਾਰਡ, ਸਿਟੀ ਸੈਂਟਰ ਤੋਂ ਐਮ ਪੀ ਰਣਦੀਪ ਸਿੰਘ ਸਰਾਏ, ਫਲੀਟਵੁੱਡ ਤੋਂ ਐਮ ਪੀ ਕੈਨ ਹਾਰਡੀ, ਕਲੋਵਰਡੇਲ-ਲੈਂਗਲੀ ਐਮ ਪੀ ਜੌਹਨ ਐਲਡਗ, ਐਮ ਐਲ ਏ ਜਗਰੂਪ ਬਰਾੜ, ਸਰੀ ਬਿਜਨੈਸ ਐਸੋਸੀਏਸ਼ਨ ਦੀ ਚੇਅਰਪਰਸਨ ਸਮਝ ਦਿਆਲ ਤੇ ਕਈ ਹੋਰ ਸ਼ਖਸੀਅਤਾਂ ਹਾਜ਼ਰ ਸਨ।

ਸਕਾਈਟਰੇਨ ਦੇ ਨਵੇਂ ਸਟੇਸ਼ਨ ਦੇ ਨਾਮ ਇਸ ਪ੍ਰਕਾਰ ਹੋਣਗੇ-
ਗ੍ਰੀਨ ਟਿੰਬਰਜ਼ ਸਟੇਸ਼ਨ (140ਵੀਂ ਸਟਰੀਟ ਅਤੇ ਫਰੇਜ਼ਰ ਹਾਈਵੇ)
152 ਸਟਰੀਟ ਸਟੇਸ਼ਨ  (152 ਵੀਂ ਸਟ੍ਰੀਟ ਅਤੇ ਫਰੇਜ਼ਰ ਹਾਈਵੇ)
ਫਲੀਟਵੁੱਡ ਸਟੇਸ਼ਨ (160ਵੀਂ ਸਟਰੀਟ ਅਤੇ ਫਰੇਜ਼ਰ ਹਾਈਵੇਅ)
ਬੇਕਰਵਿਊ-166 ਸਟਰੀਟ ਸਟੇਸ਼ਨ (166ਵੀਂ ਸਟਰੀਟ ਅਤੇ ਫਰੇਜ਼ਰ ਹਾਈਵੇ)
ਹਿਲਕ੍ਰੈਸਟ-184 ਸਟਰੀਟ ਸਟੇਸ਼ਨ (184ਵੀਂ ਸਟਰੀਟ ਅਤੇ ਫਰੇਜ਼ਰ ਹਾਈਵੇ)
ਕਲੇਟਨ ਸਟੇਸ਼ਨ (190ਵੀਂ ਸਟਰੀਟ ਅਤੇ ਫਰੇਜ਼ਰ ਹਾਈਵੇਅ)
ਵਿਲੋਬਰੂਕ ਸਟੇਸ਼ਨ (196ਵੀਂ ਸਟਰੀਟ ਅਤੇ ਫਰੇਜ਼ਰ ਹਾਈਵੇਅ)
ਲੈਂਗਲੇ ਸਿਟੀ ਸੈਂਟਰ ਸਟੇਸ਼ਨ (203 ਸਟਰੀਟ ਅਤੇ ਫਰੇਜ਼ਰ ਹਾਈਵੇ)