Headlines

ਪਾਕਿਸਤਾਨੀ ਪੰਜਾਬੀ ਸ਼ਾਇਰ ਅਹਿਮਦ ਸਲੀਮ ਦਾ ਸਦੀਵੀ ਵਿਛੋੜਾ

ਲੁਧਿਆਣਾ ( ਪ੍ਰੋ ਗੁਰਭਜਨ ਗਿੱਲ)- ਹਕੂਮਤਾਂ ਦਾ ਜਬਰ ਸਹਿੰਦਿਆਂ ਉਮਰ ਗੁਜ਼ਾਰਨ ਵਾਲਾ ਸ਼ਾਇਰ ਅਹਿਮਦ ਸਲੀਮ ਵੀ ਆਖ਼ਰੀ ਫ਼ਤਹਿ ਬੁਲਾ ਗਿਆ। ਕਦੇ ਵਕਤ ਸੀ ਕਿ ਅਹਿਮਦ ਸਲੀਮ ਦੀ ਚਿੱਠੀ ਫੜੇ ਜਾਣਾ ਵੀ ਗੁਨਾਹ ਸੀ।  ਉਸ ਦੇ ਲਿਖੇ ਗੀਤ “ਉੱਚੀਆਂ ਲੰਮੀਆਂ ਟਾਹਲੀਆਂ” ਰਾਹੀਂ ਮੈਂ ਉਸਦੇ ਸ਼ਬਦ ਸੰਸਾਰ ਨਾਲ ਜੁੜਿਆ। ਇਸ ਪੰਜਾਬੀ ਲੋਕਗੀਤ ਨੂੰ ਉਸ ਬਦਲ ਕੇ ਅਮਨ ਗੀਤ ਵਾਂਗ ਲਿਖਿਆ ਸੀ।
ਫਿਰ ਪਤਾ ਲੱਗਾ ਕਿ ਸ਼ਹੀਦ ਭਗਤ ਸਿੰਘ ਦੇ ਜੀਵਨ ਬਾਰੇ ਉਸ ਦੀ ਦਿਲਚਸਪੀ ਸਿਖ਼ਰਾਂ ਤੇ ਹੈ। ਉਹ ਬਰਾਸਤਾ ਇੰਗਲੈਂਡ ਇਧਰਲੇ ਪੰਜਾਬ ਵਿੱਚ ਨਵਾਂ ਸ਼ਹਿਰ ਵੱਸਦੀ ਲੇਖਿਕਾ ਬੀਬਾ ਕੁਲਵੰਤ ਰਾਹੀਂ ਇਹ ਮੁਲਾਕਾਤ ਟੇਪ ਰਾਹੀਂ ਰੀਕਾਰਡ ਕਰ ਸਕਿਆ। ਇਸ ਮਗਰੋਂ ਬੀਬਾ ਕੁਲਵੰਤ ਨੂੰ ਜ਼ਰੂਰ ਏਧਰਲੇ ਸਰਕਾਰੀ ਤੰਤਰ ਦੀਆਂ ਨਜ਼ਰਾਂ ਚ ਸ਼ੱਕੀ ਕਰ ਗਿਆ।
ਬੀਬਾ ਕੁਲਵੰਤ ਨੇ 1975 ਚ ਲਿਖੀ ਆਪਣੀ ਕਹਾਣੀਆ ਦੀ ਕਿਤਾਬ ਓਧਰੋਂ ਅਹਿਮਦ ਸਲੀਮ ਤੇ ਰੇਸ਼ਮਾਂ ਨੂੰ ਤੇ ਏਧਰੋਂ ਸੁਰਿੰਦਰ ਕੌਰ ਤੇ ਸ ਸ ਮੀਸ਼ਾ ਨੂੰ ਸਮਰਪਿਤ ਕੀਤੀ। ਬੀਬਾ ਕੋਲ ਅੱਜ ਵੀ ਅਹਿਮਦ ਸਲੀਮ ਦੀਆਂ ਲਿਖੀਆਂ ਕਈ ਚਿੱਠੀਆਂ ਸ਼ਾਹਮੁਖੀ ਚ ਲਿਖੀਆਂ ਸੰਭਾਲੀਆਂ ਪਈਆਂ ਨੇ।
ਅਹਿਮਦ ਸਲੀਮ ਦਾ ਜਨਮ 26 ਜਨਵਰੀ 1945 ਵਿੱਚ ਗੁਜਰਾਤ ਜ਼ਿਲ੍ਹੇ ਦੇ ਪਿੰਡ ਮਿਆਣਾ ਗੋਂਦਲ ਵਿੱਚ ਹੋਇਆ। ਪ੍ਰਮੁੱਖ ਪਾਕਿਸਤਾਨੀ ਪੰਜਾਬੀ ਲੇਖਕ, ਪੰਜਾਬੀ ਪੱਖੀ ਕਾਰਕੁਨ ਅਤੇ 2001 ਵਿੱਚ ਸਥਾਪਿਤ ਕੀਤੇ ਇੱਕ ਪ੍ਰਾਈਵੇਟ ਆਰਕਾਈਵ”ਸਾਊਥ ਏਸ਼ੀਅਨ ਰਿਸਰਚ ਐਂਡ ਰਿਸੋਰਸ ਸੈਂਟਰ “ਦਾ ਸਹਿ ਸੰਸਥਾਪਕ ਸੀ। ਅਹਿਮਦ ਸਲੀਮ ਸੱਤ ਭੈਣ-ਭਰਾਵਾਂ ਵਿੱਚੋਂ ਚੌਥੇ ਨੰਬਰ ਤੇ ਸੀ। ਉਸ ਦੀ ਮੁਢਲੀ ਸਿੱਖਿਆ ਆਪਣੇ ਪਿੰਡ ਮਿਆਣਾ  ਗੋਂਦਲ ਵਿੱਚ ਹੀ ਹੋਈ ਅਤੇ ਅੱਗੇ ਮੈਟ੍ਰਿਕ ਕਰਨ ਲਈ ਉਹ ਪਿਸ਼ਾਵਰ ਚਲਿਆ ਗਿਆ।
ਅਹਿਮਦ ਸਲੀਮ ਦੀਆਂ ਕਾਵਿ ਪੁਸਤਕਾਂ ਵਿੱਚ ਕੂੰਜਾਂ ਮੋਈਆਂ, ਘੜੀ ਦੀ ਟਿਕ ਟਿਕ,ਨੂਰ ਮੁਨਾਰੇ (1996) ਤਨ ਤੰਬੂਰ (1974), ਮੇਰੀਆਂ ਨਜ਼ਮਾਂ ਮੋੜ ਦੇ (2005) ਇੱਕ ਉਧੜੀ ਕਿਤਾਬ ਦੇ ਬੇਤਰਤੀਬੇ ਵਰਕੇ (2006) ਲੋਕ ਵਾਰਾਂ (ਪੰਜਾਬੀ ਵਿੱਚ ਤਿੰਨ ਲੋਕ ਐਪਿਕ, ਇਸਲਾਮਾਬਾਦ, 1973) . ਲੋਕ ਵਾਰਾਂ (ਭਾਰਤੀ ਐਡੀਸ਼ਨ), ਨਵੀਂ ਦਿੱਲੀ, 1973 ਹਨ। ਲੋਕ ਵਾਰਾਂ ਤੇ ਤਨ ਤੰਬੂਰ ਏਧਰ ਨਵਯੁਗ ਪਬਲਿਸ਼ਰਜ਼ ਵੱਲੋਂ ਭਾਪਾ ਪ੍ਰੀਤਮ ਸਿੰਘ ਜੀ ਨੇ ਬੜੀ ਰੀਝ ਨਾਲ ਛਾਪੇ ਸਨ।
ਉਸ ਦਾ ਇੱਕੋ ਇੱਕ ਨਾਵਲ ਤਿਤਲੀਆਂ ਤੇ ਟੈਂਕ ਸ਼ਾਇਦ ਭਾ ਜੀ ਗੁਰਸ਼ਰਨ ਸਿੰਘ ਜੀ ਨੇ ਛਾਪਿਆ ਸੀ ਪਰ ਪੰਕਾ ਪਤਾ ਨਹੀ। ਉਸ ਦੀਆਂ ਵਾਰਤਕ ਰਚਨਾਵਾਂ ਵਿੱਚ ਝੋਕ ਰਾਂਝਣ ਦੀ (1983 ਦਾ ਪੰਜਾਬ ਦਾ ਸਫਰਨਾਮਾ – ਲਾਹੌਰ, 1990) ਤੱਤੇ ਲਹੂ ਦਾ ਚਾਨਣ (ਪੰਜਾਬੀ ਵਿੱਚ ਸਾਹਿਤਕ ਨਿਬੰਧ – ਲਾਹੌਰ, 1999 ਪ੍ਰਮੁੱਖ ਹਨ।
ਚਾਰ ਕੁ ਸਾਲ ਪਹਿਲਾਂ ਲਾਹੌਰ ਵਿਖੇ ਹੋਈ ਵਿਸ਼ਵ ਅਮਨ ਕਾਨਫਰੰਸ ਵਿੱਚ ਅਹਿਮਦ ਸਲੀਮ  ਨਾਲ ਮੁਲਾਕਾਤ ਹੋਈ ਤਾਂ ਬਹੁਤ ਚੰਗਾ ਲੱਗਾ। ਉਨ੍ਹਾਂ ਦੀ ਸਿਹਤ ਭਾਵੇਂ ਬਹੁਤ ਕਮਜ਼ੋਰ ਸੀ ਪਰ ਆਵਾਜ਼ ਦਾ ਗੜ੍ਹਕਾ ਕਾਇਮ ਸੀ। ਮੈਂ ਤੇ ਡਾਃ ਰਤਨ ਸਿੰਘ ਢਿੱਲੋਂ ਨੇ ਉਸ ਨਾਲ ਉਚੇਚੀ ਤਸਵੀਰ ਖਿਚਵਾਈ। ਉਸ ਦੀ ਪਿਛਲੀ ਪੰਜਾਬ ਫੇਰੀ ਵੇਲੇ ਲੁਧਿਆਣੇ ਆਉਣ ਦੇ ਬਾਵਜੂਦ ਵੀ ਉਸ ਨੂੰ ਮਿਲ ਨਾ ਸਕਿਆ। ਮੈਂ ਸ਼ਹਿਰੋਂ ਬਾਹਰ ਸਾਂ ਉਸ ਦਿਨ ਸ਼ਾਇਦ। ਅਹਿਮਦ ਸਲੀਮ ਪਾਕਿਸਤਾਨੀ ਪੰਜਾਬ ਚ ਪੰਜਾਬੀ ਮਾਂ ਬੋਲੀ ਦਾ ਪਹਿਰੇਦਾਰ ਸੀ। ਉਸ ਨੇ ਫ਼ੈਜ਼ ਅਹਿਮਦ ਫੈਜ਼ ਸਾਹਿਬ ਦੀ ਸ਼ਾਇਰੀ ਸੰਭਾਲਣ ਤੇ ਸ਼ਹੀਦ ਭਗਤ ਸਿੰਘ ਦੀ ਜੀਵਨੀ ਲਿਖ ਕੇ ਇਤਿਹਾਸਕ ਕਾਰਜ ਕੀਤਾ। ਅਹਿਮਦ ਸਲੀਮ ਦੀ ਮੁਕੰਮਲ ਸ਼ਾਇਰੀ ਦਾ ਸੰਗ੍ਰਹਿ ਵੀ ਓਧਰ ਛਪਿਆ ਹੈ, ਹੁਣ ਏਧਰ ਕੌਣ ਛਾਪੇਗਾ? ਵਕਤ ਦੱਸੇਗਾ।
ਇਲਿਆਸ ਘੁੰਮਣ ਮੁਤਾਬਕ ਪੰਜਾਬੀ ਕਵੀ, ਨਾਵਲਿਸਟ,ਕਹਾਣੀਕਾਰ ਅਹਿਮਦ ਸਲੀਮ 10 ਦਸੰਬਰ 2023 ਦੀ ਰਾਤ ਇਸਲਾਮਾਬਾਦ ਵਿੱਚ ਪੂਰੇ ਹੋਏ। ਉਸਦੀ ਨਮਾਜ ਜਨਾਜ਼ਾ ਅਤੇ ਹੋਰ ਆਖ਼ਰੀ ਰਸਮਾਂ 11 ਦਸੰਬਰ ਨੂੰ ਲਾਹੌਰ ਵਿਖੇ ਹੋਈਆਂ।

ਅਹਿਮਦ ਸਲੀਮ ਦੇ ਨਾਂ ਪਾਸ਼ ਦੀ ਇਕ ਕਵਿਤਾ-

ਜੰਗੀ ਕੈਦੀਆਂ ਨੂੰ ਸਮਰਪਣ-

ਐ ਕਲਮ ਦੇ ਕਿਰਤੀਆ ਵੇ, ਐ ਮੇਰੇ ਅਹਿਮਦ ਸਲੀਮ।
ਚੁੰਮ ਕੇ ਸੀਖਾਂ, ਮੇਰੇ ਸੱਜਰੇ ਬਣੇ ਰਿਸ਼ਤੇ ਦੇ ਵੀਰ
ਮੈਂ ਵੀ ਹਾਂ ਜੇਲ੍ਹਾਂ ਦਾ ਸ਼ਾਇਰ, ਮੇਰਾ ਵੀ ਨੇ ਇਸ਼ਕ ਲੋਕ
ਤੈਂਨੂੰ ਪੱਛਦੇ ਨੇ ਪਿੰਡੀ ਦੇ, ਤੇ ਮੈਂਨੂੰ ਦਿੱਲੀ ਦੇ ਤੀਰ

ਤਾਹੀਓਂ ਫੜ ਹੋਵਣ ‘ਤੇ ਤੇਰੇ, ਚੀਕ ਨਹੀਂ ਉੱਠਿਆ ਸਾਂ ਮੈਂ
ਮੈਂ ਤਾਂ ਖੁਸ਼ ਹੋਇਆ ਸਾਂ ਕਿ ਹੋ ਗਈ ਤੇਰੀ ਕਵਿਤਾ ਜਵਾਨ
ਨਾਲੇ ਮੇਰੇ ਘਰ ‘ਚ ਵੀ ਸਨ, ਸੜ ਰਹੇ ਢਾਕੇ ਅਨੇਕ
ਏਥੇ ਵੀ ਬੁੱਕਦਾ ਪਿਆ ਸੀ, ਭੇਸ ਬਦਲੀ ਯਾਹੀਆ ਖ਼ਾਨ

ਮੈਂ ਬੜਾ ਹੈਰਾਨ ਸਾਂ, ਕੁਰਲਾਉਂਦਿਆਂ ਦੰਭੀਆਂ ਨੂੰ ਵੇਖ
ਜੋ ਤੇਰੇ ਸੀਖਾਂ ‘ਚ ਹੋਵਣ ‘ਤੇ ਸੀ ਧਾਹਾਂ ਮਾਰਦੇ
ਸੜਦੇ ਘਰ ਵਲ ਪਿੱਠ ਕਰਕੇ, ਰੇਤ ਸੁੱਟਦੇ ਸੀ ਗਵਾਂਢ
ਮੈਂ ਦੁਖੀ ਸਾਂ ਥੁੱਕ ਰਹੇ ਨੇ, ਮੂੰਹ ‘ਤੇ ਮੇਰੇ ਯਾਰ ਦੇ

ਮੈਂ ਨਹੀਂ ਕਹਿੰਦਾ ਕਿ ਕਾਤਲ, ਕਿਤੇ ਵੀ ਹੋਵਣ ਖ਼ਿਮਾਂ
ਮੈਂ ਨਹੀਂ ਕਹਿੰਦਾ ਕਿਤੇ ਵੀ, ਲੁੱਟ ਹੋਣੀ ਹੈ ਸਹੀ
ਮੈਂ ਤਾਂ ਕਹਿੰਦਾ ਹਾਂ ਕਿ ਲੋਟੂ ਬਦਲਣੇ ਮੁਕਤੀ ਨਹੀਂ
ਹਿੰਦ ਪਾਕੀ ਬਾਣੀਆਂ ਦੀ, ਹੈ ਇਕੋ ਜੇਹੀ ਵਹੀ

ਮੈਂ ਤਾਂ ਕਹਿੰਦਾ ਹਾਂ ਆਜ਼ਾਦੀ ਦਾਣਿਆਂ ਦੀ ਮੁੱਠ ਨਹੀਂ
ਦਾਨ ਜਿਹੜੀ ਹੋ ਸਕੇ, ਪੈਸੇ ਨੂੰ ਜਿਹੜੀ ਆ ਸਕੇ
ਇਹ ਤਾਂ ਉਹ ਫ਼ਸਲ ਜਿਸ ਨੂੰ ਲਹੂ ਨਾਂ’ ਸਿੰਜਦੇ ਨੇ ਲੋਕ
ਇਹ ਨਹੀਂ ਕੋਈ ਪ੍ਰੇਮ-ਪੱਤਰ, ਜੋ ਕਬੂਤਰ ਲਿਆ ਸਕੇ

ਪੁੱਤ ਖਾਣੀ ਡੈਣ ਜਿਸ ਨੇ ਘਰ ‘ਚ ਕੋਈ ਛੱਡਿਆ ਨਹੀਂ
ਨਰਮ ਸੀਨੇ ਖਾਣ ਦਾ ਜਿਸ ਨੂੰ ਪਿਆ ਹੋਵੇ ਸਵਾਦ
ਜ਼ਿੰਦਗੀ ਦੀ ਪਿਉਂਦ ਉਹ ਹੋਰਾਂ ਦੇ ਲਾ ਸਕਦੀ ਨਹੀਂ
ਉਹ ਖਿੜਾ ਸਕਦੀ ਨਹੀਂ , ਹਮਸਾਇਆਂ ਦੇ ਵਿਹੜੇ ‘ਚ ਬਾਗ

ਆ ਦਿਖਾਵਾਂ ਤੈਨੂੰ ਮੈਂ ਬੰਗਾਲ ਦੇ ਰਿਸਦੇ ਜ਼ਖਮ
ਆ ਤੈਨੂੰ ਦਿਖਲਾ ਦਿਆਂ, ਆਂਧਰਾ ਦੇ ਦਿਲ ‘ਚ ਛੇਕ
ਜੇ ਤੂੰ ਲੋੜੇਂ ਇਸ ਆਜ਼ਾਦੀ ਵੰਡਦੀ ਦੇਵੀ ਦੇ ਦੀਦ
ਆ ਮੇਰੇ ਪੰਜਾਬ ਦੇ ਸੜਦੇ ਹੋਏ ਮੋਗੇ ਨੂੰ ਦੇਖ

ਤੇਰੇ ਫੜ ਹੋਵਣ ‘ਤੇ ਜੋ, ਪਾਉਂਦੇ ਸੀ ਹਮਦਰਦੀ ਦੇ ਵੈਣ
ਬਹੁਤ ਪਾਉਂਦੇ ਸੀ ਜੋ ਯਾਹੀਆ ਖ਼ਾਨ ਦੇ ਜ਼ੁਲਮਾਂ ਦੀ ਡੰਡ
ਪੁਤਲੇ ਜੋ ਜਮਹੂਰੀਅਤ ਦੇ ਉਨ੍ਹਾਂ ਦੀਆਂ ਜੇਲ੍ਹਾਂ ਅੰਦਰ
ਆ ਤੈਨੂੰ ਸੁੰਘਾ ਦਿਆਂ ਸੜਦੇ ਹੋਏ ਜੋਬਨ ਦੀ ਗੰਧ

ਨਾ ਅਸੀਂ ਜਿੱਤੀ ਏ ਜੰਗ, ਤੇ ਨਾ ਹਰੇ ਪਾਕੀ ਕਿਤੇ
ਇਹ ਤਾਂ ਪਾਪੀ ਪੇਟ ਸਨ, ਜੋ ਪੁਤਲੀਆਂ ਬਣ ਕੇ ਨੱਚੇ
ਅਜੇ ਤਾਂ ਬੱਸ ਢਿੱਡ ਹੀ ਢਿੱਡ ਹਾਂ ਆਦਮੀ ਪੂਰੇ ਨਹੀਂ
ਅਜੇ ਨਾ ਦੁਸ਼ਮਣ ਹਾਂ ਆਪਾਂ, ਨਾ ਕਿਸੇ ਦੇ ਹਾਂ ਸੱਕੇ

ਅਜੇ ਤਾਂ ਜੰਗੀਆਂ ਦੀ ਟੋਲੀ, ਚੁਹਲ ਕਰਦੀ ਹੈ ਪਈ
ਸਾੜ ਕੇ ਢਾਕੇ ਨੂੰ ਪਰਚੇ ਅੱਗ ਦੇ ਫੁੱਲਾਂ ਦੇ ਨਾਲ
ਇਸ ਨੂੰ ਕਵਿਤਾ ਜਾਗਦੀ ਹੈ, ਛੰਭ ਦੇ ਖੰਡਰਾਂ ਅੰਦਰ
ਇਸ਼ਕ ਆਉਂਦਾ ਹੈ ਧਵਾਂਖੀ ਧਰਤ ਦੇ ਬੁਲ੍ਹਾਂ ਦੇ ਨਾਲ

ਨਾ ਤਾਂ ਉਹ ਮਰਦਿ-ਮੁਜਾਹਦ, ਨਾ ਨੇ ਕੈਦੀ ਜੰਗ ਦੇ
ਨਾ ਉਨ੍ਹਾਂ ਲੁੱਟੀਆਂ ਨੇ ਇੱਜ਼ਤਾਂ, ਨਾ ਉਨ੍ਹਾਂ ਸੁੱਟੇ ਨੇ ਸੰਦ
ਨਾ ਉਨ੍ਹਾਂ ਕੋਲ ਪੈਰ ਹਨ, ਨਾ ਸੀਸ ਧੌਣਾਂ ਦੇ ਉੱਤੇ
ਕੀ ਉਨ੍ਹਾਂ ਨੇ ਹਾਰਨਾ ਤੇ ਕੀ ਉਨ੍ਹਾਂ ਜਿੱਤਣੀ ਏ ਜੰਗ

ਉਨ੍ਹਾਂ ਦੀ ਖ਼ਾਤਰ ਤੂੰ ਕਿਉਂ ਨਹੀਂ ਬੋਲਦਾ ਅਹਿਮਦ ਸਲੀਮ
ਜਿਸਮ ਜਿਹੜੇ ਜਾਬਰਾਂ ਦੇ ਹੁਕਮ ਵਿਚ ਜੂੜੇ ਹੋਏ
ਤੜਫਦੇ ਹੋਏ ਤੁਰ ਗਏ ਜੋ ਆਪਣੇ ਟੱਬਰਾਂ ਤੋਂ ਦੂਰ
ਤੜਫਦੇ ਹਨ ਅਜੇ ਵੀ ਉਹ ਹਿੰਦ ਵਿਚ ਨੂੜੇ ਪਏ

ਹਰ ਦੂਏ ਤੀਏ ਜਦੋਂ ਫੁੰਕਾਰਦਾ ਹੈ ਰੇਡੀਓ
ਭੱਜਦੇ ਹੋਏ ਢਿੱਡ ਕੁੱਝ ਟਕਰਾਏ ਸੰਗੀਨਾਂ ਦੇ ਨਾਲ
ਕਿਉਂ ਤੇਰੀ ਤਰਸਾਂ ਭਰੀ, ਕਾਨੀ ਕਦੇ ਰੋਈ ਨਹੀਂ
ਕਿਉਂ ਤੇਰੇ ਕੂਲੇ ਖਿਆਲਾਂ ਵਿਚ ਨਹੀਂ ਆਉਂਦਾ ਭੁਚਾਲ

ਤੇਰੀ ਹਮਦਰਦੀ ਭਰੀ ਉਹ ਆਤਮਾ ਕਿੱਥੇ ਗਈ
ਜਾਂ ਹੈ ਤੈਨੂੰ ਖੌਫ, ਨਾ ਟੁੱਟੇ ਤੇਰਾ ਭਾਰਤ ‘ਚ ਮਾਣ
ਜੋ ਤੈਨੂੰ ਗਰਦਾਨਦੇ ਪਏ ਸੀ ਪੈਗ਼ੰਬਰ ਸੱਚ ਦਾ
ਹੁਣ ਕਿਤੇ ਨਾ ਆਖ ਦੇਵਣ, ਇਕ ਨਾ-ਸ਼ੁਕਰਾ ਮੁਸਲਮਾਨ

ਮੈਂ ਨਹੀਂ ਕਹਿੰਦਾ ਮੁਹਬੱਤ ਵਿੱਚ ਪਿਘਲ ਜਾਇਆ ਨਾ ਕਰ
ਮੈਂ ਨਹੀਂ ਕਹਿੰਦਾ ਕਿ ਆਢਾ ਜ਼ੁਲਮ ਨਾਲ ਲਾਇਆ ਨਾ ਕਰ
ਮੈਂ ਤਾਂ ਕਹਿੰਦਾ ਹਾਂ ਕਿ ਜ਼ੁਲਮ ਦੀ ਜੜ੍ਹਾਂ ਤੋਂ ਪਹਿਚਾਨ ਕਰ
ਸ਼ੂਕਦੇ ਪੱਤਿਆਂ ਦੇ ਉੱਤੇ ਥੁੱਕ ਕੇ ਮੁੜ ਜਾਇਆ ਨਾ ਕਰ

ਆ ਅਸੀਂ ਢਿੱਡਾਂ ਨੂੰ ਕਹੀਏ, ਸਿਰਾਂ ਦੀ ਖ਼ਾਤਰ ਲੜੋ
ਬਣ ਕੇ ਪੂਰੇ ਜਿਸਮ ਆਪਣੀ ਕਿਸਮ ਦੀ ਖ਼ਾਤਰ ਲੜੋ
ਫਿਰ ਬਣਾ ਕੇ ਜੰਗੀ ਕੈਦੀ, ਪੂਰੀ ਦੇਵਾਂਗੇ ਸਜ਼ਾ
ਅਜੇ ਤਾਂ ਯਾਰੋ ਬੱਸ ਅਪਣੇ ਜਿਸਮ ਦੀ ਖ਼ਾਤਰ ਲੜੋ।

ਚੋਣ- ਹਰਕੰਵਲ ਕੋਰਪਾਲ।