Headlines

ਡਾ. ਸ. ਪ. ਸਿੰਘ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪ੍ਰੋਫ਼ੈਸਰ ਐਮਰੀਟਸ ਦੀ ਆਨਰੇਰੀ ਉਪਾਧੀ

ਅੰਮ੍ਰਿਤਸਰ- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ 12 ਦਸੰਬਰ 2023 ਨੂੰ ਸਿੰਡੀਕੇਟ ਦੀ ਮੀਟਿੰਗ ਵਿੱਚ ਡਾ. ਸ. ਪ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਮੌਜੂਦਾ ਪ੍ਰਧਾਨ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਲੁਧਿਆਣਾ ਤੇ ਪ੍ਰਧਾਨ ਭਾਸ਼ਾ ਅਕਾਦਮੀ ਜਲੰਧਰ ਨੂੰ ਪ੍ਰੋਫ਼ੈਸਰ ਐਮਰੀਟਸ ਦੀ ਆਨਰੇਰੀ ਉਪਾਧੀ ਨਾਲ ਨਿਵਾਜਣ ਦਾ ਫੈਸਲਾ ਲਿਆ ਗਿਆ ਹੈ।
ਡਾ. ਸ. ਪ. ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਜੋਂ ਕਾਰਜਸ਼ੀਲ ਰਹਿੰਦਿਆਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਵਿਚ ਆਪਣਾ ਵਿਸ਼ਵ-ਵਿਆਪੀ ਯੋਗਦਾਨ ਪਾਇਆ ਹੈ। ਪਰਵਾਸੀ ਪੰਜਾਬੀ ਸਾਹਿਤ ਅਤੇ ਖੋਜ ਨੂੰ ਅਕਾਦਮਿਕ ਪੱਧਰ ਉੱਪਰ ਸਥਾਪਿਤ ਕਰਨ ਵਿਚ ਇਨ੍ਹਾਂ ਦਾ ਮੁੱਢਲਾ ਰੋਲ ਰਿਹਾ ਹੈ। ਆਪਣੇ ਚਿੰਤਨਸ਼ੀਲ ਅਨੁਭਵ ਰਾਹੀਂ ਵੱਖ-ਵੱਖਰੀਆਂ ਸੰਸਥਾਵਾਂ ਅਤੇ ਅਕਾਦਮਿਕਤਾ ਨੂੰ ਦਿਸ਼ਾ ਨਿਰਦੇਸ਼ ਦਿੰਦੇ ਰਹਿੰਦੇ ਹਨ। ਇਨ੍ਹਾਂ ਦੀ ਅਗਵਾਈ ਵਿਚ ਪੰਜਾਬੀ ਭਾਸ਼ਾਈ ਅਦਾਰੇ ਭਾਸ਼ਾ ਦੀ ਸਮਰੱਥਾ ਨੂੰ ਵਧੇਰੇ ਸੰਜੀਦਗੀ ਨਾਲ ਪ੍ਰਗਟ ਕਰਦੇ ਆ ਰਹੇ ਹਨ। ਪੰਜਾਬੀ ਕਾਨਫ਼ਰੰਸਾਂ ਅਤੇ ਸੈਮੀਨਾਰਾਂ ਦੇ ਪ੍ਰਬੰਧਕੀ ਕਾਰਜਾਂ ਨੂੰ ਵਿਸ਼ਵ-ਪੱਧਰ ਉੱਪਰ ਇਨ੍ਹਾਂ ਦੀ ਸਰਪ੍ਰਸਤੀ ਪ੍ਰਾਪਤ ਰਹਿੰਦੀ ਹੈ। ਇਨ੍ਹਾਂ ਜੀ ਦੀ ਦੂਰ-ਅੰਦੇਸ਼ੀ ਸਦਕਾ ਉੱਚ ਸਿੱਖਿਆ ਪ੍ਰਣਾਲੀ ਦੀ ਰੂਪ-ਰੇਖਾ ਵਧੇਰੇ ਸੰਜੀਦਗੀ ਨਾਲ ਵਿਉਂਤਬੱਧ ਕੀਤੀ ਗਈ ਹੈ। ਇਹਨਾਂ ਪ੍ਰਾਪਤੀਆਂ ਲਈ ਡਾ. ਸ. ਪ. ਸਿੰਘ ਦਾ ਨਾਮ ਦੇਸ਼ ਪ੍ਰਦੇਸ਼ ਦੀਆਂ ਸਾਹਿਤਕ ਸੰਸਥਾਵਾਂ ਵਿਚ ਸਨਮਾਨ ਨਾਲ ਲਿਆ ਜਾਂਦਾ ਹੈ। ਲੇਖਨ ਅਤੇ ਚਿੰਤਨ ਦੇ ਖੇਤਰ ਵਿਚ 38 ਪੁਸਤਕਾਂ, 310 ਲੇਖ ਅਤੇ 525 ਸਾਰ-ਰੀਵਿਊ ਇਨ੍ਹਾਂ ਦੀ ਮਾਣਮੱਤੀ ਪ੍ਰਾਪਤੀ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਡਾ. ਸ. ਪ. ਸਿੰਘ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਵੀ ਲਾਈਫ ਟਾਈਮ ਫੈਲੋਸ਼ਿਪ ਨਾਲ ਨਿਵਾਜਿਆ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਇਸ ਮੌਕੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਡਾ. ਸ. ਪ. ਸਿੰਘ ਨੂੰ ਵਧਾਈ ਦਿੱਤੀ ਤੇ ਕਿਹਾ ਕੀ ਸਾਡੇ ਲਈ ਵੀ ਇਹ ਮਾਣ ਤੇ ਖੁਸ਼ੀ ਦੀ ਗੱਲ ਹੈ ਕਿ ਡਾ. ਸਾਹਿਬ ਸਾਡੀ ਇਸ ਸੰਸਥਾ ਦੀ ਸੁਯੋਗ ਅਗਵਾਈ ਕਰ ਰਹੇ ਹਨ। ਪ੍ਰੋ. ਮਨਜੀਤ ਸਿੰਘ ਛਾਬੜਾ ਡਾਇਰੈਕਟਰ ਜੀ.ਜੀ.ਐਨ.ਆਈ.ਐਮ.ਟੀ., ਪ੍ਰੋ. ਗੁਰਭਜਨ ਸਿੰਘ ਗਿੱਲ ਚੇਅਰਮੈਨ ਲੋਕ ਵਿਰਾਸਤ ਅਕੈਡਮੀ ਲੁਧਿਆਣਾ, ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਸ਼ਰਨਜੀਤ ਕੌਰ, ਡਾ. ਹਰਪ੍ਰੀਤ ਸਿੰਘ ਦੂਆ, ਡਾ. ਗੁਰਪ੍ਰੀਤ ਸਿੰਘ, ਡਾ. ਤਜਿੰਦਰ ਕੌਰ ਤੇ ਰਾਜਿੰਦਰ ਸਿੰਘ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਮੁਬਾਰਕ ਮੌਕੇ ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸ਼੍ਰੀ ਸੁੱਖੀ ਬਾਠ ਜੋ ਕਿ ਆਪਣੀ ਪੰਜਾਬ ਫੇਰੀ ਤੇ ਹਨ ਉਨ੍ਹਾਂ ਨੇ ਵਧਾਈ ਦਿੱਤੀ ਅਤੇ ਪੰਜਾਬ ਭਵਨ ਜਲੰਧਰ ਮੁੱਖ ਸੰਚਾਲਿਕਾ ਪ੍ਰੀਤ ਹੀਰ ਵੱਲੋਂ ਡਾ ਐਸ.ਪੀ ਸਿੰਘ ਜੀ ਨੂੰ ਉਹਨਾਂ ਦੀਆਂ ਸੇਵਾਵਾਂ ਤੇ ਮੁਬਾਰਕਵਾਦ ਦਿੱਤੀ ਗਈ।