Headlines

ਕਾਰ ਨੂੰ ਐਮਰਜੈਂਸੀ ਸੜਕ ਤੇ ਖੜਾ ਕਰਨ ਕਾਰਣ ਇਟਲੀ ਨਵੇਂ ਆਏ ਪੰਜਾਬੀ ਦੀ ਗਈ ਜਾਨ 

 ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)-ਇਨਸਾਨ ਕਈ ਵਾਰ ਕੁਝ ਪੈਸੇ ਬਚਾਉਣ ਲਈ ਅਜਿਹੀਆਂ ਗੁਸਤਾਖੀਆਂ ਨੂੰ ਅੰਜਾਮ ਦੇ ਦਿੰਦਾ ਹੈ ਜਿਹੜੀਆਂ ਕਿ ਕਿਸੇ ਦੀ ਜਾਨ ਦਾ ਖੋਅ ਬਣ ਜਾਂਦੀਆਂ ਹਨ ਅਜਿਹੀ ਹੀ ਇੱਕ ਗਲਤੀ ਇਟਲੀ ਦੀ ਰਾਜਧਾਨੀ ਰੋਮ ਦੇ ਫਿਊਮੀਚੀਨੋ ਏਅਰਪੋਰਟ ਨੇੜੇ ਇੱਕ ਭਾਰਤੀ ਵੱਲੋਂ ਕੀਤੀ ਗਈ ਜਿਸ ਨਾਲ ਕਿ ਇੱਕ ਅਣਜਾਣ ਭਾਰਤੀ ਦੀ ਮੌਤ ਹੋ ਗਈ।ਮਿਲੀ ਜਾਣਕਾਰੀ ਅਨੁਸਾਰ ਲਾਸੀਓ ਸੂਬੇ ਦੇ ਜਿ਼ਲ੍ਹਾ ਲਾਤੀਨਾ ਤੋਂ ਇੱਕ ਭਾਰਤੀ ਪੰਜਾਬੀ ਭਾਰਤ ਤੋਂ ਆ ਰਹੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਲੈਣ ਫਿਊਮੀਚੀਨੋ ਏਅਰਪੋਰਟ ਗਿਆ ਤੇ ਨਾਲ ਇੱਕ ਪੰਜਾਬੀ (ਜਿਹੜਾ ਵਿਚਾਰਾ 9 ਮਹੀਨੇ ਵਾਲੇ ਪੇਪਰਾਂ ਉਪੱਰ ਕੁਝ ਸਮਾਂ ਪਹਿਲਾਂ ਹੀ ਇਟਲੀ ਭੱਵਿਖ ਨੂੰ ਬਿਹਤਰ ਬਣਾਉਣ ਆਇਆ ਸੀ)ਨੂੰ ਲੈ ਗਿਆ ।ਏਅਰਪੋਰਟ ਦੇ ਨੇੜੇ ਜਾ ਇਸ ਭਾਰਤੀ ਪੰਜਾਬੀ ਨੇ ਆਪਣੀ ਕਾਰ ਨੂੰ ਉਸ ਥਾਂ ਪਾਰਕ ਕਰ ਦਿੱਤਾ ਜਿੱਥੇ ਕਿ ਇਟਲੀ ਦੇ ਕਾਨੂੰਨ ਮੁਤਾਬਕ ਗੱਡੀ ਉਸ ਸਮੇਂ ਖੜ੍ਹੀ ਕਰਨੀ ਹੈ ਜਦੋਂ ਤੁਹਾਨੂੰ ਕੋਈ ਐਮਰਜੈਂਸੀ ਜਾਂ ਪ੍ਰੇਸ਼ਾਨੀ ਹੋਵੇ । ਅਫ਼ਸੋਸ ਇਹ ਭਾਰਤੀ ਆਪਣੀ ਗੱਡੀ ਨੂੰ ਏਅਰਪੋਰਟ ਦੀ ਪਾਰਕਿੰਗ ਵਿੱਚ ਇਸ ਲਈ ਲੈਕੇ ਨਹੀਂ ਗਿਆ ਕਿਉਂਕਿ ਉੱਥੇ ਇਸ ਨੂੰ ਗੱਡੀ ਪਾਰਕ ਕਰਨ ਦੇ ਪੈਸੇ ਦੇਣੇ ਪੈਣੇ ਸੀ। ਬਸ ਇੱਥੇ ਹੀ ਭਾਰਤੀ ਪੰਜਾਬੀ ਵੱਡੀ ਗਲਤੀ ਕਰ ਗਿਆ ਤੇ ਮੇਨ ਹਾਈਵੇ ਦੇ ਐਮਰਜੈਂਸੀ ਰਾਹ ਉਪੱਰ ਗੱਡੀ ਖੜ੍ਹੀ ਕਰ ਆਪਣੇ ਭਾਰਤ ਤੋਂ ਆਉਣ ਵਾਲੇ ਦੋਸਤ ਦੀ ਉਡੀਕ ਕਰਨ ਲੱਗਾ ਜਦੋਂ ਕਿ ਕਾਨੂੰਨ ਅਨੁਸਾਰ ਇੱਥੇ ਗੱਡੀ ਖੜ੍ਹੀ ਨਹੀ ਹੋ ਸਕਦੀ ਜੇਕਰ ਕੋਈ ਅਜਿਹਾ ਕਰਦਾ ਤਾਂ ਉਸ ਨੂੰ ਜੁਰਮਾਨਾ ਹੋ ਸਕਦਾ ਹੈ ਪਰ ਜਾਣਕਾਰੀ ਦੀ ਘਾਟ ਕਾਰਨ ਇਹ ਘਟਨਾ ਘਟੀ।ਜਦੋਂ ਗੱਡੀ ਖੜ੍ਹੀ ਕੀਤੀ ਤਾਂ ਇਟਲੀ ਨਵਾਂ ਆਇਆ ਉਸ ਦਾ 40 ਸਾਲਾ ਪੰਜਾਬੀ ਦੋਸਤ ਸਮਾਂ ਲੰਘਾਉਣ ਲਈ ਫੋਨ ਲਗਾ ਗੱਡੀ ਤੋਂ ਬਾਹਰ ਨਿਕਲ ਹਾਈਵੇ ਉਪੱਰ ਖੜ੍ਹ ਗਿਆ ਤੇ ਹੋਲੀ-ਹੋਲੀ ਹਾਈਵੇ ਉਪੱਰ ਇੱਧਰ-ਉੱਧਰ ਘੁੰਮਣ ਲੱਗਾ ।ਇਹ ਪੰਜਾਬੀ ਜਿਸ ਨੂੰ ਸ਼ਾਇਦ ਇਹ ਨਹੀਂ ਸੀ ਪਤਾ ਕਿ ਉਸ ਦੀ ਇਹ ਗਲਤੀ ਉਸ ਨੂੰ ਮੌਤ ਦੇ ਮੂੰਹ ਵਿੱਚ ਲੈ ਜਾਵੇਗੀ ਤੇ ਜਦੋਂ ਇਹ ਫੋਨ ਤੇ ਗੱਲਾਂ ਕਰਦਾ ਇਹਨਾਂ ਜਿ਼ਆਦਾ ਖੁਭ  ਗਿਆ ਕਿ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਉਹ ਹਾਈਵੇ ਦੇ ਵਿੱਚਕਾਰ ਆ ਗਿਆ ਹੈ ।ਹਾਈਵੇ ਦੇ ਵਿਚਕਾਰ ਆਉਂਦਿਆ ਹੀ ਉਹ ਇੱਕ ਤੇਜ਼ ਰਫ਼ਤਾਰ ਗੱਡੀ ਦੀ ਲਪੇਟ ਵਿੱਚ ਆ ਗਿਆ ਤੇ ਬੁਰੀ ਤਰ੍ਹਾਂ ਹਾਈਵੇ ਉਪੱਰ ਦਰੜਿਆ ਗਿਆ।ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।ਘਟਨਾ ਦੀ ਜਾਣਕਾਰੀ ਮਿਲਦੇ ਹੀ ਇਟਾਲੀਅਨ ਪੁਲਸ ਤੇ ਟ੍ਰੈਫਿਕ ਪੁਲਸ ਮੌਕੇ ਤੇ ਪਹੁੰਚ ਗਈ ਜਿਸ ਨੇ ਤੁਰੰਤ ਐਂਬੂਲੈਸ ਬੁਲਾ ਲਈ ਪਰ ਉਸ ਸਮੇਂ ਤੱਕ ਬਹੁਤ ਦੇਰ ਹੋ ਚੁੱਕੀ ਸੀ।ਪੁਲਸ ਨੇ ਜਦੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਇਹ ਲੋਕ ਏਅਰਪੋਰਟ ਆਪਣੇ ਰਿਸ਼ਤੇਦਾਰ ਨੂੰ ਲੈਣ ਆਏ ਤੇ ਪਾਰਕਿੰਗ ਦੇ ਖਰਚੇ ਤੋਂ ਬਚਣ ਲਈ ਇੱਥੇ ਰੁੱਕੇ ਸੀ ਜਿਸ ਨੂੰ ਜਾਣਕੇ ਪੁਲਸ ਪ੍ਰਸ਼ਾਸ਼ਨ ਹੈਰਾਨ ਹੈ ਕਿ ਭਾਰਤੀ ਲੋਕ ਕੁਝ ਬੱਚਤ ਕਰਨ ਦੇ ਚੱਕਰ ਵਿੱਚ ਅਜਿਹੀਆਂ ਮਹਾਂ ਗਲਤੀਆਂ ਵੀ ਕਰ ਸਕਦੇ ਹਨ।