Headlines

ਭ੍ਰਿਸ਼ਟਾਚਾਰ ਭਾਰਤੀ ਲੋਕਾਂ ਦੀ ਤਹਿਜ਼ੀਬ ਦਾ ਹਿੱਸਾ..

ਨਿਊਜੀਲੈਂਡ ਦੇ ਲੇਖਕ ਬ੍ਰਾਇਨ ਗਾਡਜ਼ੋਨ ਦੇ ਵਿਚਾਰ ਕਿੰਨੇ ਕੁ ਸਹੀ ?

ਬਰਾਇਨ ਨੇ ਆਪਣੇ ਇਕ ਬਹੁਤ ਹੀ ਚਰਚਿਤ ਲੇਖ ਵਿਚ  ਲਿਖਿਆ ਹੈ ਕਿ ਭਾਰਤੀ ਲੋਕ ਹੋਬਜ਼ (ਬੇਕਾਬੂ, ਮਾੜੀ ਤੇ ਖੁਦਗਰਜ਼ ਤਹਿਜ਼ੀਬ) ਵੀਚਾਰਧਾਰਾ ਵਾਲੇ ਲੋਕ ਹਨ।
*ਭਾਰਤ ਵਿੱਚ ਭ੍ਰਿਸ਼ਟਾਚਾਰ ਦਾ ਇਕ ਤਹਿਜ਼ੀਬੀ ਪੱਖ ਵੀ ਹੈ। ਭਾਰਤੀ ਲੋਕ ਭ੍ਰਿਸ਼ਟਾਚਾਰ ਕਰਨ ਵੇਲ਼ੇ ਜਰਾ ਵੀ ਨਹੀਂ ਝਿਝਕਦੇ। ਭ੍ਰਿਸ਼ਟਾਚਾਰ ਇੱਥੇ ਬਹੁਤ ਵੱਡੇ ਪੱਧਰ ਤੇ ਫੈਲਿਆ ਹੋਇਆ ਹੈ।
ਭਾਰਤੀ ਲੋਕ ਭ੍ਰਿਸ਼ਟ ਵਿਅਕਤੀ ਦਾ ਵਿਰੋਧ ਕਰਨ ਦੀ ਬਜਾਏ, ਉਸਨੂੰ ਬਰਦਾਸ਼ਤ ਕਰਨ ਦੇ ਆਦੀ ਹਨ। ਕੋਈ ਹੋਰ ਮਨੁੱਖੀ ਨਸਲ ਜਮਾਂਦਰੂ ਇਤਨੀ ਭ੍ਰਿਸ਼ਟ ਨਹੀਂ ਹੈ।
ਇਹ ਪਤਾ ਲਗਾਉਣ ਲਈ ਕਿ ਭਾਰਤੀ ਲੋਕ ਇੰਨੇ ਭ੍ਰਿਸ਼ਟ ਕਿਉਂ ਹਨ, ਜਰਾ ਉਹਨਾਂ ਦੀ ਜੀਵਨ ਜਾਚ ਅਤੇ ਰਵਾਇਤਾਂ ਵੱਲ ਝਾਤੀ ਮਾਰੋ।
ਭਾਰਤ ਵਿਚ ਧਰਮ ਵੀ ਕਾਰੋਬਾਰੀ ਲੈਣ ਦੇਣ ਵਰਗਾ ਇਕ ਕਾਰੋਬਾਰ ਹੀ ਹੈ। ਭਾਰਤੀ ਲੋਕ ਇਸ ਆਸ ਨਾਲ਼ ਪਰਮੇਸ਼ਰ ਨੂੰ ਪੈਸਾ ਚੜ੍ਹਾਉਂਦੇ ਹਨ ਕਿ ਇਸਦਾ ਫਲ਼ ਦੇਣ ਵੇਲ਼ੇ ਉਹ ਦੂਸਰਿਆਂ ਨਾਲੋਂ ਉਹਨਾਂ ਨੂੰ ਤਰਜੀਹ ਦੇਵੇਗਾ। ਇਹ ਦਲੀਲ ਇਸ ਸੋਚ ਨੂੰ ਪੱਕਿਆਂ ਕਰਦੀ ਹੈ ਕਿ ਲੋੜਵੰਦ ਲੋਕਾਂ ਨੂੰ ਲੋੜੀਂਦੀਆਂ ਚੀਜ਼ਾਂ ਪ੍ਰਾਪਤ ਕਰਨ ਲਈ ਪਰਮਾਤਮਾ ਨੂੰ ਕੁਝ ਨਾ ਕੁਝ ਦੇਣਾ ਹੀ ਪੈਣਾ ਹੈ। ਮੰਦਰ ਦੀ ਵਲ਼ਗਣ ਤੋਂ ਬਾਹਰ ਅਸੀਂ ਅਜਿਹੇ ਲੈਣ ਦੇਣ ਨੂੰ ਭ੍ਰਿਸ਼ਟਾਚਾਰ ਆਖਦੇ ਹਾਂ।

ਅਮੀਰ ਭਾਰਤੀ ਵਿਅਕਤੀ ਨਕਦੀ ਦੀ ਬਜਾਏ ਸੋਨਾ, ਚਾਂਦੀ ਅਤੇ ਹੋਰ ਗਹਿਣੇ ਪਰਮਾਤਮਾ ਦੇ ਨਾਂ ਤੇ ਦਾਨ ਕਰਦਾ ਹੈ। ਉਹ ਦਾਨ ਗ਼ਰੀਬਾਂ ਨੂੰ ਨਹੀਂ ਸਗੋਂ ਪਰਮੇਸ਼ਰ ਨੂੰ ਦਿੰਦਾ ਹੈ। ਉਹ ਸੋਚਦਾ ਹੈ ਕਿ ਕਿਸੇ ਲੋੜਵੰਦ ਨੂੰ ਦੇਣ ਨਾਲ਼ ਪੈਸਾ ਬਰਬਾਦ ਹੋ ਜਾਵੇਗਾ।
ਜੂਨ 2009 ਵਿੱਚ, “ਦਿ ਹਿੰਦੂ” ਅਖ਼ਬਾਰ ਨੇ ਕਰਨਾਟਕ ਦੇ ਮੰਤਰੀ ਜੀ. ਜਨਾਰਦਨ ਰੈਡੀ ਵੱਲੋਂ ਤਿਰੂਪਤੀ ਮੰਦਰ ਨੂੰ ੪੫ ਕਰੋੜ ਰੁਪਏ ਦਾ ਸੋਨਾ ਅਤੇ ਹੀਰੇ ਜਵਾਹਰਾਤ ਦਾਨ ਕਰਨ ਦੀ ਖ਼ਬਰ ਛਾਪੀ ਸੀ। ਭਾਰਤ ਦੇ ਮੰਦਰਾਂ ਨੂੰ ਇੰਨਾ ਜ਼ਿਆਦਾ ਪੈਸਾ ਮਿਲਦਾ ਹੈ ਕਿ ਉਨ੍ਹਾਂ ਨੂੰ ਸਮਝ ਨਹੀਂ ਲਗਦੀ ਕਿ ਇਸ ਧਨ ਦਾ ਕੀ ਕੀਤਾ ਜਾਵੇ। ਅਰਬਾਂ ਦੀ ਜਾਇਦਾਦ ਮੰਦਰਾਂ ਕੋਲ਼ ਬੇਕਾਰ ਤੇ ਅਣਵਰਤੀ ਹੀ ਪਈ ਹੋਈ ਹੈ।
ਜਦੋਂ ਯੂਰਪੀਅਨ ਲੋਕ ਭਾਰਤ ਆਏ ਸਨ ਤਾਂ ਉਹਨਾਂ ਨੇ ਇੱਥੇ ਸਕੂਲ ਬਣਾਏ ਪਰ ਇਸਦੇ ਉਲ਼ਟ ਜਦੋਂ ਭਾਰਤੀ ਲੋਕ ਯੂਰਪ ਅਤੇ ਅਮਰੀਕਾ ਗਏ ਤਾਂ ਉਹਨਾਂ ਉਥੇ ਸਭ ਤੋਂ ਪਹਿਲਾਂ ਮੰਦਰ,ਗੁਰਦੁਆਰੇ ਬਣਾਏ।*
ਭਾਰਤੀਆਂ ਦੀ ਸੋਚ ਅਜਿਹੀ ਬਣਾ ਦਿੱਤੀ ਗਈ ਹੈ ਕਿ ਰੱਬ ਕੋਈ ਦਾਤ ਦੇਣ ਲਈ ਉਹਨਾਂ ਤੋਂ ਕੁਝ ਨਾ ਕੁਝ ਭੇਟਾ ਲੈਣ ਦਾ ਹਮੇਸ਼ਾ ਚਾਹਵਾਨ ਹੁੰਦਾ ਹੈ ਇਸ ਲਈ ਦਾਨ ਪੁੰਨ ਕਰਨ ਵਿਚ ਕੁਝ ਵੀ ਗਲ਼ਤ ਨਹੀਂ ਹੈ। ਇਸੇ ਮਾਨਸਿਕਤਾ ਕਾਰਨ ਭਾਰਤੀ ਇੰਨੀ ਆਸਾਨੀ ਨਾਲ ਭ੍ਰਿਸ਼ਟ ਹੋ ਜਾਂਦੇ ਹਨ।*
ਭਾਰਤੀ ਤਹਿਜ਼ੀਬ ਰੱਬ ਨਾਲ਼ ਅਜਿਹਾ ਲੈਣ ਦੇਣ ਕਰਨ ਵਾਲ਼ੇ ਵਰਤੋਂ ਵਿਹਾਰ ਨੂੰ ਸੌਖਿਆਂ ਹੀ ਆਪਣੇ ਅੰਦਰ ਸਮੋਅ ਲੈਂਦੀ ਹੈ। ਕਿਉਂਕਿ:-*
(1 ). ਇਸ ਨਾਲ਼ ਕੋਈ ਇਖ਼ਲਾਕੀ ਦਾਗ ਨਹੀਂ ਲਗਦਾ। ਸਬੂਤ ਵਜੋਂ ਤਮਿਲ ਆਗੂ ਜੈਲਲਿਤਾ ਖਿਲਾਫ ਭ੍ਰਿਸ਼ਟਾਚਾਰ ਦੇ ਕਈ ਮਾਮਲੇ ਚਲਦੇ ਹੋਣ ਦੇ ਬਾਵਜੂਦ ਲੋਕਾਂ ਵੱਲੋਂ ਉਸਨੂੰ ਮੁੜ੍ਹ ਹਾਕਮ ਥਾਪ ਦਿੱਤਾ ਗਿਆ, ਪੱਛਮੀ ਮੁਲਕਾਂ ਵਿੱਚ ਅਜਿਹਾ ਕਦੀ ਸੋਚਿਆ ਵੀ ਨਹੀਂ ਜਾ ਸਕਦਾ।
(2 ). ਭਾਰਤੀਆਂ ਦੀ ਰਿਸ਼ਵਤਖੋਰੀ ਵਾਲ਼ੀ ਸ਼ੱਕੀ ਹਾਲਤ ਇਤਿਹਾਸ ਵਿਚੋਂਂ ਬਾਖੂਬੀ ਝਲਕਦੀ ਹੈ। ਭਾਰਤੀ ਇਤਿਹਾਸ ਦੱਸਦਾ ਹੈ ਕਿ ਕਈ ਦ੍ਵਾਰਪਾਲਾਂ ਕੋਲ਼ੋਂ ਸ਼ਹਿਰਾਂ ਅਤੇ ਰਾਜਧਾਨੀਆਂ ਦੇ ਦਰਵਾਜ਼ੇ  ਖੁਲਵਾਉਣ ਲਈ ਅਤੇ ਫ਼ੌਜਦਾਰਾਂ ਤੋਂ ਹਥਿਆਰ ਸੁਟਵਾਉਣ ਬਦਲੇ ਰਿਸ਼ਵਤਾਂ ਦੇ ਕੇ ਸੌਖੀਆਂ ਜਿੱਤਾਂ ਹਾਸਲ ਕੀਤੀਆਂ ਗਈਆਂ ਸਨ। ਅਜਿਹਾ ਸਿਰਫ਼ ਭਾਰਤ ਵਿਚ ਹੀ ਹੁੰਦਾ ਹੈ ਅਤੇ ਇਸੇ ਕਾਰਨ ਭਾਰਤ ਨੂੰ ਜੈ ਚੰਦਾਂ ਦੀ ਧਰਤੀ ਵੀ ਕਿਹਾ ਜਾਂਦਾ ਹੈ।
*ਭਾਰਤੀਆਂ ਦੇ ਭ੍ਰਿਸ਼ਟ ਵਰਤਾਓ ਕਾਰਨ ਹੀ ਭਾਰਤੀ ਉਪ-ਮਹਾਂਦੀਪ ਵਿਚ ਪੁਰਾਤਨ ਯੁਨਾਨ ਅਤੇ ਅੱਜੋਕੇ ਯੂਰਪ ਮੁਕਾਬਲੇ ਬਹੁਤ ਘੱਟ ਜੰਗਾਂ ਹੋਈਆਂ ਹਨ। ਇਹ ਤੱਥ ਹੈਰਾਨੀ ਜਨਕ ਹੈ ਕਿ ਨਾਦਿਰ ਸ਼ਾਹ ਦੀ ਤੁਰਕਾਂ ਨਾਲ਼ ਹੋਈ ਲੜਾਈ ਬਹੁਤ ਤੇਜ ਰਫ਼ਤਾਰ ਵਾਲ਼ੀ ਸੀ ਜੋ ਆਖਰੀ ਸਾਹਾਂ ਤੱਕ ਲੜੀ ਗਈ ਸੀ। ਦੂਜੇ ਪਾਸੇ ਭਾਰਤ ਵਿੱਚ ਤਾਂ ਲੜਾਈ ਦੀ ਕੋਈ ਲੋੜ ਹੀ ਨਹੀਂ ਸੀ। ਭਾਰਤੀ ਫ਼ੌਜ ਨੂੰ ਰਸਤੇ ਵਿਚੋਂ ਹਟਾਉਣ ਲਈ ਰਿਸ਼ਵਤ ਦੇ ਦੇਣੀ ਹੀ ਕਾਫ਼ੀ ਸੀ। ਕੋਈ ਵੀ ਹਮਲਾਵਰ, ਜੋ ਪੈਸੇ ਖ਼ਰਚ ਕਰ ਸਕਦਾ ਸੀ, ਉਹ ਭਾਰਤੀ ਰਾਜੇ ਜਾਂ ਉਸਦੀ ਲੱਖਾਂ ਸਿਪਾਹੀਆਂ ਵਾਲ਼ੀ ਫ਼ੌਜ ਨੂੰ ਸਹਿਜੇ ਹੀ ਆਪਣੇ ਰਸਤੇ ਵਿਚੋਂ ਹਟਾਅ ਸਕਦਾ ਸੀ।*
*ਪਲਾਸੀ ਦੀ ਲੜਾਈ ਦੌਰਾਨ ਭਾਰਤੀ ਫੌਜੀ ਮੁਸ਼ਕਿਲ ਨਾਲ ਹੀ ਕੋਈ ਮੁਕਾਬਲਾ ਕਰ ਸਕੇ ਸਨ। ਜਿੱਤਣ ਲਈ ਕਲਾਈਵ ਨੇ ਮੀਰ ਜਾਫ਼ਰ ਨੂੰ ਪੈਸੇ ਦੇ ਦਿੱਤੇ ਅਤੇ ਬੰਗਾਲੀ ਫ਼ੌਜ ਦੀ ਨਫ਼ਰੀ ਘਟਕੇ 3000 ਸਿਪਾਹੀਆਂ ਤੱਕ ਸੁੰਗੜਾਅ ਦਿੱਤੀ ਗਈ।
*ਭਾਰਤੀ ਕਿਲਿਆਂ ਨੂੰ ਜਿੱਤਣ ਲਈ ਹਮੇਸ਼ਾ ਧਨ ਦੌਲ਼ਤ ਦੀ ਵਰਤੋਂ ਬਤੌਰ ਰਿਸ਼ਵਤ ਕੀਤੀ ਜਾਂਦੀ ਸੀ। ਸੰਨ ੧੬੮੬ ਵਿੱਚ ਗੋਲਕੁੰਡਾ ਦਾ ਕਿਲਾ ਵੀ ਪਿਛਵਾੜੇ ਦਾ ਗੁਪਤ ਦਰਵਾਜ਼ਾ ਖੁਲ੍ਹਵਾਕੇ ਜਿੱਤਿਆ ਗਿਆ ਸੀ।ਮੁਗ਼ਲਾਂ ਨੇ ਅਸਲ ਵਿੱਚ ਮਰਾਠਿਆਂ ਅਤੇ ਰਾਜਪੁਤਾਂ ਨੂੰ ਰਿਸ਼ਵਤ ਦੇ ਹਥਿਆਰ ਨਾਲ਼ ਹੀ ਜਿੱਤਿਆ ਸੀ।*
*ਸ੍ਰੀ ਨਗਰ ਦੇ ਰਾਜੇ ਨੇ ਔਰੰਗਜੇਬ ਕੋਲ਼ੋਂ ਰਿਸ਼ਵਤ ਲੈਕੇ ਦਾਰਾ ਸ਼ਿਕੋਹ ਦਾ ਪੁੱਤਰ ਸੁਲੇਮਾਨ ਉਸਨੂੰ ਸੌਂਪ ਦਿੱਤਾ। ਅਜਿਹੇ ਬਹੁਤ ਸਾਰੇ ਮਾਮਲੇ ਹਨ, ਜਿੱਥੇ ਭਾਰਤੀਆਂ ਨੇ ਰਿਸ਼ਵਤ ਦਾ ਪੈਸਾ ਹਾਸਲ ਕਰਨ ਲਈ ਵੱਡੀਆਂ ਵੱਡੀਆਂ ਗੱਦਾਰੀਆਂ ਕੀਤੀਆਂ ਸਨ।*
*ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਭਾਰਤੀਆਂ ਵਿਚ ਸੌਦੇਬਾਜ਼ੀ ਦਾ ਇਹ ਸਭਿਆਚਾਰ ਕਿਉਂ ਹੈ, ਜਦਕਿ ਬਹੁਤ ਸਾਰੇ ਸਭਿਅਕ ਦੇਸ਼ਾਂ ਵਿਚ ਇਹ ਸੌਦੇਬਾਜ਼ੀ ਵਾਲ਼ਾ ਭੈੜਾ ਸਭਿਆਚਾਰ ਹੁੰਦਾ ਹੀ ਨਹੀਂ।*
(3). ਭਾਰਤੀ ਇਸ ਸਿਧਾਂਤ ਵਿਚ ਯਕੀਨ ਨਹੀਂ ਰੱਖਦੇ ਕਿ ਜੇਕਰ ਉਹ ਚੰਗੇ ਇਖ਼ਲਾਕ ਵਾਲ਼ਾ ਵਰਤੋਂ ਵਿਹਾਰ ਕਰਨਗੇ ਤਾਂ ਸਾਰੇ ਲੋਕ ਤਰੱਕੀ ਕਰਨਗੇ ਕਿਉਂਕਿ ਉਨ੍ਹਾਂ ਦਾ “ਵਿਸ਼ਵਾਸ / ਧਰਮ” ਇਹ ਸਿੱਖਿਆ ਦੇਂਦਾ ਹੀ ਨਹੀਂ।
ਉਹਨਾਂ ਦਾ ਜਾਤਪਾਤ ਵਾਲ਼ਾ ਢਾਂਚਾ ਉਨ੍ਹਾਂ ਨੂੰ ਆਪਸ ਵਿੱਚ ਵੰਡਦਾ ਹੈ। ਉਹ ਮਨੁੱਖੀ ਬਰਾਬਰੀ ਦੇ ਸਿਧਾਂਤ ਵਿੱਚ ਯਕੀਨ ਨਹੀਂ ਕਰਦੇ। ਇਹੋ ਕਾਰਨ ਹੈ ਕਿ ਉਹ ਜਾਤਪਾਤ ਕਾਰਨ ਆਪਸ ਵਿੱਚ ਅਤੇ ਈਸ਼ਵਰ,ਵਾਹਿਗੁਰੂ, ਅੱਲਾਹ, ਗਾੱਡ ਦੇ ਨਾਂ ਤੇ ਵੱਖ ਵੱਖ ਧਰਮਾਂ ਵਿੱਚ ਵੰਡੇ ਗਏ ਹਨ।*
ਬਹੁਤ ਸਾਰੇ ਭਾਰਤੀਆਂ ਨੇ ਸਿੱਖ, ਜੈਨ ਜਾਂ ਬੁੱਧ ਅਤੇ ਕਈਆਂ ਨੇ ਈਸਾਈ ਅਤੇ ਇਸਲਾਮ ਧਰਮ ਨੂੰ ਅਪਣਾਇਆ। ਇਸ ਖਿਲਾਰੇ ਦਾ ਨਤੀਜਾ ਇਹ ਨਿਕਲ਼ਿਆ ਕਿ ਹੁਣ ਭਾਰਤੀ ਇਕ ਦੂਜੇ ਤੇ ਭਰੋਸਾ ਹੀ ਨਹੀਂ ਕਰਦੇ। ਭਾਰਤ ਵਿਚ ਕੋਈ ਵੀ ਭਾਰਤੀ ਨਹੀਂ ਹੈ, ਉਹ ਹਿੰਦੂ,ਸਿੱਖ, ਕ੍ਰਿਸ਼ਚਿਅਨ ਜਾਂ ਮੁਸਲਮਾਨ ਵਗੈਰਾ ਦੇ ਨਜਰੀਏ ਤੋਂ ਆਪਣੇ ਆਪ ਨੂੰ ਵੇਖਦੇ ਹਨ। ਭਾਰਤੀ ਭੁੱਲ ਗਏ ਹਨ ਕਿ ਉਹ ੧੪੦੦ ਸਾਲ ਪਹਿਲਾਂ ਇਕੋ ਧਰਮ ਦੇ ਪੈਰੋਕਾਰ ਸਨ। ਇਸ ਵਰਨ ਵੰਡ ਨੇ ਇਕ ਬੀਮਾਰ ਸਭਿਆਚਾਰਕ ਮਾਨਸਿਕਤਾ ਨੂੰ ਜਨਮ ਦਿੱਤਾ ਹੈ।*
ਇਹ ਸਾਮਾਜਕ ਨਾਬਰਾਬਰੀ ਇਕ ਭ੍ਰਿਸ਼ਟ ਸੋਚ ਦਾ ਨਤੀਜਾ ਹੈ ਜਿਸ ਵਿੱਚ ਹਰ ਭਾਰਤੀ ਦੂਜੇ ਦੇ ਖਿਲਾਫ਼ ਹੈ ਸਿਵਾਏ ਪ੍ਰਮਾਤਮਾ ਦੇ ਜਿਸ ਬਾਰੇ ਵੀ ਉਹਨਾਂ ਦਾ ਵਿਸ਼ਵਾਸ ਹੈ ਕਿ ਉਹ ਬਿਨਾਂ ਰਿਸ਼ਵਤ (ਦਾਨ, ਪੁੰਨ, ਚੜ੍ਹਾਵਾ) ਲਏ ਕੁਝ ਨਹੀਂ ਦੇਂਦਾ।