Headlines

ਇੰਸਪੈਕਟਰ ਕਵਲਜੀਤ ਰਾਏ ਨੇ ਸੰਭਾਲਿਆ ਥਾਣਾ ਮੁਖੀ ਸਰਹਾਲੀ ਦਾ ਚਾਰਜ

ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,14 ਦਸੰਬਰ-
ਜ਼ਿਲ੍ਹਾ ਤਰਨਤਾਰਨ ਦੇ ਪੁਲਿਸ ਮੁਖੀ ਐਸ.ਐਸ.ਪੀ ਅਸ਼ਵਨੀ ਕਪੂਰ ਦੇ ਆਦੇਸ਼ਾਂ ਤਹਿਤ ਇੰਸਪੈਕਟਰ ਕਵਲਜੀਤ ਰਾਏ ਵਲੋਂ ਪੁਲਿਸ ਥਾਣਾ ਸਰਹਾਲੀ ਦੇ ਐਸ.ਐਚ.ਓ ਵਜੋਂ ਚਾਰਜ ਸੰਭਾਲਿਆ ਗਿਆ ਹੈ।ਉਹ ਪੁਲਿਸ ਥਾਣਾ ਖੇਮਕਰਨ ਤੋਂ ਬਦਲ ਕੇ ਇਥੇ ਆਏ ਹਨ।ਥਾਣਾ ਖੇਮਕਰਨ ਦੇ ਮੁਖੀ ਹੁੰਦੇ ਉਨ੍ਹਾਂ ਵਲੋਂ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਕੀਤੀ ਕਾਰਵਾਈ ਕਾਫੀ ਸ਼ਲਾਘਾਯੋਗ ਰਹੀ ਹੈ। ਇੰਸਪੈਕਟਰ ਕਵਲਜੀਤ ਰਾਏ ਨੇ ਥਾਣਾ ਸਰਹਾਲੀ ਦੇ ਐਸ.ਐਚ.ਓ ਵਜੋਂ ਚਾਰਜ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮਾਨਯੋਗ ਡੀ.ਜੀ.ਪੀ ਪੰਜਾਬ ਅਤੇ ਜ਼ਿਲ੍ਹਾ ਪੁਲਿਸ ਮੁਖੀ ਤਰਨਤਾਰਨ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਸਮਾਜ ਵਿਚੋਂ ਨਸ਼ਿਆਂ ਨੂੰ ਖਤਮ ਕਰਨ ਅਤੇ ਗਲਤ ਅਨਸਰਾਂ ਖਿਲਾਫ਼ ਸਖ਼ਤ ਕਾਰਵਾਈ ਕਰਨਾ ਉਨ੍ਹਾਂ ਦੀ ਪਹਿਲਕਦਮੀ ਹੋਵੇਗੀ। ਉਨ੍ਹਾਂ ਕਿਹਾ ਕਿ ਜਨਤਾ ਦੇ ਸਹਿਯੋਗ ਨਾਲ ਹੀ ਨਸ਼ਿਆਂ ਨੂੰ ਠੱਲ੍ਹ ਪਾਈ ਜਾ ਸਕਦੀ ਹੈ,ਇਸ ਲਈ ਜੇਕਰ ਕੋਈ ਨਸ਼ੇ ਦਾ ਕਾਰੋਬਾਰ ਕਰਦਾ ਹੈ ਤਾਂ ਇਸਦੀ ਸੂਚਨਾ ਬਿਨਾਂ ਕਿਸੇ ਡਰ ਭੈਅ ਦੇ ਪੁਲਿਸ ਨੂੰ ਦੇਣੀ ਚਾਹੀਦੀ ਹੈ। ਨਸ਼ਿਆਂ ਸੰਬੰਧੀ ਸੂਚਨਾ ਦੇਣ ਵਾਲੇ ਦਾ ਨਾਮ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ। ਪੁਲਿਸ ਥਾਣਾ ਸਰਹਾਲੀ ਦੇ ਨਵ-ਨਿਯੁਕਤ ਐਸ.ਐਚ.ਓ ਇੰਸਪੈਕਟਰ ਕਵਲਜੀਤ ਰਾਏ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਮੁਖੀ ਐਸ.ਐਸ.ਪੀ ਅਸ਼ਵਨੀ ਕਪੂਰ ਦੀਆਂ ਸਖ਼ਤ ਹਦਾਇਤਾਂ ਤਹਿਤ ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਲਈ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਲਾਕੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਚੰਗੇ ਅਕਸ ਵਾਲੇ ਹਰੇਕ ਨਾਗਰਿਕ ਨੂੰ ਪੁਲਿਸ ਥਾਣੇ ਵਿੱਚ ਮਾਣ ਸਤਿਕਾਰ ਦਿੱਤਾ ਜਾਵੇਗਾ। ਥਾਣਾ ਮੁਖੀ ਇੰਸਪੈਕਟਰ ਕਵਲਜੀਤ ਰਾਏ ਨੇ ਅਖੀਰ ਵਿੱਚ ਇਲਾਕਾ ਨਿਵਾਸੀਆਂ ਤੋਂ ਸਹਿਯੋਗ ਦੀ ਮੰਗ ਕਰਦੇ ਹੋਏ ਕਿਹਾ ਕਿ ਉਹ ਪੁਲਿਸ ਨੂੰ ਹਮੇਸ਼ਾ ਸੱਚੀ ਇਤਲਾਹ ਦੇਣ ਤਾਂ ਜ਼ੋ ਇਲਾਕੇ ‘ਚ ਅਮਨ ਸ਼ਾਂਤੀ ਬਹਾਲ ਕੀਤੀ ਜਾ ਸਕੇ।