Headlines

ਐਬਸਫੋਰਡ ਦੇ ਇਕ ਦੰਦਾਂ ਦੇ ਡਾਕਟਰ ਨੂੰ ਛੇੜਛਾੜ ਦੇ ਦੋਸ਼ਾਂ ਹੇਠ ਮੁਅੱਤਲੀ ਦੀ ਸਜ਼ਾ ਤੇ ਜੁਰਮਾਨਾ

ਐਬਸਫੋਰਡ-ਐਬਟਸਫੋਰਡ ਦੇ ਇਕ ਦੰਦਾਂ ਦੇ ਡਾਕਟਰ ਨੂੰ ਇਕ ਮਹਿਲਾ ਸਟਾਫ ਮੈਂਬਰ ਨਾਲ ਜਿਸਮਾਨੀ ਛੇੜਛਾੜ ਕਰਨ ਦੇ ਦੋਸ਼ਾਂ ਤਹਿਤ 6 ਮਹੀਨੇ ਲਈ ਪ੍ਰੈਕਟਿਸ ਤੋਂ ਮੁਅੱਤਲ ਕਰਨ ਅਤੇ 2000 ਡਾਲਰ ਦਾ ਜੁਰਮਾਨਾ ਕੀਤਾ ਗਿਆ ਹੈ।
ਇਸ ਸਬੰਧੀ ਬੀ ਸੀ ਕਾਲਜ ਆਫ਼ ਓਰਲ ਹੈਲਥ ਪ੍ਰੋਫੈਸ਼ਨਲਜ਼ (BCCOHP) ਨੇ ਪਹਿਲੀ  ਨਵੰਬਰ ਨੂੰ ਡਾਕਟਰ ਨਾਲ ਹੋਏ ਸਹਿਮਤੀ ਸਮਝੌਤੇ ਉਪਰੰਤ ਪਹਿਲੀ ਦਸੰਬਰ ਨੂੰ ਇੱਕ ਜਨਤਕ ਨੋਟਿਸ ਪੋਸਟ ਕੀਤਾ ਹੈ।  ਨੋਟਿਸ ਵਿੱਚ ਕਿਹਾ ਗਿਆ ਹੈ ਕਿ ਦੰਦਾਂ ਦਾ ਇਹ ਡਾਕਟਰ ਪਹਿਲਾਂ ਹੀ 19 ਮਈ ਤੋਂ 19 ਨਵੰਬਰ ਤੱਕ ਆਪਣੀ ਮੁਅੱਤਲੀ ਭੁਗਤ ਚੁੱਕਾ ਹੈ । ਉਸਨੂੰ ਮਰੀਜ਼ਾਂ ਦਾ ਇਲਾਜ ਕਰਨੋਂ ਰੋਕ ਦਿੱਤਾ ਗਿਆ ਸੀ ਤੇ ਉਸਦੇ ਖਿਲਾਫ ਦੋਸ਼ਾਂ ਦੀ ਜਾਂਚ ਚੱਲ ਰਹੀ ਸੀ।
ਨੋਟਿਸ ਦੇ ਅਨੁਸਾਰ, ਕਾਲਜ ਨੂੰ ਅਪ੍ਰੈਲ ਅਤੇ ਜੁਲਾਈ 2022 ਦੇ ਵਿਚਕਾਰ ਡਾ ਸੁਕੀਰਤ ਖਿਲਾਫ ਮਹਿਲਾ ਸਟਾਫ ਪ੍ਰਤੀ “ਪੇਸ਼ੇਵਰ ਅਤੇ ਨੈਤਿਕ ਦੁਰਵਿਹਾਰ” ਦੇ ਦੋਸ਼ਾਂ ਦੀਆਂ  ਤਿੰਨ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ। ਜਾਂਚ ਦੌਰਾਨ ਡਾਕਟਰ ਨੂੰ ਦੋਸ਼ੀ ਪਾਏ ਜਾਣ ਉਪਰੰਤ ਉਸਨੂੰ ਛੇ ਮਹੀਨੇ ਮੁਅੱਤਲ ਕਰਨ ਦੇ ਨਾਲ 2000 ਡਾਲਰ ਦਾ ਜ਼ੁਰਮਾਨਾ ਲਗਾਇਆ ਗਿਆ ਹੈ ਤੇ ਨਾਲ ਹੀ ਉਸਨੂੰ ਮਨੋਵਿਗਿਆਨੀ ਕੋਲ ਇਲਾਜ ਕਰਵਾਉਣ ਦੀ ਵੀ ਹਦਾਇਤ ਕੀਤੀ ਗਈ ਹੈ।