Headlines

ਕੈਨੇਡਾ ਇਮੀਗ੍ਰੇਸ਼ਨ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਲਈ ਸ਼ਰਤਾਂ ਵਿਚ ਸਖਤੀ

ਜੀ ਆਈ ਸੀ ਰਾਸ਼ੀ ਦੁਗਣੀ ਕੀਤੀ-ਗਰੈਜੂਏਟ ਵਰਕ ਪਰਮਿਟ ਵਿਚ ਆਰਜੀ ਵਾਧਾ ਨਹੀਂ-
ਵੈਨਕੂਵਰ, 7 ਦਸੰਬਰ ( ਸੰਦੀਪ ਸਿੰਘ ਧੰਜੂ)-
ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਵੱਲੋਂ ਅੱਜ ਸਟੱਡੀ ਪਰਮਿਟ ਲੈ ਕੇ ਕੈਨੇਡਾ ਆਉਣ ਵਾਲੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਸੰਬੰਧੀ ਵੱਡੀਆਂ ਤਬਦੀਲੀਆਂ ਦੀ ਘੋਸ਼ਣਾ ਕੀਤੀ ਗਈ ਹੈ।  ਇਸ ਅਨੁਸਾਰ ਵਿਦਿਆਰਥੀਆਂ ਲਈ ਕੈਨੇਡਾ ਆ ਕੇ ਰਹਿਣ ਸਹਿਣ ਅਤੇ ਹੋਰ ਖਰਚਿਆਂ ਲਈ ਅਗੇਤੀ ਜਮਾਂ ਕਰਵਾਈ ਜਾਂਦੀ ਨਿਰਧਾਰਤ ਰਕਮ ( ਜੀ ਆਈ ਸੀ) 10 ਹਜਾਰ ਡਾਲਰ ਤੋਂ ਵਧਾ ਕੇ 20 ਹਜਾਰ 635 ਡਾਲਰ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੜਾਈ ਉਪਰੰਤ ਮਿਲਣ ਵਾਲੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਿੱਚ 18 ਮਹੀਨੇ ਦਾ ਆਰਜੀ ਵਾਧਾ ਖਤਮ ਕਰ ਦਿੱਤਾ ਹੈ। ਹੁਣ ਵਿਦਿਆਰਥੀਆਂ ਨੂੰ ਉਨਾਂ ਦੇ ਕੋਰਸ ਦੇ ਸਮੇਂ ਮੁਤਾਬਕ ਹੀ ਤਹਿਸ਼ੁਦਾ ਵਰਕ ਪਰਮਿਟ ਮਿਲੇਗਾ। ਇਥੇ ਦੱਸਣਯੋਗ ਹੈ ਕਿ ਕੋਵਿਡ ਮਹਾਂਮਾਰੀ ਉਪਰੰਤ ਅੰਤਰ ਰਾਸ਼ਟਰੀ ਵਿਦਿਆਰਥੀਆਂ ਨੂੰ ਉਨਾਂ ਦੀ ਪੜਾਈ ਦੇ ਹਿਸਾਬ ਨਾਲ ਮਿਲਣ ਵਾਲੇ ਵਰਕ ਪਰਮਿਟ ਤੋ ਇਲਾਵਾ ਆਰਜੀ ਤੌਰ ਤੇ  18 ਮਹੀਨੇ ਦਾ ਹੋਰ ਵਰਕ ਪਰਮਿਟ ਦਿੱਤਾ ਜਾਂਦਾ ਸੀ। ਇਸ ਤੋਂ ਇਲਾਵਾ ਅੰਤਰ ਰਾਸ਼ਟਰੀ ਵਿਦਿਆਰਥੀਆਂ ਲਈ 40 ਘੰਟੇ ਕੰਮ ਕਰ ਸਕਣ ਦੀ ਰਾਹਤ ਵਧਾ ਕੇ 30 ਅਪ੍ਰੈਲ 2024 ਤੱਕ ਕਰ ਦਿੱਤੀ ਹੈ। ਇਸ ਸਮੇਂ ਇਮੀਗ੍ਰੇਸ਼ਨ ਮੰਤਰੀ ਨੇ ਇਹ ਵੀ ਸੰਕੇਤ ਦਿੱਤੇ ਕਿ ਸਤੰਬਰ 2024 ਤੋਂ ਅੰਤਰ ਰਾਸ਼ਟਰੀ ਵਿਦਿਆਰਥੀਆਂ ਲਈ ਸਟੱਡੀ ਪਰਮਿਟਾਂ ਵਿਚ ਕਟੌਤੀ ਕੀਤੀ ਜਾਵੇਗੀ ਜਿਸ ਲਈ ਕੰਮ ਹੁਣ ਤੋਂ ਹੀ ਸ਼ੁਰੂ ਹੋ ਜਾਵੇਗਾ । ਜ਼ਿਕਰਯੋਗ ਹੈ ਕਿ ਕੈਨੇਡਾ ਪੜਨ ਆਉਣ ਵਾਲੇ ਅੰਤਰ ਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਪਿਛਲੇ 10 ਸਾਲਾਂ ਵਿੱਚ ਤਿੱਗਣੀ ਹੋ ਗਈ ਹੈ। 2013 ਵਿਚ ਇਹ ਅੰਕੜਾ 3 ਲੱਖ ਤੇ ਸੀ ਅਤੇ ਹੁਣ ਇਹ ਗਿਣਤੀ 9 ਲੱਖ ਤੱਕ ਪਹੁੰਚ ਚੁੱਕੀ ਹੈ ਜਿਸ ਨਾਲ ਦੇਸ਼ ਦੀ ਆਰਥਿਕਤਾ ਨੂੰ ਸਾਲਾਨਾ 22 ਬਿਲੀਅਨ ਡਾਲਰ ਦਾ ਵਿੱਤੀ ਲਾਭ ਮਿਲਦਾ ਹੈ ਅਤੇ ਇਹ ਅੰਤਰ ਰਾਸ਼ਟਰੀ ਵਿਦਿਆਰਥੀ ਕੈਨੇਡਾ ਵਿੱਚ ਸਾਲਾਨਾ 2 ਲੱਖ ਨੌਕਰੀਆਂ ਦੀ ਪੂਰਤੀ ਕਰਦੇ ਹਨ।