Headlines

ਨਾਵਲ ‘ਮੌਤ ਦਾ ਰੇਗਿਸਤਾਨ’ ਦੇ ਲਿਖਾਰੀ ਚਰਨਜੀਤ ਸਿੰਘ ਸੁੱਜੋਂ ਦਾ ਸਨਮਾਨ

ਸਰੀ : ਪੰਥਕ ਲੇਖਕ ਅਤੇ ਮਾਂ ਬੋਲੀ ਪੰਜਾਬੀ ਦੇ ਹਿਤੈਸ਼ੀ ਭਾਈ ਚਰਨਜੀਤ ਸਿੰਘ ਸੁਜੋਂ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ। ਭਾਈ ਸੁੱਜੋ ਓਹੀ ਸ਼ਖਸੀਅਤ ਹਨ, ਜਿਨਾਂ ਨੇ ਅੱਜ ਤੋਂ ਡੇਢ ਦਹਾਕਾ ਪਹਿਲਾਂ ”ਮੌਤ ਦਾ ਰੇਗਿਸਤਾਨ’ ਨਾਵਲ ਲਿਖਿਆ ਸੀ, ਜਿਸ ਵਿੱਚ ਵਿਦੇਸ਼ਾਂ ਦੀ ਧਰਤੀ ‘ਤੇ ਜਾਣ ਲਈ ਮਜਬੂਰ ਅਤੇ ਭਾਰਤ ਅਤੇ ਪੰਜਾਬ ਦੀਆਂ ਸਰਕਾਰਾਂ ਦੀਆਂ ਬਦਨੀਤੀਆਂ ਤੋਂ ਤੰਗ ਨੌਜਵਾਨਾਂ ਦੀ ਮੌਤ ਦੇ ਮੂੰਹ ਵਿੱਚ ਜਾਣ ਦੀ ਦਾਸਤਾਨ ਹੈ ਅਤੇ ਲੇਖਕ ਦੀ ਹੱਡ ਬੀਤੀ ਹੈ। ਭਾਈ ਚਰਨਜੀਤ ਸਿੰਘ ਸੁੱਜੋਂ ਉਹੀ ਹਨ, ਜਿਨਾਂ ਨੇ ‘ਇੱਕ ਰਾਸ਼ਟਰ ਇੱਕ ਭਾਸ਼ਾ’ ਦੇ ਫਾਸ਼ੀਵਾਦੀ ਹਿੰਦੂ ਰਾਸ਼ਟਰ ਦਾ ਨਾਅਰਾ ਦੇਣ ਵਾਲੇ ਗੁਰਦਾਸ ਮਾਨ ਨੂੰ ਐਬਸਫੋਰਡ ਵਿਖੇ ਵੱਡੇ ਹਾਲ ‘ਚ ਲਲਕਾਰਿਆ ਸੀ ਅਤੇ ਜਿਸ ਮਗਰੋਂ ਗੁਰਦਾਸ ਮਾਨ ਨੇ ਬਦਜ਼ੁਬਾਨੀ ਕੀਤੀ, ਜੋ ਆਖਰਕਾਰ ਉਸ ਦੀ ਕਲਾਕਾਰੀ ਦੇ ਜੀਵਨ ਦੀ ਤਬਾਹੀ ਦੀ ਘਟਨਾ ਬਣੀ। ਇਸ ਘਟਨਾ ਤੋਂ ਬਾਅਦ ਚਰਨਜੀਤ ਸਿੰਘ ਸੁੱਜੋ ਨੂੰ ਪੰਜਾਬੀ ਮਾਂ ਬੋਲੀ ਦੇ ਹਿਤੈਸ਼ੀ ਹਲਕਿਆਂ ਵਿੱਚ ਵੱਡਾ ਹੁੰਗਾਰਾ ਅਤੇ ਪਹਿਚਾਣ ਮਿਲੀ। ਆਪਣੀ ਕਿਸਮ ਦੇ ਇਸ ਵਿਲੱਖਣ ਨਾਵਲ ਸਦਕਾ ਉਹਨਾਂ ਨੂੰ ਪੰਜਾਬੀ ਦੇ ਸਾਹਿਤਿਕ ਹਲਕਿਆਂ ਵਿੱਚ ਜਾਣਿਆ ਜਾਣ ਲੱਗਿਆ। ਇਹ ਨਾਵਲ 2009 ਤੇ 2015 ਵਿੱਚ ਦੋ ਵਾਰ ਪ੍ਰਕਾਸ਼ਤ ਹੋ ਚੁੱਕਾ ਹੈ।
ਪਿਛਲੇ ਕੁਝ ਵਰਿਆਂ ਤੋਂ ਸਰੀ ਵਿੱਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਡੈਲਟਾ ਵਿਖੇ ਸੇਵਾਵਾਂ ਨਿਭਾਉਣ ਵਾਲੇ ਪੰਥ ਦਰਦੀ, ਮਾਂ ਬੋਲੀ ਪੰਜਾਬੀ ਦੇ ਹਿਤੈਸ਼ੀ ਭਾਈ ਚਰਨਜੀਤ ਸਿੰਘ ਸੁਜੋਂ ਨੂੰ ਉਨਾਂ ਦੀਆਂ ਸਾਹਿਤਿਕ ਅਤੇ ਪੰਥਕ ਸੇਵਾਵਾਂ ਲਈ 5 ਦਸੰਬਰ ਨੂੰ ਸਪਾਈਸ ਹਾਲ ਸਰੀ ਵਿਖੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਉਹਨਾਂ ਨੇ ਹੱਡ ਬੀਤੀ ਬਿਆਨ ਕਰਦਿਆਂ ਕਿਹਾ ਕਿ ਕੈਨੇਡਾ ਦੀ ਧਰਤੀ ‘ਤੇ ਉਹਨਾਂ ਨੂੰ ਜੋ ਸਤਿਕਾਰ ਮਿਲਿਆ, ਉਸ ਲਈ ਸ਼ਹੀਦ ਭਾਈ ਹਰਦੀਪ ਸਿੰਘ ਨਿਝਰ ਦੇ ਸਦਾ ਲਈ ਰਿਣੀ ਹਨ, ਜਿਨਾਂ ਨੇ ਹਮੇਸ਼ਾ ਉਹਨਾਂ ਨੂੰ ਆਪਣੇ ਅਜ਼ੀਜ਼ ਸਮਝਦਿਆਂ ਹੋਇਆਂ ਹੌਸਲਾ ਅਫਜ਼ਾਈ ਕੀਤੀ। ਇਸ ਮੌਕੇ ‘ਤੇ ਉਹਨਾਂ ਕਿਹਾ ਕਿ ਸਰੀ ਤੋਂ ਮਗਰੋਂ ਹੁਣ ਮੌਂਟਰਿਅਲ ਵਿਖੇ ਉਹ ਸੇਵਾਵਾਂ ਨਿਭਾਉਣ ਜਾ ਰਹੇ ਹਨ।
ਇਸ ਮੌਕੇ ‘ਤੇ ਮੌਜੂਦ ਸ਼ਖਸੀਅਤਾਂ ਵਿੱਚ ਸ਼ਾਮਿਲ ਡਾ. ਗੁਰਵਿੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਦੇ ਹਿਤੈਸ਼ੀ ਭਾਈ ਚਰਨਜੀਤ ਸਿੰਘ ਸੁਜੋਂ ਨੇ ਸਿੱਖੀ ਸਿਧਾਂਤਾਂ ਤੋਂ ਸੇਧ ਲੈ ਕੇ ਲਿਖਿਆ ਹੈ, ਜੋ ਕਿ ਭਾਈ ਵੀਰ ਸਿੰਘ ਜੀ ਦੇ ਨਕਸ਼ੇ ਕਦਮਾਂ ‘ਤੇ ਚੱਲਣ ਦੀ ਮਿਸਾਲ ਹੈ, ਜਿਨਾਂ ਨੇ ਨਾਵਲ ਸੁੰਦਰੀ, ਵਿਜੇੈ ਸਿੰਘ, ਸਤਵੰਤ ਕੌਰ ਅਤੇ ਰਾਣਾ ਸੂਰਤ ਸਿੰਘ ਸਮੇਤ ਪੰਜਾਬੀ ਵਿੱਚ 50 ਤੋਂ ਵੱਧ ਕਿਤਾਬਾਂ ਲਿਖੀਆਂ। ਉਹਨਾਂ ਕਿਹਾ ਕਿ ਭਾਈ ਸਾਹਿਬ ਦੇ 151ਵੇਂ ਜਨਮ ਦਿਨ ‘ਤੇ ਭਾਈ ਚਰਨਜੀਤ ਸਿੰਘ ਸੁੱਜੋਂ ਦਾ ਸਨਮਾਨ ਹੋਣਾ ਚੰਗੀ ਗੱਲ ਹੈ।
ਇਸ ਗੈਰ-ਰਸਮੀ ਅਤੇ ਨਿੱਘੀ ਮਿਲਣੀ ਵਿੱਚ ਵਿਚਾਰ ਸਾਂਝੇ ਕਰਨ ਵਾਲਿਆਂ ਵਿੱਚ ਪੰਜਾਬੀ ਪੱਤਰਕਾਰ ਗੁਰਪ੍ਰੀਤ ਸਿੰਘ ਸਹੋਤਾ, ਪੰਜਾਬੀ ਲਿਖਾਰੀ ਕੁਲਵੀਰ ਸਿੰਘ ਸਹੋਤਾ ਡਾਨਸੀਵਾਲ, ਸਿੱਖੀ ਵਿਰਸੇ ਅਤੇ ਇਤਿਹਾਸ ਦੇ ਸਰੋਤਾਂ ਦੀ ਸੰਭਾਲ ਕਰਨ ਵਾਲੇ ਰਾਜ ਸਿੰਘ ਭੰਡਾਲ, ਮਨਪ੍ਰੀਤ ਸਿੰਘ, ਤਜਿੰਦਰ ਪਾਲ ਸਿੰਘ, ਗੁਰਮੁਖ ਸਿੰਘ, ਸਤਵੰਤ ਸਿੰਘ ਤਲਵੰਡੀ, ਗਗਨਦੀਪ ਸਿੰਘ, ਪਾਲਾ ਸਿੰਘ ਅਤੇ ਇੰਜੀਨੀਅਰ ਸਤਵੰਤ ਸਿੰਘ ਸ਼ਾਮਿਲ ਹੋਏ। ਇਸ ਮੌਕੇ ‘ਤੇ ਸਾਂਝੇ ਰੂਪ ਵਿੱਚ ਰਾਜ ਸਿੰਘ ਭੰਡਾਲ ਅਤੇ ਸਮੂਹ ਸਿੰਘਾਂ ਨੇ ਭਾਈ ਚਰਨਜੀਤ ਸਿੰਘ ਸੁੱਜੋਂ ਨੂੰ ਸਨਮਾਨ ਚਿੰਨ ਦੇ ਕੇ ਸਤਿਕਾਰਿਆ ਅਤੇ ਨਿੱਘੀ ਵਿਦਾਇਗੀ ਦਿੱਤੀ। ਇਹ ਇਕੱਤਰਤਾ ਬਹੁਤ ਹੀ ਭਾਵਪੂਰਤ ਅਤੇ ਉਤਸ਼ਾਹਜਨਕ ਰਹੀ।
ਤਸਵੀਰਾਂ :ਭਾਈ ਚਰਨਜੀਤ ਸਿੰਘ ਸੁੱਜੋ ਦੇ ਸਰੀ ਵਿੱਚ ਸਨਮਾਨ ਦਾ ਦ੍ਰਿਸ਼ ਅਤੇ ‘ਮੌਤ ਦਾ ਰੇਗਿਸਤਾਨ’ ਨਾਵਲ ਦਾ ਸਰਕਵਰ।