Headlines

ਭਾਈ ਗੁਰਦੇਵ ਸਿੰਘ ਕਾਉਂਕੇ ਦੀ ਪੁਲਿਸ ਹਿਰਾਸਤ ਵਿੱਚ ਤਸੀਹੇ ਦੇ ਕੇ ਹੱਤਿਆ ਕੀਤੀ- ਜਾਂਚ ਰਿਪੋਰਟ ਵਿਚ ਖੁਲਾਸਾ

ਵੈਨਕੂਵਰ (ਡਾ. ਗੁਰਵਿੰਦਰ ਸਿੰਘ)-
ਮਨੁੱਖੀ ਹੱਕਾਂ ਦੇ ਅਲੰਬਰਦਾਰ ਮਰਹੂਮ ਜਸਟਿਸ ਅਜੀਤ ਸਿੰਘ ਬੈਂਸ (ਰਿਟਾਇਰਡ) ਦੀ ਸੰਸਥਾ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਇਕ ਰਿਪੋਰਟ, ਜੋ ਕਿ ਪੰਜਾਬ ਦੇ ਸਾਬਕਾ ਐਡੀਸ਼ਨਲ ਡਿਪਟੀ ਜਨਰਲ ਪੁਲਿਸ ਸਿਕਿਉਰਟੀ ਬੀ ਪੀ ਤਿਵਾੜੀ ਆਈਪੀਐਸ ਵੱਲੋਂ ਤਿਆਰ ਕੀਤੀ ਗਈ ਸੀ, ਇਹ ਪਿਛਲੇ ਦਿਨੀਂ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਜਾਰੀ ਕੀਤੀ ਗਈ। ਜਿਸ ਤੋਂ ਖੁੱਲੇ ਤੌਰ ‘ਤੇ ਸਪਸ਼ਟ ਹੋਇਆ ਹੈ ਕਿ ਪੰਜਾਬ ਪੁਲਿਸ ਅਤੇ ਇੰਡੀਅਨ ਸਟੇਟ ਵੱਲੋਂ ਸਿੱਖ ਨਸਲਕੁਸ਼ੀ ਕੀਤੀ ਗਈ। ਭਾਈ ਗੁਰਦੇਵ ਸਿੰਘ ਕਾਉਂਕੇ, ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਨ, ਉਹਨਾਂ ਨੂੰ ਪਿੰਡ ਕਾਉਂਕੇ ਤੋਂ 25 ਦਸੰਬਰ 1992 ਨੂੰ 200 ਬੰਦਿਆਂ ਦੀ ਮੌਜੂਦਗੀ ਵਿੱਚ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾਂ ਦੀ ਗਵਾਹੀ ਇਤਿਹਾਸਿਕ ਹੈ।
ਪੰਜਾਬ ਦੇ ਉਸ ਵੇਲੇ ਦੇ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਅਗਵਾਈ ਅਤੇ ਬੁੱਚੜ ਪੁਲਿਸ ਅਧਿਕਾਰੀ ਕੇਪੀਐਸ ਗਿੱਲ ਦੀ ਰਹਿਨੁਮਾਈ ਹੇਠ ਜਿਸ ਤਰੀਕੇ ਨਾਲ ਸਿੱਖ ਨੌਜਵਾਨੀ ਦੀ ਨਸਲਕੁਸ਼ੀ ਹੋਈ, ਇਸ ਰਿਪੋਰਟ ਦੀ ਮਿਸਾਲ, ਇਸ ਦੀ ਗਵਾਹੀ ਭਰਦੀ ਹੈ। ਦੁਖਦਾਈ ਗੱਲ ਇਹ ਹੈ ਕਿ ਨੰਗੇ ਚਿੱਟੇ ਸੱਚ ਨੂੰ ਝੂਠਾ ਸਾਬਤ ਕਰਨ ਲਈ ਕਿਵੇਂ ਝੂਠੀਆਂ ਗਵਾਹੀਆਂ ਤਿਆਰ ਕੀਤੀਆਂ ਗਈਆਂ ਅਤੇ ਕਿਸ ਤਰੀਕੇ ਨਾਲ ਸੱਚਾਈ ‘ਤੇ ਪਰਦਾ ਪਾਇਆ ਗਿਆ, ਉਹ ਆਪਣੇ ਆਪ ਵਿੱਚ ਦੁਖਾਂਤ ਹੈ।
ਰਿਪੋਰਟ ਵਿੱਚ ਇੱਕ ਅਹਿਮ ਘਟਨਾ ਇਹ ਵੀ ਹੈ ਕਿ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਬੁੱਚੜ ਸਵਰਨ ਸਿੰਘ ਐਸਐਸਪੀ ਜਗਰਾਉਂ ਨੇ ਹਿਰਾਸਤ ਵਿੱਚ ਰੱਖਿਆ ਸੀ, ਉੱਥੇ ਹੀ ਦੋ ਜਥੇਦਾਰਾਂ; ਭਾਈ ਤੇਜਪਾਲ ਸਿੰਘ ਗਰੇਵਾਲ ਪੁੱਤਰ ਰਸ਼ਪਾਲ ਸਿੰਘ ਅਤੇ ਜਥੇਦਾਰ ਸੂਰਜ ਸਿੰਘ ਪੁੱਤਰ ਕਾਲੜਾ ਸਿੰਘ ਨੇ ਬਿਆਨ ਵਿੱਚ ਦੱਸਿਆ ਕਿ ਜਦ ਭਾਈ ਗੁਰਦੇਵ ਸਿੰਘ ਕਾਉਂਕੇ ਜਗਰਾਓ ਪੁਲਿਸ ਵਲੋਂ ਫੜੇ ਹੋਏ ਸਨ, ਉਸ ਵੇਲੇ ਇਹਨਾਂ ਦੋਹੀ ਜਥੇਦਾਰਾਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲਬਾਤ ਕੀਤੀ, ਜੋ ਕਿ ਮਾਨ ਸਿੰਘ ਗਰਚਾ ਦੇ ਘਰੇ ਮੌਜੂਦ ਸੀ। ਪ੍ਰਕਾਸ਼ ਸਿੰਘ ਬਾਦਲ ਨੇ ਉਸ ਵੇਲੇ ਦੇ ਐਸਪੀ ਸਵਰਨ ਸਿੰਘ ਘੋਟਣਾ ਨਾਲ ਜਗਰਾਉਂ ਵਿੱਚ ਟੈਲੀਫੋਨ ਤੇ ਗੱਲਬਾਤ ਕੀਤੀ ਕਿ ਭਾਈ ਗੁਰਦੇਵ ਸਿੰਘ ਕਾਉਂਕੇ ਬਾਹਰਲਾ ਖਾਣਾ ਨਹੀਂ ਖਾਂਦੇ, ਇਹਨਾਂ ਨੂੰ ਘਰ ਦਾ ਖਾਣਾ ਅਤੇ ਕੱਪੜੇ ਦਿੱਤੇ ਜਾਣ। ਜਿਸ ‘ਤੇ ਸਵਰਨ ਸਿੰਘ ਐਸਐਸਪੀ ਨੇ ਯਕੀਨ ਦਵਾਇਆ ਕਿ ਭਾਈ ਗੁਰਦੇਵ ਸਿੰਘ ਨੂੰ ਘਰ ਦਾ ਖਾਣਾ ਤੇ ਕੱਪੜੇ ਦਿੱਤੇ ਜਾਣਗੇ, ਕਿਉਂਕਿ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਸਿੱਖ ਖਾੜਕੂਆਂ ਦੀ ਪੁੱਛਗਿਛ ਲਈ ਜਗਰਾਉਂ ਪੁਲਿਸ ਨੇ ਬੁਲਾਇਆ ਸੀ। ਹੈਰਾਨੀ ਇਸ ਗੱਲ ਦੀ ਹੈ ਕਿ ਸਾਬਕਾ ਮੁੱਖ ਮੰਤਰੀ ਬਾਦਲ ਦਾ ਇਹ ਕਥਨ ਵੀ ਇਸ ਰਿਪੋਰਟ ਦੇ ਵਿੱਚ ਹਿੱਸਾ ਹੈ, ਜੋ ਦੋ ਜਥੇਦਾਰਾਂ ਦੇ ਹਵਾਲੇ ਦੇ ਨਾਲ ਸ਼ਾਮਿਲ ਹੈ।
ਕੀ ਸਾਬਕਾ ਮੁੱਖ ਮੰਤਰੀ ਬਾਦਲ ਨੂੰ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਗੈਰ ਕਾਨੂੰਨੀ ਹਿਰਾਸਤ ਦਾ ਇਲਮ ਸੀ? ਕੀ ਉਨਾਂ ਨੇ ਸੱਚ ਮੁੱਚ ਬੁੱਚੜ ਐਸਐਸਪੀ ਸਵਰਨ ਘੋਟਣੇ ਨਾਲ ਗੱਲਬਾਤ ਕੀਤੀ? ਕੀ ਉਹਨਾਂ ਅਕਾਲੀ ਦਲ ਦੀ ਅਗਵਾਈ ਵਿੱਚ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਰਿਹਾਈ ਵਾਸਤੇ ਵੱਡੇ ਪੱਧਰ ‘ਤੇ ਕਾਰਜ ਕੀਤਾ? ਕੀ ਉਹ ਹਾਈ ਕੋਰਟ ਵਿੱਚ ਇਸ ਗੱਲ ਦੇ ਲਈ ਗਵਾਹ ਬਣੇ? ਇਹ ਸਾਰੇ ਗੰਭੀਰ ਸਵਾਲ ਘੋਖਣਯੋਗ ਹਨ। ਇਸ ਮਾਮਲੇ ਤੋਂ ਇਲਾਵਾ ਹੋਰ ਬਹੁਤ ਸਾਰੇ ਅਹਿਮ ਇੰਕਸ਼ਾਫ਼ ਵੀ ਇਸ ਰਿਪੋਰਟ ਵਿੱਚ ਝਲਕਦੇ ਹਨ। ਇਹ ਰਿਪੋਰਟ ਗਿਆਨੀ ਰਘਬੀਰ ਸਿੰਘ, ਜਥੇਦਾਰ ਅਕਾਲ ਤਖਤ ਨੂੰ, ਮਨੁੱਖੀ ਅਧਿਕਾਰ ਸੰਗਠਨ ਸੰਸਥਾ ਦੇ ਕਹਿਣ ਅਨੁਸਾਰ, ਸਭ ਤੋਂ ਪਹਿਲਾਂ ਸੌਂਪੀ ਗਈ ਸੀ, ਪਰ ਉਹਨਾਂ ਨੇ ਜਾਰੀ ਨਹੀਂ ਕੀਤੀ। ਜਥੇਦਾਰ ਭਾਈ ਰਘਵੀਰ ਸਿੰਘ ਦਾ ਬਿਆਨ ਵੀ ਕਾਫੀ ਪਛੜ ਕੇ ਆ ਚੁੱਕਿਆ ਹੈ, ਪਰ ਇਸ ਤੋਂ ਪਹਿਲਾਂ ਹੀ ਇਹ ਰਿਪੋਰਟ ਜਸਟਿਸ ਅਜੀਤ ਸਿੰਘ ਬੈਂਸ ਦੀ ਸੰਸਥਾ ਮਨੁੱਖੀ ਅਧਿਕਾਰ ਸੰਗਠਨ ਸੰਸਥਾ ਵੱਲੋਂ ਜਾਰੀ ਕਰ ਦਿੱਤੀ ਗਈ ਹੈ। ਇਹ ਰਿਪੋਰਟ ਹੂਬਹੂ ਪਾਠਕਾਂ ਲਈ ਧੰਨਵਾਦ ਸਹਿਤ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ।