Headlines

ਡਾ ਲਖਵਿੰਦਰ ਸਿੰਘ ਗਿੱਲ ਦੀਆਂ ਕਵਿਤਾਵਾਂ—

ਡਾ. ਲਖਵਿੰਦਰ ਸਿੰਘ ਗਿੱਲ ਅੰਗਰੇਜ਼ੀ ਵਿਸ਼ੇ ਦਾ ਪ੍ਰੋਫ਼ੈਸਰ ਰਿਹਾ ਹੈ ਪਰ ਕਵਿਤਾ ਉਹ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਕਹਿੰਦਾ ਹੈ। ਪੀਐਚ.ਡੀ ਅੰਗਰੇਜ਼ੀ ਵਿੱਚ ਕਰਕੇ ਅੰਗਰੇਜ਼ੀ ਵਿਚ ਤਿੰਨ ਕਿਤਾਬਾਂ ਅਤੇ ਪੰਜਾਬੀ ਵਿਚ ਇਕ ਕਾਵਿ ਸੰਗ੍ਰਹਿ ਲਿਖ ਚੁੱਕਾ ਹੈ। ਪੰਜਾਬ ਅਤੇ ਪੰਜਾਬੀਅਤ ਦੀਆਂ ਸਮੱਸਿਆਵਾਂ ਉਸਦੀ ਕਵਿਤਾ ਦਾ ਵਿਸ਼ਾ ਰਹਿੰਦੇ ਹਨ। ਜ਼ਿਲਾ ਗੁਰਦਾਸਪੁਰ ਦੇ ਪਿੰਡ ਗਿੱਲਾਂਵਾਲੀ ਦਾ ਜੰਮਪਲ ਹੋਣ ਕਰਕੇ ਪਿੰਡ ਕਿਸੇ ਨਾ ਕਿਸੇ ਰੂਪ ਵਿੱਚ ਉਸਦੀ ਕਵਿਤਾ ਵਿੱਚ ਮੌਜੂਦ ਰਹਿੰਦਾ ਹੈ।
1

ਅੱਖ਼ਰ ਪੜ੍ਹਨੇ ਸੌਖੇ ਹੋ ਗਏ

ਬੰਦੇ ਪੜ੍ਹਨੇ  ਔਖੇ ਹੋ ਗਏ

 

ਨਾਅਰੇ, ਹੋਕੇ ਜਾਅਲੀ ਲੱਗਣ

ਛਿੰਝਾਂ, ਮੇਲੇ ਖਾਲੀ ਲੱਗਣ

ਦੇਸ਼ ਪਿਆਰ, ਧਰਮ, ਸਿਆਸਤ

ਸਭਨਾ ਵਿੱਚ ਹੀ ਧੋਖੇ ਹੋ ਗਏ

 

ਖੂਹ ਦੀਆਂ ਟਿੰਡਾਂ ਪਾਣੀ ਲੱਭਣ

ਬੋਟ ਚਿੜੀ ਦੇ ਟਾਹਣੀ ਲੱਭਣ

ਕੋਠੇ ਚੜ੍ਹ ਕੇ ਉੱਲੂ ਗਾਉਂਦੇ

ਕਿੱਸੇ ਸਭ ਅਨੋਖੇ ਹੋ ਗਏ

 

ਥਾਣਾ ਕਹੇ ਹਿਫ਼ਾਜ਼ਤ ਗੁੰਮ ਹੈ

ਕੁਰਸੀ ਕਹੇ ਲਿਆਕਤ ਗੁੰਮ ਹੈ

ਝੁੱਗੀਆਂ ਤੇ ਬਲਡੋਜ਼ਰ ਫਿਰਦੇ

ਮਹਿਲਾਂ ਵਾਲ਼ੇ ਚੋਖੇ ਹੋ ਗਏ

 

ਵਿਦਿਆ ਪਈ ਉਸਤਾਦ ਨੂੰ ਲੱਭੇ

ਦਿਲਰੁਬਾ ਜਿਵੇਂ ਨਾਦ ਨੂੰ ਲੱਭੇ

ਰੱਬ ਵੀ ਹੋਇਆ ਕਾਣਾ ਫਿਰਦਾ

ਅਖੋਂ ਸੱਚ ਪਰੋਖੇ ਹੋ ਗਏ

 

ਘਰ ਵੱਡੇ ਪਰ ਬੰਦੇ ਹੈ ਨਹੀਂ

ਗੱਲਾਂ ਵੱਡੀਆਂ ਧੰਦੇ ਹੈ ਨਹੀਂ

ਬੀਬੀ ਬਾਪੂ ਗੱਲਾਂ ਕਰਦੇ

ਬੁੱਢੇਵਾਰੇ ਔਖੇ ਹੋ ਗਏ

 

ਚੋਰ ਨੇ ਆਖ਼ਰ ਚੋਰ ਹੀ ਰਹਿਣਾ

ਅੰਦਰੋਂ ਤਾਂ ਕੰਮਜ਼ੋਰ ਹੀ ਰਹਿਣਾ

ਚੋਰਾਂ ਆਖਰ ਰੋਣਾ ਹੁੰਦਾ

ਐਂਵੇਂ ਲੱਗਦਾ ਸੌਖੇ ਹੋ ਗਏ

 

2.

—ਕਮਾਲ ਏਂ ਤੂੰ ਜ਼ਿੰਦਗੀ—

ਹੱਦ ਏਂ ਤੂੰ ਜ਼ਿੰਦਗੀ,ਕਮਾਲ ਏਂ ਤੂੰ ਜ਼ਿੰਦਗੀ

ਹਰ ਰੋਜ਼ ਸੱਜਰਾ ਸਵਾਲ ਏਂ ਤੂੰ ਜ਼ਿੰਦਗੀ

 

ਜ਼ਿੰਦਗੀ ਤੂੰ ਲੱਗੇਂ ਕਦੀ ਖ਼ਾਰ ਵਰਗੀ

ਫੁੱਲਾਂ ਦੇ ਦੁਆਲੇ ਲੱਗੀ ਤਾਰ ਵਰਗੀ

ਸੱਜਣਾਂ ਦੇ ਕੀਤੇ ਹੋਏ ਵਾਰ ਵਰਗੀ

ਦੂਰ ਤੁਰ ਗਏ ਦਿਲਦਾਰ ਵਰਗੀ

ਸਾਂਭੇ ਹੋਏ  ਖ਼ਤਾਂ ਵਾਲੇ ਭਾਰ ਵਰਗੀ

ਸ਼ਗਨਾ ਦੇ ਗੁੰਮ ਗਏ  ਹਾਰ ਵਰਗੀ

ਕਾਸ਼ਨੀ,ਸਫ਼ੈਦਕਦੀ ਲਾਲ ਏਂ ਤੂੰ ਜ਼ਿੰਦਗੀ

ਹੱਦ ਏਂ ਤੂੰ ਜ਼ਿੰਦਗੀ,ਕਮਾਲ ਏਂ ਤੂੰ ਜ਼ਿੰਦਗੀ

 

ਕਦੇ ਲੱਗੇਂ ਮੈਨੂੰ ਤੂੰ  ਸ਼ਬਾਬ ਜਹੀ ਏਂ

ਹਵਾ ਵਿੱਚ  ਝੂਮਦੇ ਗ਼ੁਲਾਬ  ਜਹੀ ਏਂ

ਪੂਰੀ ਨਾ ਅਧੂਰੀ  ਬੇਹਿਸਾਬ ਜਹੀ ਏਂ

ਮਿਤਰਾਂ ਦੇ ਪਿੰਡ ਵਾਲੇ ਖ਼ਾਬ ਜਹੀ ਏਂ

ਚੇਤ ਦੇ ਮਹੀਨੇ ਆਫ਼ਤਾਬ ਜਹੀ ਏਂ

ਸੰਧਿਆ ਨੂੰ ਸੁਣਦੀ  ਰੁਬਾਬ ਜਹੀ ਏਂ

ਸ਼ਗਨਾਂ ਦਾ ਕਏਂ  ਵਾਲਾਂ ਥਾਲ ਏਂ ਤੂੰ ਜ਼ਿੰਦਗੀ

ਹੱਦ ਏਂ ਤੂੰ ਜ਼ਿੰਦਗੀ,ਕਮਾਲ ਏਂ ਤੂੰ ਜ਼ਿੰਦਗੀ

 

ਕੱਲੀ ਕਿਤੇ ਮਿਲੀ ਤੈਨੂੰ ਪੁੱਛਣਾ ਜ਼ਰੂਰ ਹੈ

ਫਿਜ਼ਾ ਚ ਮੁਹੱਬਤਾਂ ਦਾ ਕਿੰਨਾ ਕੁ ਸਰੂਰ ਹੈ?

ਬੰਦਿਆਂ ਦਾ ਹੋਣੀ ਸਾਂਹਵੇ ਕਿੰਨਾ ਕੁ ਕਸੂਰ ਹੈ?

ਕਿਸੇ ਦੇ ਬਨੇਰੇ ਕਿੰਜ  ਹਾਸਿਆਂ  ਦਾ ਨੂਰ ਹੈ!

ਕੋਈ ਵਿਹੜਾ ਹਉਕਿਆਂ ਲਈ ਕਿਉਂ ਮਜਬੂਰ ਹੈ?

ਕੀਹਦੀ ਮਨ-ਮਰਜ਼ੀ, ਇਹ ਕੀਹਦਾ ਦਸਤੂਰ ਹੈ?

ਹੱਥ ਨਾਲ ਕੱਢਿਆ ਰੁਮਾਲ ਏਂ ਤੂੰ ਜ਼ੰਦਗੀ

 

ਹਰ ਰੋਜ਼ ਸੱਜਰਾ ਸਵਾਲ ਏਂ ਤੂੰ ਜ਼ਿੰਦਗੀ

ਹੱਦ ਏਂ ਤੂੰ ਜ਼ਿੰਦਗੀ,ਕਮਾਲ ਏਂ ਤੂੰ ਜ਼ਿੰਦਗੀ

 

3.

—-ਮੈਂ ਤੈਨੂੰ ਯਾਦ ਕਰਦਾ ਹਾਂ—

 

ਜਦੋਂ ਡਾਰ ਕੂੰਜਾਂ ਦੀ ਹਵਾਵਾਂ ਸੰਗ ਵਹਿੰਦੀ 

ਨੀਲੇ ਅੰਬਰਾਂ ਤੇ ਸੱਤ-ਰੰਗੀ ਪੀਂਘ ਪਇੰਦੀ ਏ

ਫੁੱਲ ਟਹਿਕਦੇ ‘ਤੇ ਤਿਤਲੀ ਕੋਈ ਆਣ ਬਹਿੰਦੀ ਏ,

ਅੰਬਰਾਂ ‘ਚ ਤਰਦਾ ਹਾਂ

 ਮੈਂ ਤੈਨੂੰ ਯਾਦ ਕਰਦਾ ਹਾਂ

 

ਰੁੱਤਾਂ ਮਹਿਕੀਆਂ ਨੂੰ ਵੇਖ ਮੋਰ ਪੈਲ ਪਾਉਂਦੇ ਨੇ

ਸੂਰਜ ਡੁੱਬਦਾ ਜਦ ਵੀ ਤੇ ਪੰਛੀ ਚਹਿਚਹਾਉਂਦੇ ਨੇ

ਰਾਣੀ ਰਾਤ ਦੀ ਮਹਿਕੇ ਤੇ ਤਾਰੇ ਮੁਸਕਰਾਉਂਦੇ ਨੇ,

ਰਾਤਾਂ ‘ਚ ਰੰਗ ਭਰਦਾ ਹਾਂ 

ਮੈਂ ਤੈਨੂੰ ਯਾਦ ਕਰਦਾ ਹਾਂ

 

ਦੁਪਹਿਰੇ ਰੁੱਖ ਤੇ ਬੈਠੀ ਜੇ ਕਿਧਰੇ ਕੋਇਲ ਗਾਉਂਦੀ ਐ

ਲੱਗ ਕੇ ਬਿਰਖ਼ ਦੇ ਗਲ਼ ਵੇਲ ਜਦ ਕੋਈ ਬਾਤ ਪਉਂਦੀ ਐ

ਬਿਰਖ਼ ਬਾਵਰੇ ਹੁੰਦੇ, ਹਵਾ ਨਗ਼ਮੇ ਸੁਣਾਉਂਦੀ ਐ,

ਪੌਣਾਂ ਨੂੰ ਫੜ੍ਹਦਾ ਹਾਂ 

ਮੈਂ ਤੈਨੂੰ ਯਾਦ ਕਰਦਾ ਹਾਂ

 

ਮੁਹੱਬਤ ਰੰਗੀਆਂ ਰੂਹਾਂ ਜੇ ਕਿਧਰੇ ਵੇਖਦਾ ਹਾਂ ਮੈ

ਮੰਗਦਾਂ ਸੁੱਖ ਆਲਮ ਦੀ ਤੇ ਮੱਥੇ ਟੇਕਦਾ ਹਾਂ ਮੈ

ਧੂੰਆਂ ਬਾਲ਼ ਹਿਜ਼ਰਾਂ ਦਾ ਇਕੱਲਾ ਸੇਕਦਾ ਹਾਂ ਮੈ,

ਛਮ-ਛਮ ਵਰਦਾ ਹਾਂ 

ਮੈਂ ਤੈਨੂੰ ਯਾਦ ਕਰਦਾ ਹਾਂ

 

ਜਦੋਂ ਯਾਦ ਆਵਣ ਮੈਨੂੰ ਮੇਰੀਆਂ ਨਾਕਾਮੀਆਂ

 ਖ਼ੁਦਗ਼ਰਜ਼ੀਆਂ, ਖੁਨਾਮੀਆਂ ਤੇ ਬੇਈਮਾਨੀਆਂ

ਮੇਰੀਆਂ ਮਨਮਾਨੀਆਂ, ਤੇਰੀਆਂ ਮਿਹਰਬਾਨੀਆਂ,

ਸਿਜਦੇ ਹਜ਼ਾਰ ਕਰਦਾ ਹਾਂ 

ਮੈਂ ਤੈਨੂੰ ਯਾਦ ਕਰਦਾ ਹਾਂ       

 

 

 

4.ਦੋਹੇ

 

 

ਬੋਲ

ਬੋਲ ਢਾਂਵਦੇ ਢੇਰੀਆਂ, ਬੋਲ ਦੇਣ ਧਰਵਾਸ

ਬੋਲ ਸਿੰਘਾਸਣ ਸੌਂਪਦੇ, ਬੋਲ ਦੇਣ ਬਨਵਾਸ

 

ਬੋਲ ਪਤਾ ਘਰ ਬਾਹਰ ਦਾ,ਬੋਲ ਨੇ ਡੂੰਘੀ ਬਾਤ

ਬੋਲ ਬੰਦੇ ਦੀ ਨਸਲ ਨੇ, ਬੋਲ ਬੰਦੇ ਦੀ ਜਾਤ

 

ਬੋਲ ਘੁਮਾਉਂਦੇ ਕੁੰਜੀਆਂ, ਬੋਲ ਖੋਲਦੇ ਪੋਲ

ਬੋਲ ਨੇ ਗਤਕਾ ਖੇਡਦੇ, ਬੋਲ ਸੁਲੱਖਣੇ ਬੋਲ

 

ਬੋਲ ਸੁਗੰਧੀਆਂ ਵੰਡਦੇ, ਬੋਲ ਬਿਖ਼ੇਰਨ ਰੰਗ

ਬੋਲ ਨੇ ਝਾਂਜਰ ਪੈਰ ਦੀ, ਬੋਲ ਛਣਕਦੀ ਵੰਗ

 

ਬੋਲ ਧਰਤ ਆਕਾਸ਼ ਨੇ, ਬੋਲ ਤੇਰੇ ਪ੍ਰਚੰਡ

ਬੋਲ  ਹੀ ਸੂਰਜ ਚੰਦ ਨੇ, ਬੋਲ ਸਾਰਾ ਬ੍ਰਹਿਮੰਡ

 

ਬੋਲ ਕਦੇ ਸ਼ੈਤਾਨ ਨੇ, ਬੋਲ ਨੇ ਕਦੇ ਖ਼ੁਦਾ

ਮਿੱਠੜੇ ਬੋਲ ਮਹਿਬੂਬ ਦੇ, ਚੰਨ੍ਹ  ਤੇ ਦੇਣ ਬਿਠ੍ਹਾ

 

ਬੋਲ ਕਰੇਂਦੇ ਕਰਾਮਾਤ, ਦੇਵਣ ਯੁੱਗ ਪਲਟਾ

ਬੋਲ ਹਿਲਾਉਂਦੇ ਤਖ਼ਤ ਨੂੰ, ਖਿੱਚ ਨਿਸ਼ਾਨਾ ਲਾ

 

ਰੁੱਖ

ਰੁੱਖ ਨੇ ਸਾਡੀ ਜ਼ਿੰਦਗੀ

ਰੁੱਖ ਨੇ ਸਾਡੇ ਸਾਹ

ਰੁੱਖ ਹਵਾ ਵਿੱਚ ਝੂਮਦਾ

ਰੱਬ ਨੂੰ ਜਾਂਦਾ ਰਾਹ

 

ਰੁੱਖ ਮੁਹੱਬਤਾਂ ਵੰਡਦੇ

ਨਾ ਜਾਨਣ ਤਕਰਾਰ

ਝੁਕ ਝੁਕ ਮੱਥੇ ਚੁੰਮਦੇ

ਸਿਰ ਤੇ ਦੇਣ ਪਿਆਰ

 

ਰੁੱਖਾਂ ਨਾਲ ਨੇ ਰੌਣਕਾਂ

ਰੁੱਖਾਂ ਨਾਲ ਬਹਾਰ

ਹੱਥੀਂ ਛਾਵਾਂ ਕਰਨ ਏਹ

ਰੱਜ ਰੱਜ ਦੇਣ ਪਿਆਰ

 

ਵੇਖੋ ਕਰਦੇ ਮਿਲਣੀਆਂ

ਰੰਗ ਬਰੰਗੇ ਫੁੱਲ

ਹੱਸ ਹੱਸ ਮਹਿਕਾਂ ਵੰਡਦੇ

ਟਕਾ ਨਾ ਮੰਗਣ ਮੁੱਲ

 

ਰੁੱਖ ਜਦੋਂ ਕੁਮਲਾਂਵਦਾ

ਕੁਦਰਤ ਭਰਦੀ ਅੱਖ

ਲਗਦਾ ਮਾਂ ਹੈ ਸਿਸਕਦੀ

ਧੀ ਤੋਂ ਹੋ ਕੇ ਵੱਖ

 

‘ਬੰਦਾ ਸਾਨੂੰ ਵੱਢਦਾ

ਬੰਦਾ ਦੇਵੇ ਦੁੱਖ

ਬੰਦਾ ਬੰਦਾ ਨਾ ਬਣੇ’

ਹਿਰਖ ਕਰੇਂਦੇ ਰੁੱਖ

 

 

  1. ਸ਼ੁਕਰਾਨਾ-

ਅੰਬਰਾਂ ਨੂੰ ਟਾਕੀ ਲਾਉਂਦਾ ਮੈਂ

ਉਂਗਲ਼ ਤੇ ਦੁਨੀ ਘੁਮਾਉਂਦਾ ਮੈ

ਪੱਥਰਾਂ ਤੇ ਨਾਮ ਲਿਖਾਉਂਦਾ ਮੈ

ਇਨ੍ਹਾਂ ਪੱਥਰਾਂ ਆਖਰ ਖਿੰਡ ਜਾਣਾ

ਖੁਦ ਨੂੰ ਸਮਝਾਉਣਾ ਭੁੱਲ ਜਾਨਾ

ਮੈ ਸ਼ੁਕਰ ਮਨਾਉਂਣਾ ਭੁੱਲ ਜਾਨਾ

 

ਕਈ ਸੌਂਦੇ ਨੇ ਪਰ ਉੱਠਦੇ ਨਹੀਂ

ਕਈਆਂ ਦੇ ਹਉਕੇ ਮੁੱਕਦੇ ਨਹੀਂ

ਦੁੱਖ ਬੰਨ ਲਾਇਆਂ ਵੀ ਰੁਕਦੇ ਨਹੀਂ

ਮੈਂ ਰੋਜ਼ ਸਵੇਰੇ ਉੱਠ ਬਹਿਨਾ

ਪਰ ਜਸ਼ਨ ਮਨਾਉਣਾ ਭੁੱਲ ਜਾਨਾ

ਮੈ ਸ਼ੁਕਰ ਮਨਾਉਂਣਾ ਭੁੱਲ ਜਾਨਾ

 

ਮੇਰੇ ਜੰਮਣ ਵਾਲੇ ਗਏ ਕਿੱਥੇ !

ਮੇਰੇ ਨਾਲ ਤੁਰੇ ਜੋ ਰਹੇ ਕਿੱਥੇ!

ਜੋ ਉਡਦੇ ਸੀ ਉਹ ਢਏ ਕਿੱਥੇ!

‘ਇਨ੍ਹਾਂ ਗੁੱਡੀਆਂ ਆਖਰ ਬੋਅ ਹੋਣਾ’

ਇਹ ਗੁਣਗੁਣਾਉਨਾ ਭੁੱਲ ਜਾਨਾ

ਸ਼ੁਕਰ ਮਨਾਉਂਣਾ ਭੁੱਲ ਜਾਨਾ

 

ਇਹ ਮੌਸਮ ਮੁੜ੍ਹ ਮੁੜ੍ਹ ਆਉਂਣਾ ਨਹੀਂ

ਕੋਇਲਾਂ ਨੇ ਮੁੜ੍ਹ ਮੁੜ੍ਹ ਗਾਉਣਾ ਨਹੀਂ

ਕਿਣਮਿਣ ਵਿੱਚ ਚਿੜੀਆਂ ਨਾਹੁਣਾ ਨਹੀਂ

ਹਰ ਦਿਨ ਦੀਵਾਲੀ ਵਰਗਾ ਹੈ

ਘਰ ਰੁਸ਼ਨਾਉਣਾ ਭੁੱਲ ਜਾਨਾ

ਮੈ ਸ਼ੁਕਰ ਮਨਾਉਂਣਾ ਭੁੱਲ ਜਾਨਾ

 

ਮੈਂ ਬਾਗ਼ੀਂ ਗੇੜਾ ਲਾ ਆਉਂਨਾ

ਬੁਲਬੁਲ ਦੇ ਵਿਹੜ੍ਹੇ ਜਾ ਆਉਨਾ

ਫੁੱਲਾਂ ਨੂੰ ਬਾਤ ਸੁਣਾ ਆਉਨਾ

ਰੰਗ ਬਰੰਗੇ ਫੁੱਲਾਂ ਲਈ

ਕੁਝ ਕਲਮਾ ਲਾਉਣਾ ਭੁੱਲ ਜਾਨਾ

ਮੈ ਸ਼ੁਕਰ ਮਨਾਉਣਾ ਭੁੱਲਦਾ ਹਾਂ

 

ਇਹ ਜ਼ਿੰਦਗੀ ਤੁਰਦੀ ਜਾਣੀ ਏਂ

ਇਹ ਹਰ ਦਿਨ ਭੁਰਦੀ ਜਾਂਣੀ ਏਂ

ਇਹ ਹਰ ਪਲ ਖੁਰਦੀ ਜਾਂਣੀ ਏਂ

ਮੈ ਯਾਰਾਂ ਦੀ ਹਰ ਮਹਿਫ਼ਲ ਵਿੱਚ

ਤਸਵੀਰ ਖਿਚਾਉਣਾ ਭੁੱਲ ਜਾਨਾ

ਮੈ ਸ਼ੁਕਰ ਮਨਾਉਣਾ ਭੁੱਲ ਜਾਨਾ