Headlines

ਗਾਜ਼ਾ ਪੱਟੀ ਵਿਚ ਮਾਰਿਆ ਗਿਆ ਅਲ ਜਜ਼ੀਰਾ ਪੱਤਰਕਾਰ ਸਪੁਰਦੇ ਖਾਕ

ਜੰਗ ਦੌਰਾਨ ਮਾਰੇ ਗਏ ਪੱਤਰਕਾਰਾਂ ਦੀ ਗਿਣਤੀ 50  ਤੱਕ ਪੁੱਜੀ-

ਗਾਜ਼ਾ ਪੱਟੀ- ਬੀਤੇ ਦਿਨ ਇਜ਼ਰਾਈਲ ਦੇ ਹਵਾਈ ਹਮਲੇ ਦੌਰਾਨ ਮਾਰੇ ਗਏ ਅਲ ਜਜ਼ੀਰਾ ਦੇ ਪੱਤਰਕਾਰ ਸਮੀਰ ਅਬੁਦਾਕਾ ( 45) ਨੂੰ ਦੱਖਣੀ ਗਾਜ਼ਾ ਵਿੱਚ ਧਾਰਮਿਕ ਰਸਮਾਂ ਕਰਦਿਆਂ ਸਪੁਰਦੇ ਖਾਕ ਕਰ ਦਿੱਤਾ ਗਿਆ।  ਇਸ ਮੌਕੇ ਵੱਡੀ ਗਿਣਤੀ ਵਿਚ ਪੱਤਰਕਾਰ ਭਾਈਚਾਰੇ ਸਮੇਤ ਦਰਜਨਾਂ ਸੋਗ ਕਰਨ ਵਾਲਿਆਂ ਨੇ ਇਜ਼ਰਾਈਲੀ ਡਰੋਨ ਹਮਲੇ ਵਿੱਚ ਮਾਰੇ ਗਏ ਕੈਮਰਾਮੈਨ ਨੂੰ ਸ਼ਰਧਾਂਜਲੀ ਭੇਟ ਕੀਤੀ।

ਜ਼ਿਕਰਯੋਗ ਹੈ ਕਿ ਗਾਜ਼ਾ ਵਿੱਚ ਅਲ ਜਜ਼ੀਰਾ (ਅਰਬੀ) ਲਈ ਕੈਮਰਾਮੈਨ ਅਬੂਦਾਕਾ,  ਰਿਪੋਰਟਿੰਗ ਕਰਦੇ ਸਮੇਂ ਮਾਰਿਆ ਗਿਆ ਸੀ। ਇਸ ਦੌਰਾਨ ਉਸਦਾ ਸਹਿਯੋਗੀ ਪੱਤਰਕਾਰ ਵੇਲ ਦਹਦੌਹ, ਪਿਛਲੇ ਹਫਤੇ ਇਜ਼ਰਾਈਲੀ ਬੰਬਾਰੀ ਦੌਰਾਨ ਜਿਸਦੀ ਪਤਨੀ, ਪੁੱਤਰ, ਧੀ ਅਤੇ ਪੋਤਾ ਮਾਰੇ ਗਏ ਸਨ, ਵੀ ਗੰਭੀਰ ਜ਼ਖਮੀ ਹੋ ਗਿਆ ਸੀ। ਦਹਦੋਹ ਨੇ ਇਸ ਮੌਕੇ ਪੱਤਰਕਾਰਤਾ ਨੂੰ ਸਮਰਪਣ ਹੋਣ ਦਾ ਆਪਣਾ ਅਹਿਦ ਦੁਹਰਾਉਂਦਿਆਂ ਕਿਹਾ ਕਿ ਗਾਜ਼ਾ ਵਿੱਚ ਜੰਗ ਦੌਰਾਨ ਪੱਤਰਕਾਰ ਦੁਨੀਆ ਲਈ ਇੱਕ “ਮਨੁੱਖੀ ਅਤੇ ਨੇਕ ਸੰਦੇਸ਼” ਪਹੁੰਚਾ ਰਹੇ ਹਨ। ਉਹ  ਇਜ਼ਰਾਈਲੀ ਹਮਲਿਆਂ ਦੇ ਬਾਵਜੂਦ ਆਪਣਾ ਕੰਮ ਜਾਰੀ ਰੱਖਣਗੇ। ਜਦੋਂ ਉਹ ਇਹ ਗੱਲ ਕਹਿ ਰਿਹਾ ਸੀ ਤਾਂ ਉਸਦੇ ਆਲੇ ਦੁਆਲੇ ਖੜੇ ਲੋਕ ਰੋ ਰਹੇ ਸਨ।

ਜ਼ਿਕਰਯੋਗ ਹੈ ਕਿ ਗਾਜ਼ਾ ਜੰਗ ਦੌਰਾਨ ਹੁਣ ਤੱਕ 50 ਦੇ ਕਰੀਬ ਪੱਤਰਕਾਰ ਅਤੇ ਉਹਨਾਂ ਦੇ ਸਹਿਯੋਗੀ ਮਾਰੇ ਜਾ ਚੁੱਕੇ ਹਨ। ਕਈ ਪੱਤਰਕਾਰ ਆਪਣੇ ਪਰਿਵਾਰਕ ਜੀਆਂ ਨੂੰ ਵੀ ਗਵਾ ਚੁੱਕੇ ਹਨ। ਅਲਜਜ਼ੀਰਾ ਦਾ ਕਹਿਣਾ ਹੈ ਕਿ ਇਜ਼ਰਾਈਲ ਜਾਣਬੁੱਝ ਕੇ ਉਸਦੇ ਪੱਤਰਕਾਰਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਦੋਸ਼ ਹੈ ਕਿ ਜਦੋਂ ਕੈਮਰਾਮੈਨ ਡਿਊਟੀ ਦੌਰਾਨ ਡਰੋਨ ਹਮਲੇ ਵਿਚ ਜ਼ਖਮੀ ਹੋਇਆ ਸੀ ਤਾਂ ਇਜ਼ਰਾਈਲੀ ਸੈਨਿਕਾਂ ਨੇ ਉਸਨੂੰ ਫਸਟ ਏਡ ਸਹੂਲਤ ਵੀ ਪੁੱਜਣ ਨਹੀ ਦਿੱਤੀ।