Headlines

ਹੁਣ ਗਰੀਸ ਵਿੱਚ ਵੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਖੋਲ੍ਹੇਗਾ ਦਫ਼ਤਰ 

ਪ੍ਰਵਾਸੀ ਕਾਮਿਆਂ ਦੀ ਮਦਦ ਲਈ ਡਾ.ਐਸ.ਪੀ ਸਿੰਘ ਓਬਰਾਏ ਕਰਨਗੇ ਸਹਿਯੋਗ-
ਗਰੀਸ ਅੰਦਰ ਟਰੱਸਟ ਦੀ 21 ਮੈਂਬਰੀ ਕਮੇਟੀ ਦਾ ਗਠਨ ਕਰਨ ਦਾ ਕੀਤਾ ਫੈਸਲਾ –
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ/ਅੰਮ੍ਰਿਤਸਰ-
ਆਪਣੀ ਨਿਸ਼ਕਾਮ ਸੇਵਾ ਦੀ ਬਦੌਲਤ ਪੂਰੀ ਦੁਨੀਆਂ ਅੰਦਰ ਪੰਜਾਬੀਅਤ ਦਾ ਮਾਣ ਵਧਾਉਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐਸ.ਪੀ ਸਿੰਘ ਓਬਰਾਏ ਵੱਲੋਂ ਹੁਣ ਯੂਰਪੀ ਦੇਸ਼ ਗਰੀਸ (ਯੂਨਾਨ) ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦਾ ਦਫਤਰ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ।ਪਿਛਲੇ ਦਿਨੀਂ ਆਪਣੀ ਧਰਮ ਪਤਨੀ ਸ਼੍ਰੀਮਤੀ ਮਨਿੰਦਰ ਕੌਰ ਸਮੇਤ ਯੂਨਾਨ ਦਾ ਦੌਰਾ ਕਰਨ ਉਪਰੰਤ ਭਾਰਤ ਪਹੁੰਚੇ ਡਾ.ਐਸ.ਪੀ.ਸਿੰਘ ਓਬਰਾਏ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਨੇ ਗਰੀਸ ਦੇ ਇੱਕ ਦਰਜਨ ਦੇ ਕਰੀਬ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ,ਉਥੋਂ ਦੇ ਉਦਯੋਗਪਤੀਆਂ ਤੇ ਹੋਰਨਾਂ ਮੋਹਤਬਰਾਂ ਨਾਲ ਵੱਖ-ਵੱਖ ਮੀਟਿੰਗਾਂ ਤੇ ਵਿਚਾਰ-ਚਰਚਾ ਕਰਨ ਉਪਰੰਤ ਗਰੀਸ ਅੰਦਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਇਕ 21 ਮੈਂਬਰੀ ਕਮੇਟੀ ਦਾ ਗਠਨ ਕਰਨ ਦਾ ਫੈਸਲਾ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਟਰੱਸਟ ਦਾ ਦਫ਼ਤਰ ਖੁੱਲ੍ਹਣ ਨਾਲ ਗਰੀਸ ਵਿੱਚ ਕੰਮ ਕਰਨ ਵਾਲੇ ਭਾਰਤੀਆਂ ਨੂੰ ਆਉਂਦੀਆਂ ਮੁਸ਼ਕਿਲਾਂ ਦੇ ਹੱਲ ਲਈ ਉੱਥੇ ਮੌਜੂਦ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਹਰ ਸੰਭਵ ਯਤਨ ਕੀਤੇ ਜਾਣਗੇ। ਉਹਨਾਂ ਇਹ ਵੀ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਜਿਸ ਤਰ੍ਹਾਂ ਖਾੜੀ ਮੁਲਕਾਂ ਅੰਦਰ ਕਿਸੇ ਕਾਰਨ ਆਪਣੀ ਜਾਨ ਗਵਾਉਣ ਵਾਲੇ ਭਾਰਤੀ ਲੋਕਾਂ ਦੇ ਮਿ੍ਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਭਾਰਤ ਭੇਜਣ ਵਿੱਚ ਸਹਿਯੋਗ ਦੇਣ ਤੋਂ ਇਲਾਵਾ ਲੋੜਵੰਦ ਪੀੜਤ ਪਰਿਵਾਰਾਂ ਨੂੰ ਪੈਨਸ਼ਨ ਦੇਣ ਤੋਂ ਇਲਾਵਾ ਜੇਕਰ ਮਿ੍ਤਕ ਵਿਅਕਤੀ ਦੀ ਪਿੱਛੇ ਧੀ ਹੁੰਦੀ ਹੈ ਤਾਂ ਟਰੱਸਟ ਵੱਲੋਂ ਉਸ ਲੜਕੀ ਦੇ ਨਾਂ ‘ਤੇ ਉਸ ਦੀ ਉਮਰ ਅਨੁਸਾਰ,ਭਾਵ ਜੇਕਰ ਉਮਰ 3-4 ਸਾਲ ਹੈ ਤਾਂ 1 ਲੱਖ ਰੁਪਏ,ਜੇਕਰ 7-8 ਸਾਲ ਹੈ ਤਾਂ 2 ਲੱਖ ਰੁਪਏ ਜਦ ਕਿ 13-14 ਸਾਲ ਵਾਲੀ ਲੜਕੀ ਦੇ ਨਾਂ ਤੇ ਬੈਂਕ ਵਿਚ 4 ਲੱਖ ਰੁਪਏ ਦੀ ਐੱਫ.ਡੀ.ਆਰ. ਬਣਵਾ ਕੇ ਦਿੱਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਬੇਸ਼ੱਕ ਗਰੀਸ ਤੋਂ ਮ੍ਰਿਤਕ ਸਰੀਰ ਭੇਜਣ ਦਾ ਖਰਚਾ ਭਾਰਤੀ ਦੂਤਘਰ ਦੁਆਰਾ ਕੀਤਾ ਜਾਂਦਾ ਹੈ ਪਰ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗਰੀਸ ਤੋਂ ਪੰਜਾਬ ਜਾਣ ਵਾਲੇ ਮਿ੍ਤਕ ਸਰੀਰਾਂ ਨੂੰ ਏਅਰਪੋਰਟ ਤੋਂ ਲੈ ਕੇ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਉਣ ਅਤੇ ਲੋੜਵੰਦ ਪਰਿਵਾਰਾਂ ਦੀ ਪੈਨਸ਼ਨ ਅਤੇ ਪੀੜਤ ਧੀਆਂ ਨੂੰ ਐਫ.ਡੀ.ਆਰ. ਦੀ ਸਹੂਲਤ ਵੀ ਦਿੱਤੀ ਜਾਵੇਗੀ।
    ਜ਼ਿਕਰਯੋਗ ਹੈ ਕਿ ਇਸ ਦੌਰਾਨ ਗੁਰਦੁਆਰਾ ਸ੍ਰੀ ਨਾਨਕ ਦਰਬਾਰ ਏਥਨਜ਼ ਅਤੇ ਗੁਰਦੁਆਰਾ ਸਿੰਘ ਸਭਾ ਮੈਨਿਧੀ, ਗਰੀਸ ਵੱਲੋਂ ਡਾ. ਐਸ.ਪੀ. ਸਿੰਘ ਓਬਰਾਏ ਅਤੇ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਮਨਿੰਦਰ ਕੌਰ ਓਬਰਾਏ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਜਿਸ ਦੌਰਾਨ ਗਰੀਸ ਵਿਖੇ ਭਾਰਤੀ ਅੰਬੈਸਡਰ ਰੁਦਰੇਦਰਾ ਟੰਡਨ ਅਤੇ ਗੁਰਦੁਆਰਾ ਸ੍ਰੀ ਨਾਨਕ ਦਰਬਾਰ ਦੇ ਪ੍ਰਧਾਨ ਦਲਜੀਤ ਸਿੰਘ ਸਮੇਤ ਗੁਰਦੁਆਰਾ ਸਾਹਿਬਾਨਾਂ ਦੀਆਂ ਕਮੇਟੀਆਂ ਦੇ ਮੈਂਬਰ ਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ।
ਫੋਟੋ ਕੈਪਸ਼ਨ – ਡਾ.ਐਸ.ਪੀ.ਸਿੰਘ ਓਬਰਾਏ ਅਤੇ ਮਨਿੰਦਰ ਕੌਰ ਓਬਰਾਏ ਨੂੰ ਸਨਮਾਨਿਤ ਕਰਨ ਮੌਕੇ ਭਾਰਤੀ ਅੰਬੈਸਡਰ ਰੁਦਰੇਦਰਾ ਟੰਡਨ ਤੇ ਗੁਰਦੁਆਰਾ ਪ੍ਰਬੰਧਕ ਅਤੇ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਗੁਰਦੁਆਰਾ ਸ਼੍ਰੀ ਨਾਨਕ ਦਰਬਾਰ ਦੇ ਪ੍ਰਧਾਨ ਦਲਜੀਤ ਸਿੰਘ ਤੇ ਹੋਰ।(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)