Headlines

ਯੁਨਾਈਟਡ ਬੀ ਸੀ ਦੇ ਆਗੂ ਕੇਵਿਨ ਫਾਲਕਨ ਵਲੋਂ ਪੱਤਰਕਾਰਾਂ ਨਾਲ ਮਿਲਣੀ

ਲੋਕ ਦੁਸ਼ਵਾਰੀਆਂ ਲਈ ਐਨ ਡੀ ਪੀ ਦੀਆਂ ਗਲਤ ਨੀਤੀਆਂ ਜ਼ਿੰਮੇਵਾਰ-

ਸਰੀ ( ਹਰਦਮ ਮਾਨ, ਮਾਂਗਟ, ਢਿੱਲੋਂ )- ਬੀਤੇ ਦਿਨ ਯੁਨਾਈਟਡ ਬੀ ਸੀ  ਦੇ ਆਗੂ ਤੇ ਬੀ ਸੀ ਲੈਜਿਸਲੇਚਰ ਵਿਚ ਵਿਰੋਧੀ ਧਿਰ ਦੇ ਆਗੂ ਕੇਵਿਨ ਫਾਲਕਨ ਵਲੋਂ ਪੱਤਰਕਾਰਾਂ ਨਾਲ ਇਕ ਵਿਸ਼ੇਸ਼ ਮਿਲਣੀ ਕੀਤੀ ਗਈ। ਇਸ ਮੌਕੇ ਉਹਨਾਂ ਨੇ ਐਨ ਡੀ ਪੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਣ ਸੂਬੇ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਐਨ ਡੀ ਪੀ ਸਰਕਾਰ ਦੀ ਬਦਇੰਤਜ਼ਾਮੀ ਦਾ ਲੋਕਾਂ ਨੂੰ ਭਾਰੀ ਖਮਿਆਜ਼ਾ ਭੁਗਤਣਾ ਪਵੇਗਾ। ਉਹਨਾਂ ਸਿਹਤ, ਸਿੱਖਿਆ, ਮੁਢਲਾ ਢਾਂਚਾ,ਟਰਾਂਜਿਟ ਤੇ ਹਾਊਸਿੰਗ ਆਦਿ ਸਮੱਸਿਆਵਾਂ ਤੇ ਖੁੱਲਕੇ ਚਰਚਾ ਕੀਤੀ। ਕੇਵਿਨ ਫਾਲਕਨ ਨੇ ਕਿਹਾ ਕਿ ਐਨ ਡੀ ਪੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸਿਹਤ ਸੰਭਾਲ ਖਤੇਰ ਵਿਚ ਸੂਬੇ ਦੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਨਡੀਪੀ ਸਰਕਾਰ ਨੇ ਸਰੀ ਵਿਚ ਪਿਛਲੇ 7 ਸਾਲਾਂ ਦੌਰਾਨ ਦੂਜਾ ਹਸਪਤਾਲ ਬਣਾਉਣ ਐਲਾਨ ਤਾਂ ਦੋ ਵਾਰੀ ਕੀਤਾ ਹੈ ਅਤੇ ਹਸਪਤਾਲ ਵਾਸਤੇ ਜਗ੍ਹਾ ਵੀ ਰਾਖਵੀਂ ਰੱਖੀ ਗਈ ਹੈ ਪਰ ਹਸਪਤਾਲ ਦੀ ਉਸਾਰੀ ਦਾ ਕਾਰਜ ਅਜੇ ਤੱਕ ਸ਼ੁਰੂ ਨਹੀਂ ਕੀਤਾ ਗਿਆ ਜਦੋਂ ਕਿ ਪਿਛਲੇ ਦੋ ਸਾਲਾਂ ਦੌਰਾਨ ਇਸ ਪ੍ਰੋਜੈਕਟ ਦੀ ਲਾਗਤ ਵਿਚ 1.22 ਬਿਲੀਅਨ ਡਾਲਰ ਦਾ ਵਾਧਾ ਹੋ ਚੁੱਕਿਆ ਹੈ। ਉਨ੍ਹਾਂ ਸਿੱਖਿਆਮੁੱਢਲਾ ਢਾਂਚਾ, ਡਰੱਗ, ਲੋਕਾਂ ਦੀ ਸੁਰੱਖਿਆ, ਟਰਾਂਜਿਟ ਤੇ ਹਾਊਸਿੰਗ ਖੇਤਰ ਵਿਚ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵਿਸਥਾਰ ਵਿਚ ਗੱਲਬਾਤ ਕਰਦਿਆਂ ਕਿਹਾ ਕਿ ਆਪਣੀ ਜ਼ਿੰਦਗੀ ਵਿਚ ਉਹ ਪਹਿਲੀ ਵਾਰ ਦੇਖ ਰਹੇ ਹਨ ਕਿ ਬੀ.ਸੀ. ਦੇ ਲੋਕ ਕਿਸ ਤਰ੍ਹਾਂ ਦੇ ਬਦਤਰ ਹਾਲਾਤ ਵਿਚ ਜੀਵਨ ਬਸਰ ਕਰਨ ਲਈ ਮਜਬੂਰ ਹਨ।

ਇਸ ਮੌਕੇ ਉਹਨਾਂ ਪੱਤਰਕਾਰਾਂ ਵਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੱਤੇ। ਉਹਨਾਂ ਨਾਲ ਬੀ ਸੀ ਯੁਨਾਈਟਡ ਉਮੀਦਵਾਰ ਪਨੀਤ ਸੰਧਰ ਨੇ ਵੀ ਹਾਜ਼ਰ ਸਨ। ਪ੍ਰੈਸ ਦੀ ਕਾਰਵਾਈ ਸੀਨੀਅਰ ਪੱਤਰਕਾਰ ਸੀ ਜੇ ਸਿੱਧੂ ਵਲੋਂ ਬਾਖੂਬੀ ਚਲਾਈ ਗਈ।