Headlines

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮੀਟਿੰਗ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਰਹੀ ਸਮਰਪਿਤ 

ਕੈਲਗਰੀ ( ਦਲਬੀਰ ਜੱਲੋਵਾਲੀਆ )-ਪੰਜਾਬੀ ਲਿਖਾਰੀ ਸਭਾ ਦੀ ਮੀਟਿੰਗ 16 ਦਸੰਬਰ ਨੂੰ ਕੋਸੋ ਹਾਲ ਵਿੱਚ ਹੋਈ। ਹਾਜ਼ਰੀਨ ਨੂੰ ‘ਜੀ ਆਇਆਂ’ ਆਖਦਿਆਂ ਜਨਰਲ ਸਕੱਤਰ ਮੰਗਲ ਚੱਠਾ ਨੇ ਪ੍ਰਧਾਨ ਬਲਵੀਰ ਗੋਰਾ, ਨਛੱਤਰ ਸਿੰਘ ਪੁਰਬਾ ਅਤੇ ਸੁਖਵਿੰਦਰ ਸਿੰਘ ਥਿੰਦ ਨੂੰ ਪ੍ਰਧਾਨਗੀ ਮੰਡਲ ਵਿੱਚ ਬੈਠਣ ਦਾ ਸੱਦਾ ਦਿੱਤਾ।
“ਰੌਸ਼ਨ ਕਰਨ ਲਈ ਦੇਸ਼ ਦੇ ਚਾਰ ਕੋਨੇ,
ਆਪਣਾ ਦੀਵਾ ਚੌਮੁਖੀਆ ਬੁਝਾ ਲਿਆ ਏ”
          ਸ਼ੇਅਰ ਸੁਣਾ ਕੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਪ੍ਰਣਾਮ ਕੀਤਾ ਗਿਆ। ਰਚਨਾਵਾਂ ਦਾ ਆਗਾਜ਼ ਕਰਦਿਆਂ ਜਸਵਿੰਦਰ ਸਿੰਘ  ਰੁਪਾਲ ਨੇ ਚਮਕੌਰ ਦੀ ਜੰਗ ਦਾ ਹਾਲ ਬਿਆਨ ਕਰਦੀ ਕਵਿਤਾ ਸੁਣਾਈ। ਤਰਲੋਚਨ ਸੈਭੀ ਨੇ  ਚਰਨ ਸਿੰਘ ਸਫਰੀ ਦਾ ਗੀਤ ‘ਗੁਜਰੀ ਤਾਹੀਓ ਮੈਨੂੰ ਲੋਕ ਆਖਦੇ ਨੇ, ਜਿਹੜੀ ਆਈ ਉਹ ਸਿਰ ‘ਤੇ ਝੱਲ ਗੁਜਰੀ’ ਗਾ ਕੇ ਮਾਤਾ ਗੁਜਰੀ ਜੀ ਨੂੰ ਯਾਦ ਕੀਤਾ।  ਉਪਰੰਤ ਸਤਵਿੰਦਰ ਸਿੰਘ ਜੱਗ ਪੰਜਾਬੀ ਟੀਵੀ ਵਾਲਿਆਂ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਲੈ ਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੱਕ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ । ਮਾਸਟਰ ਬਚਿੱਤਰ ਸਿੰਘ ਜੀ ਨੇ “ਕਿਉਂ ਫੜੀ ਸਿਪਾਹੀਆਂ ਨੇ ਭੈਣੋਂ ਇਹ ਹੰਸਾ ਦੀ ਜੋੜੀ” ਕਵੀਸ਼ਰੀ ਸੁਣਾ ਕੇ ਸਭ ਨੂੰ ਭਾਵੁਕ ਕਰ ਦਿੱਤਾ। ਸੁਖਵਿੰਦਰ ਸਿੰਘ ਤੂਰ ਨੇ ਸਫਰੀ ਦਾ ਹੀ ਗੀਤ ‘ਦੋ ਬੜੀਆਂ ਕੀਮਤੀ ਜਿੰਦਾਂ’ ਸੁਣਾ ਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਪ੍ਰਣਾਮ ਕੀਤਾ ਇਸ ਤੋਂ ਬਾਅਦ ਪਰਮਜੀਤ ਸਿੰਘ ਭੰਗੂ ਨੇ ‘ਹੰਸਾ ਜਿਹੇ ਪਿਆਰੇ ਬੱਚਿਆਂ ਨੂੰ, ਝੋਲੀ ਮੌਤ ਦੀ ਪਾਵਦਾ ਦੇਖਿਆ ਨਾ’ ਬਹੁਤ ਗਰਜਵੀਂ ਆਵਾਜ਼ ਵਿਚ ਸੁਣਾਇਆ। ਇਸ ਮਗਰੋਂ ਸੁਰਿੰਦਰ ਗੀਤ ਨੇ ‘ਝੂਠ ਦੀ ਦੀਵਾਰ’ ਪਰਮਿੰਦਰ ਰਮਨ ਨੇ ‘ਨਿੱਕੇ ਨਿੱਕੇ ਬਾਲ ਕਰਦੇ ਸੂਬੇ ਨੂੰ ਸਵਾਲ’ ਬਲਜੀਤ ਸਿੰਘ ਨੇ ‘ਗਰਕ ਜਾਏਂ ਰੱਬ ਕਰਕੇ ਬੇਦਰਦ ਮੁਗਲ ਸਰਕਾਰੇ’ ਅਤੇ ਜਰਨੈਲ ਤੱਗੜ ਨੇ ‘ਲਾੜੀ ਮੌਤ ਨੇ ਨਾ ਫਰਕ ਆਉਣ ਦਿੱਤਾ ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ’ ਕਵਿਤਾਵਾਂ ਸੁਣਾ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ।
              ਰਚਨਾਵਾਂ ਦੇ ਹੋਰ ਦੌਰ ਵਿੱਚ ਬਲਜਿੰਦਰ ਸੰਘਾ, ਨਛੱਤਰ ਸਿੰਘ ਪੁਰਬਾ, ਜੱਸ ਚਾਹਲ, ਗੁਰਲਾਲ ਰੁਪਾਲੋਂ, ਡਾਕਟਰ ਪਰਮਜੀਤ ਕੌਰ, ਸੁਖਵਿੰਦਰ ਸਿੰਘ ਥਿੰਦ ਅਤੇ ਗੁਰਚਰਨ ਕੌਰ ਥਿੰਦ ਨੇ ਹਿੱਸਾ ਲਿਆ। ਇਸ ਮੌਕੇ ਹਰਜਿੰਦਰ ਸਿੰਘ ਗਰੇਵਾਲ, ਗੁਰਨਾਮ ਸਿੰਘ ਬਰਾੜ, ਜੀ਼ਰ ਸਿੰਘ ਬਰਾੜ ,ਅਵਤਾਰ ਕੌਰ  ਤੱਗੜ, ਜਤਿੰਦਰ ਕੌਰ ਰੁਪਾਲੋ ਅਤੇ ਗੁਰਪਾਲ ਕੌਰ ਰੁਪਾਲੋ  ਹਾਜ਼ਰ ਸਨ। ਪਕੌੜਿਆਂ ਤੇ ਜਲੇਬੀਆਂ ਦੀ ਸੇਵਾ ਰੁਪਾਲੋ ਪਰਿਵਾਰ ਵੱਲੋਂ ਨਵੇਂ ਮਹਿਮਾਨ ਸੁਖਮਨੀ ਕੌਰ ਰੁਪਾਲੋ  ਦੇ ਆਉਣ ਦੀ ਖੁਸ਼ੀ ਵਿੱਚ ਕੀਤੀ ਗਈ । ਚਾਹ ਪਾਣੀ ਦੀ ਜਿੰਮੇਵਾਰੀ ਗੁਰਮੀਤ ਕੌਰ ਕੁਲਾਰ ਅਤੇ ਤਸਵੀਰਾਂ ਦੀ ਜ਼ਿੰਮੇਵਾਰੀ ਰਣਜੀਤ ਸਿੰਘ ਨੇ ਬਾਖੂਬੀ ਨਿਭਾਈ । ਅਖੀਰ ਵਿੱਚ ਬਲਬੀਰ ਗੋਰਾ  ਨੇ ਸਭ ਹਾਜ਼ਰੀਨ ਦਾ ਧੰਨਵਾਦ ਕੀਤਾ ਤੇ ਅਗਲੀ ਮੀਟਿੰਗ 19 ਜਨਵਰੀ ਨੂੰ  ਆਉਣ ਦਾ ਸੱਦਾ ਦਿੱਤਾ ।