Headlines

ਮੁੱਖ ਮੰਤਰੀ ਮਾਨ ਦੀ ਧੀ ਸੀਰਤ ਮਾਨ ਦੀ ਸੋਸ਼ਲ ਮੀਡੀਆ ਉਪਰ ਵੀਡੀਓ ਵਾਇਰਲ

ਭਗਵੰਤ ਮਾਨ ਨੂੰ ਸ਼ਰਾਬੀ, ਝੂਠਾ ਤੇ ਲੋਕ ਭਾਵਨਾਵਾਂ ਨਾਲ ਖੇਡਣ ਵਾਲਾ ਵਿਅਕਤੀ ਦੱਸਿਆ-

-ਮਜੀਠੀਆ ਨੇ ਭਗਵੰਤ ਮਾਨ ਨੂੰ ਚੰਗਾ ਬਾਪ ਬਣਨ ਦੀ ਦਿੱਤੀ ਸਲਾਹ-

ਚੰਡੀਗੜ ( ਅਨੁਪਿੰਦਰ ਸਿੰਘ)– ਸ਼ੋਸਲ ਮੀਡੀਆ ਉਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਬੇਟੀ ਸੀਰਤ ਮਾਨ ਵਲੋਂ ਆਪਣੇ ਪਿਤਾ ਖਿਲਾਫ ਪਾਈ ਗਈ ਪੋਸਟ ਦੀ ਹਰ ਪਾਸੇ ਚਰਚਾ ਹੈ। ਇਕ ਵੀਡੀਓ ਕਲਿਪ ਰਾਹੀਂ ਸੀਰਤ ਮਾਨ ਨੇ ਕਿਹਾ ਕਿ ਉਸਦਾ ਪਿਤਾ ਜਿਸਨੂੰ ਉਹ ਆਪਣਾ ਪਿਤਾ ਕਹਿਕੇ ਸੰਬੋਧਨ ਨਹੀ ਕਰੇਗੀ ਕਿਉੰਕਿ ਉਹ ਪਾਪਾ ਅਖਵਾਉਣ ਦਾ ਹੱਕ ਕਦੋਂ ਦਾ ਗਵਾ ਚੁੱਕਾ ਹੈ, ਨੂੰ ਕੇਵਲ ਮੁੱਖ ਮੰਤਰੀ ਸਾਹਿਬ ਵਜੋਂ ਹੀ ਸੰਬੋਧਨ ਕਰੇਗੀ। ਉਹ ਜੋ  ਆਪਣੇ ਪਰਿਵਾਰ ਤੇ ਬੱਚਿਆਂ ਦੀ ਜਿੰਮੇਵਾਰੀ ਨਹੀ ਲੈ ਸਕਿਆ, ਉਹ ਪੰਜਾਬ ਦੀ ਜਿੰਮੇਵਾਰੀ ਲੈਣ ਦਾ ਕਿਵੇਂ ਦਾਅਵਾ ਕਰੇਗਾ। ਉਸਨੇ ਹੋਰ ਕਿਹਾ ਕਿ ਸਾਡੀ ਚੁੱਪ ਨੂੰ ਸਾਡੀ ਕਮਜੋਰੀ ਸਮਝਿਆ ਜਾ ਰਿਹਾ ਹੈ। ਉਸਨੇ ਆਪਣੇ ਪਿਤਾ ਨੂੰ ਸ਼ਰਾਬੀ ਤੇ ਝੂਠਾ ਕਰਾਰ ਦਿੰਦਿਆਂ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਵਾਲਾ ਵਿਅਕਤੀ ਕਰਾਰ ਦਿੰਦਿਆਂ ਕਿਹਾ ਕਿ ਜੋ ਆਪਣੇ ਬੱਚਿਆਂ ਨੂੰ ਸੰਭਾਲ ਨਹੀ ਸਕਿਆ ਉਹ ਹੁਣ ਨਵੀ ਪਤਨੀ ਤੋ ਇਕ ਹੋਰ ਬੱਚਾ ਪੈਦਾ ਕਰਕੇ ਪਰਿਵਾਰ ਵਧਾਉਣ ਜਾ ਰਿਹਾ ਹੈ। ਉਸਨੇ ਆਪਣੇ ਬਾਪ ਦੇ ਘਰ ਤੀਸਰਾ ਬੱਚਾ ਪੈਦਾ ਹੋਣ ਦੀ ਖਬਰ ਤੇ ਵਧਾਈ ਦਿੰਦਿਆਂ ਕਿਹਾ ਕਿ ਕਾਸ਼ ਤੁਸੀਂ ਹੁਣ ਆਉਣ ਵਾਲੇ ਬੱਚੇ ਲਈ ਇਕ ਚੰਗਾ ਬਾਪ ਬਣ ਸਕੋ। ਉਸਨੇ ਰੋਸ ਪ੍ਰਗਟਾਇਆ ਕਿ ਉਸਦਾ ਛੋਟਾ ਭਰਾ ਦਿਲਸ਼ਾਨ ਮਾਨ ਪਿਛਲੇ ਦਿਨੀਂ ਆਪਣੇ ਪਿਤਾ ਨੂੰ ਮਿਲਣ ਚੰਡੀਗੜ ਗਿਆ ਸੀ ਪਰ ਉਸਨੂੰ ਮੁੱਖ ਮੰਤਰੀ ਰਿਹਾਇਸ਼ ਵਿਚ ਦਾਖਲ ਨਹੀ ਹੋਣ ਦਿੱਤਾ ਗਿਆ। ਕਿਸੇ ਤਰਾਂ ਉਹ ਮੁੱਖ ਮੰਤਰੀ ਰਿਹਾਇਸ਼ ਤੇ ਰੁਕਿਆ ਤਾਂ ਉਸਨੂੰ ਰਾਤ ਨੂੰ ਉਥੋ ਬੇਇਜਤ ਕਰਕੇ ਕੱਢ ਦਿੱਤਾ ਗਿਆ।

ਇਸ ਵਾਇਰਲ ਹੋਈ ਵੀਡੀਓ ਨੂੰ ਆਧਾਰ ਬਣਾਕੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਤੋਂ ਭੱਜਣ ਦੇ ਦੋਸ਼ ਲਗਾਏ ਹਨ। ਸ੍ਰੀ ਮਜੀਠੀਆ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਆਪਣੇ ਦੋਵੇਂ ਬੱਚਿਆਂ ਪ੍ਰਤੀ ਜ਼ਿੰਮੇਵਾਰੀ ਨਿਭਾਉਣ ’ਚ ਅਸਫ਼ਲ ਰਹੇ ਹਨ ਤਾਂ ਉਨ੍ਹਾਂ ਦੀ ਥਾਂ ਉਹ ਇਹ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਹਨ।

ਮਜੀਠੀਆ ਨੇ ਮੁੱਖ ਮੰਤਰੀ ਦੀ ਪਹਿਲੀ ਪਤਨੀ ਇੰਦਰਪ੍ਰੀਤ ਗਰੇਵਾਲ ਦੀ ਸੋਸ਼ਲ ਮੀਡੀਆ ਪੋਸਟ ਦਿਖਾਈ ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਭਗਵੰਤ ਮਾਨ ਆਪਣੇ ਦੋਵੇਂ ਬੱਚਿਆਂ ਦੀ ਜ਼ਿੰਮੇਵਾਰੀ ਨਿਭਾਉਣ ’ਚ ਅਸਫ਼ਲ ਰਹੇ ਹਨ। ਇਸ ਪੋਸਟ ਵਿੱਚ ਇੰਦਰਪ੍ਰੀਤ ਨੇ ਕਿਹਾ ਹੈ ਕਿ ਉਹ ਹਮੇਸ਼ਾ ਰਾਜਨੀਤੀ ਤੋਂ ਦੂਰ ਰਹੇ ਹਨ ਪਰ ਹੁਣ ਮੁੱਖ ਮੰਤਰੀ ਦੇ ਖ਼ਿਲਾਫ਼ ਇਸ ਕਰ ਕੇ ਬੋਲ ਰਹੇ ਹਨ ਕਿਉਂਕਿ ਚੁੱਪ ਰਹਿਣਾ ਉਨ੍ਹਾਂ ਦੀ ਕਮਜ਼ੋਰੀ ਸਮਝਿਆ ਜਾਵੇਗਾ। ਇੰਦਰਪ੍ਰੀਤ ਨੇ ਪੋਸਟ ਵਿੱਚ ਕਿਹਾ ਕਿ ਭਗਵੰਤ ਮਾਨ ਨੇ ਪੰਜਾਬ ਲਈ ਆਪਣਾ ਪਰਿਵਾਰ ਛੱਡਣ ਦਾ ਡਰਾਮਾ ਕੀਤਾ, ਜੇਕਰ ਅਜਿਹਾ ਹੁੰਦਾ ਤਾਂ ਉਹ ਨਵਾਂ ਪਰਿਵਾਰ ਨਾ ਬਣਾਉਂਦੇ। ਵੀਡੀਓ ਵਿੱਚ ਮੁੱਖ ਮੰਤਰੀ ਦੀ ਧੀ ਨੇ ਆਪਣੇ ਪਿਤਾ ’ਤੇ ਦੋਸ਼ ਲਗਾਇਆ ਕਿ ਉਹ ਸ਼ਰਾਬ ਪੀ ਕੇ ਉਨ੍ਹਾਂ ਦੀ ਮਾਤਾ ਨਾਲ ਕੁੱਟਮਾਰ ਕਰਦੇ ਸਨ। ਮਜੀਠੀਆ ਨੇ ਕਿਹਾ ਕਿ ਜਿਹੜਾ ਵਿਅਕਤੀ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਨਹੀਂ ਨਿਭਾਅ ਸਕਦਾ, ਉਹ ਪੰਜਾਬ ਦੀ ਜ਼ਿੰਮੇਵਾਰੀ ਕੀ ਉਠਾਏਗਾ।