Headlines

ਬੀ ਸੀ ਵਿਚ ਭਾਰੀ ਮੀਂਹ, ਤੇਜ਼ ਹਵਾਵਾਂ, ਬਰਫਬਾਰੀ ਤੇ ਤੂਫਾਨ ਦੀ ਚੇਤਾਵਨੀ

ਵਿਕਟੋਰੀਆ –ਬੀ ਸੀ ਵਿਚ ਤੂਫਾਨ ਦੇ ਸੰਬੰਧ ਵਿੱਚ ਮੌਸਮ ਦੀਆਂ ਕਈ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ ਜਿਸ ਨਾਲ ਕੁਝ ਖੇਤਰਾਂ ਵਿੱਚ ਭਾਰੀ ਮੀਂਹ, ਤੇਜ਼ ਹਵਾਵਾਂ ਅਤੇ ਬਰਫਬਾਰੀ ਹੋ ਸਕਦੀ ਹੈ। ਤੂਫਾਨ ਬੀ.ਸੀ. ਨੂੰ ਸੋਮਵਾਰ, 4 ਦਸੰਬਰ ਨੂੰ ਪ੍ਰਭਾਵਤ ਕਰੇਗਾ ਅਤੇ ਮੰਗਲਵਾਰ, 5 ਦਸੰਬਰ ਨੂੰ ਘੱਟ ਹੋਣਾ ਚਾਹੀਦਾ ਹੈ।

‘ਇੰਵਾਇਰਨਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ’ (ECCC) ਨੇ ਵੈਨਕੂਵਰ ਆਇਲੈਂਡ, ਫਰੇਜ਼ਰ ਵੈਲੀ, ਫਰੇਜ਼ਰ ਕੈਨਿਅਨ, ਹਾਓ ਸਾਊਂਡ, ਸਕੈਗਿਟ ਵੈਲੀ, ਹਾਈਵੇਅ 3 ਪੌਲਸਨ ਸਮਿਟ ਤੋਂ ਕੂਟਨੀ ਪਾਸ, ਐਲਕ ਵੈਲੀ, ਮੈਟਰੋ ਵੈਨਕੂਵਰ ਅਤੇ ਵ੍ਹਿਸਲਰ ਵਿੱਚ ਮੀਂਹ ਦੀਆਂ ਚਿਤਾਵਨੀਆਂ ਜਾਰੀ ਕੀਤੀਆਂ ਹਨ। ਇਨ੍ਹਾਂ ਖੇਤਰਾਂ ਵਿੱਚ ਮਹੱਤਵਪੂਰਨ ਬਾਰਸ਼ ਹੋਣ ਦੀ ਉਮੀਦ ਹੈ, ਜਿਸ ਵਿੱਚ ਵੈਨਕੂਵਰ ਆਇਲੈਂਡ ਦੇ ਕੁਝ ਹਿੱਸਿਆਂ ਵਿੱਚ 150 ਮਿਲੀਮੀਟਰ ਤੱਕ, ਮੈਟਰੋ ਵੈਨਕੂਵਰ ਦੀਆਂ ਉੱਤਰੀ ਕਮਿਊਨਿਟੀਆਂ ਵਿੱਚ 100 ਮਿਲੀਮੀਟਰ ਤੱਕ, ਲਿਟਨ ਦੇ ਦੱਖਣ ਵਿੱਚ ਫਰੇਜ਼ਰ ਕੈਨੀਅਨ ਵਿੱਚ 60 ਮਿਲੀਮੀਟਰ ਤੱਕ ਅਤੇ ਫਰੇਜ਼ਰ ਵੈਲੀ ਅਤੇ ਕੋਕਿਹਾਲਾ ਹਾਈਵੇਅ (ਹੋਪ ਤੋਂ ਮੈਰਿਟ ਤੱਕ) ਵਿੱਚ 70 ਮਿਲੀਮੀਟਰ ਤੱਕ ਬਾਰਸ਼ ਹੋਣ ਦੀ ਉਮੀਦ ਹੈ।

ਸੋਮਵਾਰ ਰਾਤ ਤੋਂ ਵੀਰਵਾਰ ਸਵੇਰ ਤੱਕ ਪੌਲਸਨ ਸਮਿਟ ਅਤੇ ਕੂਟਨੀ ਪਾਸ ਦੇ ਵਿਚਕਾਰ ਹਾਈਵੇਅ 3 ‘ਤੇ 100 ਮਿਲੀਮੀਟਰ ਤੱਕ ਬਾਰਸ਼ ਦੇ ਨਾਲ ਇੰਟਿਰੀਅਰ ਇਲਾਕੇ ਵਿੱਚ ਕੂਟਨੀ ਖੇਤਰ ਵਿੱਚ ਵੀ ਪ੍ਰਭਾਵ ਵੇਖਣ ਨੂੰ ਮਿਲੇਗਾ। ਲੋਕਾਂ ਨੂੰ ਅਪਡੇਟ ਕੀਤੀਆਂ ਚਿਤਾਵਨੀਆਂ ਲਈ ਅਤੇ ਬਾਰਸ਼ ਦੇ ਪੂਰਵ-ਅਨੁਮਾਨ ਲਈ ECCC ਦਾ ਮੌਸਮ ਦਾ ਪੰਨਾ ਦੇਖਣ ਲਈ ਉਤਸ਼ਾਹਤ ਕੀਤਾ ਜਾਂਦਾ ਹੈ।

‘ਬੀ.ਸੀ. ਰਿਵਰ ਫੋਰਕਾਸਟ ਸੈਂਟਰ’ ਪੂਰਵ-ਅਨੁਮਾਨਾਂ ਦੀ ਨੇੜਿਓਂ ਨਿਗਰਾਨੀ ਕਰ ਰਿਹਾ ਹੈ ਅਤੇ ਅਗਲੇ ਕੁਝ ਦਿਨਾਂ ਵਿੱਚ ਗਰਮ ਤਾਪਮਾਨਾਂ ਤੋਂ ਬਰਫ ਪਿਘਲਣ ਅਤੇ ਰੇਨ-ਔਨ-ਸਨੋ (ਜਦ ਮੀਂਹ ਜ਼ਮੀਨ ‘ਤੇ ਪਈ ਮੌਜੂਦਾ ਬਰਫ ਦੇ ਪੈਕ ‘ਤੇ ਪੈਂਦਾ ਹੈ ਅਤੇ ਜੰਮ ਜਾਂਦਾ ਹੈ, ਜਿਸ ਨਾਲ ਬਰਫ ਦੀ ਪਰਤ ਬਣ ਜਾਂਦੀ ਹੈ) ਦੇ ਪ੍ਰਭਾਵਾਂ ਅਤੇ ਸਟ੍ਰੀਮਫਲੋ (ਨਦੀਆਂ ਵਿੱਚ ਪਾਣੀ ਦਾ ਵਹਾਅ) ਮਾਡਲਾਂ ਨੂੰ ਅਪਡੇਟ ਕਰ ਰਿਹਾ ਹੈ। ਉਚਿਤ ਹੋਣ ‘ਤੇ ਦਿਸ਼ਾ-ਨਿਰਦੇਸ਼ ਅਤੇ ਚਿਤਾਵਨੀਆਂ ਜਾਰੀ ਕੀਤੀਆਂ ਜਾਣਗੀਆਂ। ਇਨ੍ਹਾਂ ਇਲਾਕਿਆਂ ਵਿੱਚ ਸੰਭਾਵਤ ਹੜਾਂ ‘ਤੇ ਨਜ਼ਰ ਰੱਖੀ ਜਾ ਰਹੀ ਹੈ।