Headlines

ਬੰਦੀ ਸਿੰਘਾਂ ਦੀ ਰਿਹਾਈ ਲਈ ਤਖ਼ਤ ਸ਼੍ਰੀ ਪਟਨਾ ਸਾਹਿਬ ਵਿਖੇ ਸੰਗਤਾਂ ਨੇ ਕੀਤੀ ਚੌਥੇ ਪੜਾਅ ਦੀ ਅਰਦਾਸ

ਖ਼ਾਲਸਾ ਵਹੀਰ ਦੌਰਾਨ ਨਸ਼ਾ ਛੱਡਣ ਵਾਲੇ ਨੌਜਵਾਨਾਂ ਦੇ ਪਰਿਵਾਰਾਂ ਦੀਆਂ ਵੱਡੀ ਗਿਣਤੀ ਵਿੱਚ ਬੀਬੀਆਂ ਸਮੇਤ ਪੰਜਾਬ ਤੋਂ ਪਹੁੰਚੀਆਂ ਸੈਂਕੜੇ ਸੰਗਤਾਂ ਨੇ ਹਿੱਸਾ ਲਿਆ –

ਪਟਨਾ ਸਾਹਿਬ/ ਸ਼੍ਰੀ ਅੰਮ੍ਰਿਤਸਰ – ਭਾਈ ਅੰਮ੍ਰਿਤਪਾਲ ਸਿੰਘ ਸਮੇਤ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਚੌਥੇ ਪੜਾਅ ਦੀ ਅਰਦਾਸ ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਹੋਈ । ਅੱਜ ਇਸ ਤੋਂ ਪਹਿਲਾਂ ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਦੇ  ਭੋਗ ਪਾਏ ਗਏ ।ਇਸ ਉਪਰੰਤ ਬੰਦੀ ਸਿੰਘਾਂ ਦੇ ਪਰਿਵਾਰਾਂ ਦੀ ਤਰਫ਼ੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਅਤੇ ਪਿਤਾ ਸ. ਤਰਸੇਮ ਸਿੰਘ ਨੇ ਕਿਹਾ ਕਿ ਅਰਦਾਸ ਸਮਾਗਮ ਦੌਰਾਨ ਅਗਾਂਹ ਹੋ ਕੇ ਮਿਲਦੀਆਂ ਉੱਚੀਆਂ ਸੁੱਚੀਆਂ ਰੂਹਾਂ ਵਾਲੇ ਤਪੱਸਵੀ ਸਿੰਘਾਂ ਦਾ ਵਿਸ਼ਵਾਸ ਹੈ ਕਿ ਅੰਮ੍ਰਿਤਪਾਲ ਸਿੰਘ ਬਹੁਤ ਦਹਾਕਿਆਂ ਬਾਦ ਕੌਮ ਨੂੰ ਮਿਲਿਆ ਅਜਿਹਾ ਸਿੰਘ ਹੈ ਜਿਸ ਦੇ ਅਲਫਾਜ ( ਲਫ਼ਜ਼) ਹਕੂਮਤ ਨੂੰ ਏ ਕੇ ਸੰਤਾਲੀ ਜਿਹੇ ਆਧੁਨਿਕ ਹਥਿਆਰਾਂ  ਤੋਂ ਵੀ ਵੱਧ ਖ਼ਤਰਨਾਕ ਲਗ ਰਹੇ ਸਨ । ਕਿਉਂਕਿ ਉਹ ਕੌਮ ਦੀ ਲੜਾਈ ਦੁਨਿਆਵੀ ਤਾਕਤਾਂ ਦੇ ਸਿਰ ਤੇ ਨਹੀਂ ਬਲਕਿ ਦਸਮ ਪਾਤਸ਼ਾਹ ਵੱਲੋਂ ਬਖ਼ਸ਼ੀ ਤੇਗ਼ ਤੇ ਭਰੋਸਾ ਰੱਖ ਕੇ ਲੜ ਰਿਹਾ ਹੈ ।
ਉਨ੍ਹਾਂ ਕਿਹਾ ਕਿ ਸਮੇਂ ਨਾਲ ਦੁਨਿਆਵੀ ਹਕੂਮਤਾਂ ਤਾਂ ਹਕੂਮਤ ਦੀਆਂ ਏਜੰਸੀਆਂ ਖ਼ਰੀਦ ਸਕਦੀਆਂ । ਏਸੇ ਕਾਰਨ ਹੀ ਅੱਜ ਇਹ ਹਾਲ ਹੈ ਕਿ ਉੱਥੋਂ ਚਲਣ ਵਾਲੀ ਸੂਈ ਵੀ ਸਿੱਖ ਵਿਰੋਧੀ ਹਕੂਮਤਾਂ ਨੂੰ ਅੱਜ ਪਤਾ ਹੁੰਦੀ ਹੈ । ਅੱਜ ਡਰੋਨਾਂ ਰਾਹੀ ਨੌਜਵਾਨੀ ਨੂੰ ਖ਼ਤਮ ਕਰਨ ਲਈ ਸਿਰਫ਼ ਨਸ਼ਾ ਹੀ ਕਥਿਤ ਜੈਡ ਸੁਰੱਖਿਆ ਵਾਲੀਆਂ ਹੂਟਰ ਮਾਰਦੀਆਂ ਗੱਡੀਆਂ ਰਾਹੀ ਅੱਗੇ ਲੰਘਦਾ ਹੈ  ।
ਉਨ੍ਹਾਂ ਕਿਹਾ ਸੋ ਅੰਮ੍ਰਿਤਪਾਲ ਸਿੰਘ ਦਾ ਵਿਸ਼ਵਾਸ ਦਸਮ ਪਾਤਸ਼ਾਹ ਤੇ ਉਸ ਦੇ ਭਗਤੀ ਤੇ ਸ਼ਕਤੀ ਦੇ ਸੁਮੇਲ ਅਮਰ ਸ਼ਹੀਦ ਬਾਬਾ ਦੀਪ ਸਿੰਘ ਅਮਰ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਅਮਰ ਸ਼ਹੀਦ ਜਥੇਦਾਰ ਬਾਬਾ ਹਨੂਮਾਨ ਸਿੰਘ ਤੇ ਵੀਹਵੀਂ ਸਦੀ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਜਿਹੇ ਮਹਾਂਪੁਰਖਾਂ ਨੂੰ ਕਲਗ਼ੀਧਰ ਪਾਤਸ਼ਾਹ ਵੱਲੋਂ ਬਖ਼ਸ਼ੀ ਮੀਰੀ ਪੀਰੀ ਦੀ ਸ਼ਕਤੀ ਤੇ ਹੈ । ਉਸ ਦਾ ਵਿਸ਼ਵਾਸ ਹੈ ਕਿ ਜੰਗ ਸਿੱਖ ਰੂਹ ਦੇ ਜ਼ੋਰ ਤੇ ਲੜਦਾ ਹੈ ਨਾ ਕਿ ਤਾਕਤਾਂ ਦੇ ਜ਼ੋਰ ਤੇ ਲੜਦਾ ਹੈ ।ਇਸ ਲਈ ਹੀ ਅੰਮ੍ਰਿਤਪਾਲ ਸਿੰਘ ਰੂਪੋਸ਼ ਜ਼ਿੰਦਗੀ ਦੌਰਾਨ ਕੁਝ ਭਦਰਪੁਰਸ਼ਾਂ ਵੱਲੋਂ ਗਵਾਂਢੀ ਮੁਲਕਾਂ ਵਿੱਚ ਚਲੇ ਜਾਣ ਦੇ ਸੁਝਾਅ ਨੂੰ ਠੁਕਰਾ ਕੇ ਗਰਜਵੀਂ ਅਵਾਜ਼ ਵਿੱਚ ਕਹਿੰਦਾ ਹੈ ਕਿ ਏਸੇ ਧਰਤੀ ਤੇ ਰਹਿ ਕੇ ਲੜਾਂਗਾ ਮਰਾਂਗਾ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ ਨੂੰ ਪ੍ਰਚੰਡ ਕਰਾਂਗਾ ।

ਉਨ੍ਹਾਂ ਕਿਹਾ ਦੇਖਣਾ ਜਦੋਂ ਪੰਜਾਂ ਤਖ਼ਤ ਸਾਹਿਬਾਨਾਂ ਤੇ ਅਰਦਾਸ ਸਮਾਗਮ ਸੰਪੂਰਨ ਹੋਏ ਫਿਰ ਭਾਈ ਅੰਮ੍ਰਿਤਪਾਲ ਸਿੰਘ ਤੇ ਬੰਦੀ ਸਿੰਘਾਂ ਵਿਰੁੱਧ ਜ਼ਾਲਮ ਹਕੂਮਤਾਂ ਦਾ ਬੁਣਿਆ ਜਾਲ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਸਤਿਗੁਰੂ ਅਵੱਸ਼ ਕੱਟਣਗੇ , ਇਹ ਸਾਡਾ ਸਭ ਦਾ ਅਟੱਲ ਵਿਸ਼ਵਾਸ ਹੈ ।ਇਸ ਅਰਦਾਸ ਸਮਾਗਮ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਤੇ ਹੋਰ ਬੰਦੀ ਸਿੰਘਾਂ ਦੇ ਪਰਿਵਾਰਾਂ ਨਾਲ ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ ਭਾਈ ਗੁਰਪ੍ਰੀਤ ਸਿੰਘ ਤੋਂ ਇਲਾਵਾ ਭਾਈ ਸਾਹਿਬ ਵੱਲੋਂ ਅਰੰਭੀ ਖ਼ਾਲਸਾ ਵਹੀਰ ਦੌਰਾਨ ਨਸ਼ਾ ਛੱਡ ਕੇ ਗੁਰੂ ਵਾਲੇ ਬਣਨ ਵਾਲੇ ਨੌਜਵਾਨਾਂ ਦੇ ਪਰਿਵਾਰਾਂ ਦੀਆਂ ਬੀਬੀਆਂ ਸਮੇਤ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤਾਂ ਪੰਜਾਬ ਤੋਂ ਚੱਲ ਕੇ ਸ਼ਾਮਲ ਹੋਈਆਂ। ਖ਼ਾਲਸਾ ਵਹੀਰ ਦੌਰਾਨ ਨਸ਼ਾ ਛੱਡਣ ਵਾਲੇ ਨੌਜਵਾਨਾਂ ਦੇ ਪਰਿਵਾਰਾਂ ਦੀਆਂ ਵੱਡੀ ਗਿਣਤੀ ਵਿੱਚ ਬੀਬੀਆਂ ਸਮੇਤ ਪੰਜਾਬ ਤੋਂ ਪਹੁੰਚੀਆਂ ਸੈਂਕੜੇ ਸੰਗਤਾਂ ਨੇ ਹਿੱਸਾ ਲਿਆ