Headlines

ਥਾਣਾ ਸਰਹਾਲੀ ਦੀ ਪੁਲਿਸ ਵਲੋਂ 85 ਗ੍ਰਾਮ ਹੈਰੋਇਨ,ਇੱਕ ਚਾਲੂ ਭੱਠੀ ਤੇ ਨਾਜਾਇਜ਼ ਸ਼ਰਾਬ ਸਮੇਤ ਦੋ ਕਾਬੂ

ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,24 ਦਸੰਬਰ-
ਜ਼ਿਲ੍ਹਾ ਤਰਨਤਾਰਨ ਦੇ ਥਾਣਾ ਸਰਹਾਲੀ ਦੀ ਪੁਲਿਸ ਪਾਰਟੀ ਵਲੋਂ ਕਾਰਵਾਈ ਕਰਦੇ ਹੋਏ 85 ਗ੍ਰਾਮ ਹੈਰੋਇਨ, ਇੱਕ ਚਾਲੂ ਭੱਠੀ (150 ਕਿਲੋ ਲਾਹਣ) ਅਤੇ ਨਾਜਾਇਜ਼ ਸ਼ਰਾਬ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਸਰਹਾਲੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਸਰਹਾਲੀ ਦੇ ਐਸ.ਐਚ.ਓ ਇੰਸਪੈਕਟਰ ਕਵਲਜੀਤ ਰਾਏ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਐਸ.ਐਸ.ਪੀ ਅਸ਼ਵਨੀ ਕਪੂਰ ਆਈਪੀਐਸ ਵਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਿਆਂ ਦੀ ਰੋਕਥਾਮ ਲਈ ਜਾਰੀ ਕੀਤੇ ਗਏ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਦੇ ਹੋਏ ਐਸਪੀ (ਇਨਵੈਸਟੀਗੇਸ਼ਨ)ਮਨਿੰਦਰ ਸਿੰਘ ਆਈਪੀਐਸ ਦੀ ਨਿਗਰਾਨੀ ਅਤੇ ਡੀਐਸਪੀ ਸਬ ਡਵੀਜ਼ਨ ਪੱਟੀ ਜਸਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਥਾਣਾ ਸਰਹਾਲੀ ਦੇ ਏਐਸਆਈ ਦਿਲਬਾਗ ਸਿੰਘ ਵਲੋਂ ਸਮੇਤ ਪੁਲਿਸ ਪਾਰਟੀ ਕੀਤੀ ਜਾ ਰਹੀ ਗਸ਼ਤ ਦੌਰਾਨ ਪੁਲ ਸੂਆ ਸਰਹਾਲੀ ਮੌਜੂਦ ਸਨ।ਇਸ ਦੌਰਾਨ ਪਿੰਡ ਸੁਹਾਵਾ ਵਲੋਂ ਪੈਦਲ ਆ ਰਿਹਾ ਇੱਕ ਮੋਨਾ ਨੌਜਵਾਨ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਉਸਨੇ ਆਪਣੀ ਜੇਬ ਵਿਚੋਂ ਇੱਕ ਲਿਫ਼ਾਫ਼ਾ ਕੱਢ ਕੇ ਹੇਠਾਂ ਜ਼ਮੀਨ ‘ਤੇ ਸੁੱਟ ਦਿੱਤਾ।ਸ਼ੱਕ ਪੈਣ ‘ਤੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਉਕਤ ਨੌਜਵਾਨ ਨੂੰ ਕਾਬੂ ਕਰਕੇ ਉਸ ਵਲੋਂ ਸੁੱਟੇ ਗਏ ਲਿਫਾਫੇ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 85 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਵਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਕਾਬੂ ਕੀਤੇ ਗਏ ਨੌਜਵਾਨ ਦੀ ਪਹਿਚਾਣ ਸਰਬਜੀਤ ਸਿੰਘ ਉਰਫ ਸਾਹਬੀ ਪੁੱਤਰ ਰਤਨ ਸਿੰਘ ਵਾਸੀ ਪੱਤੀ ਖਾਨੂ ਕੀ ਥਾਣਾ ਸਰਹਾਲੀ ਵਜੋਂ ਕੀਤੀ ਗਈ ਹੈ। ਥਾਣਾ ਮੁਖੀ ਇੰਸਪੈਕਟਰ ਕਵਲਜੀਤ ਰਾਏ ਨੇ ਦੱਸਿਆ ਕਿ ਇਸੇ ਤਰ੍ਹਾਂ ਏਐਸਆਈ ਦਿਲਬਾਗ ਸਿੰਘ ਵਲੋਂ ਸਮੇਤ ਪੁਲਿਸ ਪਾਰਟੀ ਕੀਤੀ ਜਾ ਰਹੀ ਗਸ਼ਤ ਦੌਰਾਨ ਮੁਖਬਰ ਖਾਸ ਵਲੋਂ ਮਿਲੀ ਇਤਲਾਹ ‘ਤੇ ਕਾਰਵਾਈ ਕਰਦੇ ਹੋਏ ਗੁਰਸੇਵਕ ਸਿੰਘ ਉਰਫ ਸੇਬੂ ਪੁੱਤਰ ਗੁਰਵੇਲ ਸਿੰਘ ਵਾਸੀ ਸ਼ੱਕਰੀ ਥਾਣਾ ਸਰਹਾਲੀ ਦੇ ਘਰ ਛਾਪਾ ਮਾਰ ਕੇ ਉਕਤ ਘਰ ਦੇ ਵਿਹੜੇ ਵਿਚੋਂ ਇੱਕ ਚਾਲੂ ਭੱਠੀ(150 ਕਿਲੋ ਲਾਹਣ) ਅਤੇ ਤਿੰਨ ਹਜ਼ਾਰ ਮਿਲੀਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਉਸਨੂੰ ਗ੍ਰਿਫਤਾਰ ਕੀਤਾ ਗਿਆ ਹੈ।ਥਾਣਾ ਮੁਖੀ ਇੰਸਪੈਕਟਰ ਕਵਲਜੀਤ ਰਾਏ ਨੇ ਦੱਸਿਆ ਕਿ ਕਾਬੂ ਕੀਤੇ ਗਏ ਉਕਤ ਦੋਵਾਂ ਮੁਲਜ਼ਮਾਂ ਦੇ ਖਿਲਾਫ ਥਾਣਾ ਸਰਹਾਲੀ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਤਫ਼ਤੀਸ਼ੀ ਅਫ਼ਸਰ ਏਐਸਆਈ ਦਿਲਬਾਗ ਸਿੰਘ ਵਲੋਂ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਫੋਟੋ ਕੈਪਸ਼ਨ: ਹੈਰੋਇਨ ਅਤੇ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤੇ ਗਏ ਮੁਲਜ਼ਮਾਂ ਦੇ ਨਾਲ ਥਾਣਾ ਸਰਹਾਲੀ ਦੇ ਐਸਐਚਓ ਇੰਸਪੈਕਟਰ ਕਵਲਜੀਤ ਰਾਏ,ਏਐਸਆਈ ਦਿਲਬਾਗ ਸਿੰਘ ਅਤੇ ਪੁਲਿਸ ਪਾਰਟੀ।(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)