Headlines

ਹਰਮਨ ਪਿਆਰਾ ਸ਼ਾਇਰ – ਰਾਜਵੰਤ ਰਾਜ

ਪੇਸ਼ਕਾਰ-ਹਰਦਮ ਮਾਨ—

ਸਰੀ ਸ਼ਹਿਰ ਦਾ ਵਸਨੀਕ ਰਾਜਵੰਤ ਰਾਜ ਪੰਜਾਬੀ ਦਾ ਹਰਮਨ ਪਿਆਰਾ ਸ਼ਾਇਰ ਹੈ। ਉਸ ਦੇ ਖ਼ਿਆਲਾਂ ਵਿਚਲੀ ਤਾਜ਼ਗੀ, ਗਹਿਰਾਈ, ਸਾਦਗੀ, ਸਪੱਸ਼ਟਤਾ ਪਾਠਕ ਮਨਾਂ ਨੂੰ ਬੇਹੱਦ ਟੁੰਬਦੀ ਹੈ। ਉਸ ਦੀਆਂ ਤਿੰਨ ਗ਼ਜ਼ਲ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ – ‘ਰੰਗਸ਼ਾਲਾ’, ‘ਰਾਗਣੀਆਂ’ ਅਤੇ ‘ਟੁੱਟੇ ਸਿਤਾਰੇ ਚੁਗਦਿਆਂ’। ਪਾਠਕਾਂ ਲਈ ਪੇਸ਼ ਹਨ ਉਸ ਦੀਆਂ ਕੁਝ ਗ਼ਜ਼ਲਾਂ-

1

ਮਸਲਦੇ ਕਿਉਂ ਮਲੂਕ ਕਲੀਆਂ ਨੂੰ

ਨਰਮ ਪੱਤੀਆਂ ਨੂੰ ਝਾੜਦੇ ਕਿਉਂ ਨੇ

ਬੀਜ ਕੇ ਖ਼ੁਦ ਗੁਲਾਬ ਸੱਧਰਾਂ ਦੇ

ਲੋਕ ਹੱਥੀਂ ਉਜਾੜਦੇ ਕਿਉਂ ਨੇ

ਬਾਲ਼ ਦੀਵਾ ਸਬਾਤ ਵਿਚ ਧਰਦਾਂ

ਮੈਂ ਤਾਂ ਸਰਫ਼ੇ ਦੀ ਰੌਸ਼ਨੀ ਕਰਦਾਂ

ਫਿਰ ਇਹ ਪਾਗਲ ਵਰੋਲ਼ੇ ਰਾਤਾਂ ਨੂੰ

ਮੇਰਾ ਬੂਹਾ ਉਖਾੜਦੇ ਕਿਉਂ ਨੇ

ਧਰਤੀ ਚੁੱਕਦੀ ਤੇ ਚੁੰਮਦੀ ਮੈਨੂੰ

ਲੈ ਕੇ ਗੋਦੀ ਚ, ਪੁੱਛਦੀ ਮੈਨੂੰ

ਇਹ ਜੋ ਮਗਰੋਂ ਨੇ ਡੇਗਦੇ ਤੈਨੂੰ

ਪਹਿਲਾਂ ਸਿਖ਼ਰਾਂ ਤੇ ਚਾੜ੍ਹਦੇ ਕਿਉਂ ਨੇ

ਲੋਕ ਭਾਵੇਂ ਡਰਾ ਲਏ ਸਾਰੇ

ਫਿਰ ਵੀ ਰਾਜੇ ਨੂੰ ਫ਼ਿਕਰ ਇਹ ਮਾਰੇ

ਕਿਉਂ ਨਾ ਸੂਲ਼ੀ ਤੋਂ ਡਰਦੀਆਂ ਕਲਮਾਂ

ਲਫ਼ਜ਼ ਲੀਹਾਂ ਨੂੰ ਪਾੜਦੇ ਕਿਉਂ ਨੇ

ਚਾਰ ਅੱਖਾਂ ਦੀ ਇਕ ਨਜ਼ਰ ਹੋ ਕੇ

ਜਦ ਵੀ ਤੁਰਦੇ ਹਾਂ ਹਮਸਫ਼ਰ ਹੋ ਕੇ

ਮੀਲ ਪੱਥਰ ਨਿਕਲ ਕੇ ਮੱਥਿਆਂ ਚੋਂ

ਸਾਡਾ ਰਸਤਾ ਦੁਫ਼ਾੜਦੇ ਕਿਉਂ ਨੇ

ਜਿੱਥੇ ਸੀ ਕੱਲ੍ਹ ਹਰਾ ਭਰਾ ਜੰਗਲ

ਓਥੇ ਪੱਥਰ ਦਾ ਅੱਜ ਖੜ੍ਹਾ ਜੰਗਲ

ਇੰਝ ਸੁੰਦਰ ਸਰੂਪ ਧਰਤੀ ਦਾ

ਲੋਕ ਹੁਲੀਆ ਵਿਗਾੜਦੇ ਕਿਉਂ ਨੇ

2

ਉਮਰ ਭਰ ਦੁਸ਼ਵਾਰੀਆਂ ਦੇ ਸਿਲਸਿਲੇ ਚੱਲਦੇ ਰਹੇ

ਇਸ਼ਕ ਵਿੱਚ ਲਾਚਾਰੀਆਂ ਦੇ ਸਿਲਸਿਲੇ ਚੱਲਦੇ ਰਹੇ

ਹੈ ਮੇਰੀ ਰਗ ਰਗ ਤੋਂ ਵਾਕਫ਼, ਫਿਰ ਵੀ ਬਣਦੈ ਅਜਨਬੀ,

ਉਸ ਦੀਆਂ ُਫ਼ਨਕਾਰੀਆਂ ਦੇ ਸਿਲਸਿਲੇ ਚੱਲਦੇ ਰਹੇ

ਚਾਰ ਦਿਨ ਤੋਂ ਬਾਦ ਸਾਨੂੰ ਦਿਲ ‘ਚੋਂ ਕੱਢ ਦਿੰਦੇ ਨੇ ਲੋਕ,

ਇੰਝ ਕਿਰਾਏਦਾਰੀਆਂ ਦੇ ਸਿਲਸਿਲੇ ਚੱਲਦੇ ਰਹੇ

ਮੈਂ ਕਮਾਇਆ ਇਸ਼ਕ ਵਿੱਚੋਂ ਜ਼ਖ਼ਮ ਇੱਕ ਸੂਖਮ ਜਿਹਾ,

ਉਸ ‘ਚੋਂ ਦਰਦਾਂ ਭਾਰੀਆਂ ਦੇ ਸਿਲਸਿਲੇ ਚੱਲਦੇ ਰਹੇ

ਫੇਰ ਲਾਈਆਂ, ਫੇਰ ਟੁੱਟੀਆਂ, ਫੇਰ ਲੱਗਣ ਦੀ ਉਮੀਦ,

ਰੋਜ਼ ਕੱਚੀਆਂ ਯਾਰੀਆਂ ਦੇ ਸਿਲਸਿਲੇ ਚੱਲਦੇ ਰਹੇ

ਜਿਸ ਲਈ ਉਹ ਮੁਸਕਰਾਉਂਦੈ ਨੀਂਦ ਵਿੱਚ, ਉਹ ਮੈਂ ਨਹੀਂ,

ਰਾਜ ਪਰਦੇਦਾਰੀਆਂ ਦੇ ਸਿਲਸਿਲੇ ਚੱਲਦੇ ਰਹੇ

3

ਵਾਰਸਾਂ ਕੋਲ਼ੋਂ ਹੀ ਕੋਈ ਲਾਜ਼ਮੀ ਸੁਰ ਥੁੜ ਗਈ

ਪੁਰਖਿਆਂ ਦੇ ਗੀਤ ਦੀ ਸਾਰੀ ਰਵਾਨੀ ਰੁੜ੍ਹ ਗਈ

ਕਿਸ ਤਰ੍ਹਾਂ ਦਾ ਛਲ-ਕਪਟ ਹੈ, ਕਿਸ ਤਰ੍ਹਾਂ ਦਾ ਕਹਿਰ ਹੈ

ਜਦ ਚਿੜੀ ਧਰਤੀ ’ਤੇ ਉਤਰੀ, ਚੋਗ ਅੰਬਰੀਂ ਉੜ ਗਈ

ਇਹ ਕਦੇ ਦਸਤਕ ਨਾ ਦਿੰਦੀ, ਕੀ ਕਰਾਂ ਮੈਂ ਏਸ ਦਾ

ਜ਼ਿੰਦਗੀ ਮੇਰੇ ਦਰਾਂ ’ਤੋਂ ਫੇਰ ਵਾਪਸ ਮੁੜ ਗਈ

ਜਦ ਹਵਾ ਦੀ ਪੀਂਘ ’ਤੇ ਝੂਟੇ ਸੀ ਲੈਂਦਾ ਉਹ ਗੁਲਾਬ

ਲਾਗਲੀ ਇਕ ਸੂਲ਼ ਉਸ ਦੇ ਜਿਸਮ ਅੰਦਰ ਪੁੜ ਗਈ

ਮੈਂ ਹੀ ਬੇਲੋੜਾ ਜਿਹਾ ਮੋਤੀ ਸਾਂ ਜਿਹੜਾ ਕਿਰ ਗਿਆ

ਟੁੱਟ ਕੇ ਗਾਨੀ ਦੁਬਾਰਾ ਫੇਰ ਓਵੇਂ ਜੁੜ ਗਈ

4

ਉਨ੍ਹੇਂ ਉਹ ਵੇਖ ਲਏ ਸਾਰੇ, ਮੈਂ ਜਿਹੜੇ ਹਰਫ਼ ਸੀ ਕੱਜੇ

ਉਹ ਪੜ੍ਹਦਾ ਜਾ ਰਿਹੈ ਮੈਨੂੰ, ਮੇਰੇ ਅਹਿਸਾਸ ਤੋਂ ਅੱਗੇ

ਇਨ੍ਹਾਂ ਬਹਿਰੂਪੀਆਂ ਨੇ ਚੋਗ ਤੇਰੇ ਜਿਸਮ ਦਾ ਚੁਗਣਾ,

ਨੀ ਹੰਸਣੀਏ ! ਲੈ ਹੰਸਾਂ ਵਾਂਗ ਸ਼ਿਕਰੇ ਹੋ ਗਏ ਬੱਗੇ

ਕਿਸੇ ਤੋਂ ਵੇਧ ਨਾ ਹੁੰਦੀ ਇਹ ਤਾਕਤਵਰ ਸੰਜੋਹ ਮੇਰੀ,

ਮਾਂ ਕਹਿੰਦੀ ਹੈ, ਵੇ ਪੁਤ ਤੈਨੂੰ ਤਾਂ ਤੱਤੀ ਵਾ’ ਵੀ ਨਾ ਲੱਗੇ

ਗੁਲਾਮੀ ਔਰਤਾਂ ਦੇ ਗਲ਼ ‘ਚੋਂ ਲਾਹਵੋਂਗੇ ਕਿਵੇਂ ਮਰਦੋ,

ਤੁਸੀਂ ਤਾਂ ਆਪ ਹੀ ਵਾਹਯਾਤ ਅਣਖਾਂ ਨਾਲ ਹੋ ਬੱਝੇ

ਉਹ ਮੈਨੂ ਜ਼ਿੰਦਗੀ ‘ਚੋਂ ਬਰਤਰਫ਼ ਕਰਦੈ, ਕਰੀ ਜਾਵੇ,

ਕਹੋ ਉਸ ਨੂੰ, ਜੇ ਹਿੰਮਤ ਹੈ ਤਾਂ ਮੈਨੂੰ ਦਿਲ ‘ਚੋਂ ਵੀ ਕੱਢੇ

5

ਇਸ ਨਾਮੁਰਾਦ ਮਰਜ਼ ਦਾ ਹੈ ਓੜ੍ਹ ਪੋੜ੍ਹ ਕੀ

ਉਦਰੇਵਿਆਂ ਦੇ ਦਰਦ ਦਾ ਹੁੰਦਾ ਹੈ ਤੋੜ ਕੀ

ਉਹਨਾਂ ਦੇ ਆਸ ਪਾਸ ਨੇ ਧੁਨੀਆਂ ਸੁਰੀਲੀਆਂ

ਅੱਜ ਕੱਲ੍ਹ ਮੇਰੀ ਆਵਾਜ਼ ਦੀ ਉਹਨਾਂ ਨੂੰ ਲੋੜ ਕੀ

ਜਿੰਨੇ ਕੁ ਦਾਣੇ ਕਿਰਨਗੇ ਹੋ ਜਾਣਗੇ ਹਰੇ

ਵਾਹੇ ਸੁਆਰੇ ਖੇਤ ਵਿਚ ਉੱਗਣਗੇ ਰੋੜ ਕੀ

ਐਵੇਂ ਗੁਆਚੇ ਵਕਤ ਦੀ ਲਿਖਦਾ ਰਹੇਂ ਕਥਾ

ਪੀੜਾਂ ਬਗ਼ੈਰ ਨਿਕਲਣਾ ਇਸ ਦਾ ਨਿਚੋੜ ਕੀ

ਮੇਰੀਆਂ ਸਿਆਣਪਾਂ ’ਚ ਇਜ਼ਾਫਾ ਕਮਾਲ ਦਾ

ਸਿਫ਼ਰਾਂ ’ਚ ਸਿਫ਼ਰ ਜੋੜੀਏ ਬਣਦਾ ਹੈ ਜੋੜ ਕੀ

ਇਸ ਭਟਕਦੇ ਜਨੌਰ ਨੇ ਕੱਟਣੀ ਹੈ ਸਿਰਫ਼ ਰਾਤ

ਖੰਡਰ ਕੀ, ਬੰਗਲਾ ਕੀ, ਕਿਸੇ ਰੁੱਖ ਦੀ ਖੋੜ ਕੀ

6

ਬੜੇ ਚਿਰ ਤੋਂ ਉਦਾਸੇ ਪਾਣੀਆਂ ਵਿਚਕਾਰ ਫਿਰਦੀ ਹੈ

ਮੇਰੇ ਵਿਸ਼ਵਾਸ ਦੀ ਬੇੜੀ, ਬਿਨਾ ਪਤਵਾਰ ਫਿਰਦੀ ਹੈ

ਉਹ ਰਾਤੀਂ ਨੀਂਦ ਅੰਦਰ, ਨਾਂ ਜਦੋਂ ਹੋਰਾਂ ਦੇ ਹੈ ਲੈਂਦਾ

ਤਾਂ ਮੇਰੀਆਂ ਆਂਦਰਾਂ ਉੱਤੇ ਜਿਵੇਂ ਇਕ ਤਾਰ ਫਿਰਦੀ ਹੈ

ਮੇਰੇ ਵਿੱਚੋਂ ਜੋ ਮੈਨੂੰ ਹੀ ਚੁਰਾ ਕੇ ਤੁਰ ਗਿਆ ਕਿਧਰੇ

ਨਜ਼ਰ ਹੁਣ ਓਸ ਨੂੰ ਲੱਭਦੀ, ਦੁਮੇਲੋਂ ਪਾਰ ਫਿਰਦੀ ਹੈ

ਖਰੇ ਕਾਵਾਂ ਨੇ ਦਿੱਤੀ ਹੈ ਕਿਸੇ ਦੇ ਆਉਣ ਦੀ ਕਨਸੋਅ

ਕਿ ਜਿਹੜਾ ਬਾਵਰੀ ਬਿਰਹਣ ਹੋ ਪੱਬਾਂ ਭਾਰ ਫਿਰਦੀ ਹੈ

ਲਿਆਂਦੀ ਚੁੱਲ੍ਹਿਆਂ ਖ਼ਾਤਰ ਉਧਾਰੀ ਚਿਣਗ ਮੈਂ ਜਿਹੜੀ

ਬਦਲ ਕੇ ਰੂਪ ਭਾਂਬੜ ਦਾ, ਉਹ ਮਾਰੋ-ਮਾਰ ਫਿਰਦੀ ਹੈ

ਅਵਾਰਾ ਵੰਝਲੀ ਤੋਂ ਹੁਣ ਛੁਡਾਵਾਂ ਕਿਸ ਤਰ੍ਹਾਂ ਪਿੱਛਾ

ਇਹ ਮੇਰੇ ਨਗਮਿਆਂ ਅੱਗੇ ਬਣੀ ਦੀਵਾਰ ਫਿਰਦੀ ਹੈ

ਚਲੋ ਏਨਾਂ ਹੀ ਚੰਗੈ ਕਿ ਮੇਰੇ ਸੁੰਨਸਾਨ ਵਿਹੜੇ ਵਿਚ,

ਕਰੀ ਸ਼ਿੰਗਾਰ ਸ਼ਿਅਰਾਂ ਦਾ, ਗ਼ਜ਼ਲ ਮੁਟਿਆਰ ਫਿਰਦੀ ਹੈ

7

ਬਹੁਤ ਚਿਰ ਬਾਅਦ ਮਿਲੇ ਪਰ ਨਾ ਬੁਲਾਇਆ ਮੈਨੂੰ

ਹਾਏ ਉਹ ਅੱਜ ਵੀ ਸਮਝਦੇ ਨੇ ਪਰਾਇਆ ਮੈਨੂੰ

ਹਰਫ਼ ਹੋਇਆ ਤਾਂ ਯੁਗਾਂ ਤੀਕ ਰਿਹਾ ਅਣਲਿਖਿਆ

ਗੀਤ ਬਣਿਆ ਤਾਂ ਕਿਸੇ ਨੇ ਵੀ ਨਾ ਗਾਇਆ ਮੈਨੂੰ

ਵੇਖ ਕੇ ਜਿਸ ਦੀਆਂ ਤੇਹਾਂ ਨੂੰ, ਮੈਂ ਬਣਿਆ ਪਾਣੀ

ਉਸ ਨੇ ਹੀ ਬੁੱਲ੍ਹੀਆਂ ਦੇ ਨਾਲ ਨਾ ਲਾਇਆ ਮੈਨੂੰ

ਮੈਂ ਤੇਰੇ ਨਾਲ ਅਵਾਰਾ ਹੀ ਭਟਕਦਾ ਰਹਿਨਾ

ਮੇਰੇ ਪਰਛਾਵੇਂ ਨੇ ਵੀ ਆਖ ਸੁਣਾਇਆ ਮੈਨੂੰ

ਉਮਰ ਕੱਟੀ ਹੈ ਜਿਵੇਂ ਖ਼ਾਹਿਸ਼ਾਂ ਦੀ ਕੈਦ ਅੰਦਰ

ਕਿਉਂ ਕਿਸੇ ਨੇ ਵੀ ਨਹੀਂ ਆ ਕੇ ਛੁਡਾਇਆ ਮੈਨੂੰ

ਐਨ ਰੂਹ ਤੀਕ ਨਗਨ ਹੋ ਗਿਆ ਖ਼ੁਦ ਦੇ ਸਾਹਵੇਂ

‘ਰਾਜ’ ਅਪਣੇ ਹੀ ਬਦਨ ਨੇ ਨਾ ਲੁਕਾਇਆ ਮੈਨੂੰ

8

ਦੁਆਵਾਂ ਦੇ ਉਜਾਲੇ ਨਾਲ ਉੱਜਲ ਹੋ ਗਿਆ ਹਾਂ

ਮੈਂ ਆਪਣੇ ਆਪ ਨੂੰ ਖੋਜਣ ਦੇ ਕਾਬਲ ਹੋ ਗਿਆ ਹਾਂ

ਨਜ਼ਰ ਬਿਹਤਰ ਹੋਈ ਤੇ ਲਕਸ਼ ਥੋੜ੍ਹਾ ਸਾਫ਼ ਹੋਇਐ,

ਹੈਰਾਨੀ ਹੈ ਕਿ ਹੁਣ ਮੈਂ ਆਪ ਓਝਲ ਹੋ ਗਿਆ ਹਾਂ

ਉਹ ਮੈਨੂੰ ਮਹਿਲ ਦੇ ਗੁੰਬਦ ’ਚ ਲਾਉਣਾ ਲੋਚਦੇ ਸੀ,

ਮੈਂ ਚੁੱਪ ਕਰਕੇ ਕਿਸੇ ਝੁੱਗੀ ਦੀ ਸਰਦਲ ਹੋ ਗਿਆ ਹਾਂ

ਪਤਾ ਨਈਂ ਫ਼ੁੱਲ ਕਿਉਂ ਗ਼ਜ਼ਲਾਂ ਸੁਣਾਉਂਦੇ ਪੱਥਰਾਂ ਨੂੰ,

ਇਸ ਅੰਨ੍ਹੀ ਦੌੜ ਦੇ ਵਿਚ ਮੈਂ ਵੀ ਸ਼ਾਮਲ ਹੋ ਗਿਆ ਹਾਂ

ਕਿਸੇ ਦੀ ਭੇਂਟ ਕੀਤੀ ਬੂੰਦ ਵਿਚ ਬਰਕਤ ਹੈ ਕਿੰਨੀ,

ਇਹ ਮੁੱਕਦੀ ਹੀ ਨਹੀਂ, ਜਦ ਕਿ ਮੈਂ ਜਲਥਲ ਹੋ ਗਿਆ ਹਾਂ

ਉਠਾ ਕੇ ਫਿਰ ਧੁਆਂਖੇ ਸ਼ਹਿਰ ਦੀ ਜੂਨੇ ਨਾ ਪਾ ਦਈਂ,

ਮੈਂ ਕੱਚੀ ਨੀਂਦ ਦੇ ਸੁਫ਼ਨੇ ’ਚ ਜੰਗਲ਼ ਹੋ ਗਿਆ ਹਾਂ

ਇਹ ਅੰਦਰਲਾ ਪਸਾਰਾ ਬਾਹਰਲੇ ਨਾਲੋਂ ਵੀ ਵੱਡਾ,

ਸੁੱਤੇ ਸਿਧ ਹੀ ਮੈਂ ਆਪਣੇ ਮਨ ’ਚ ਦਾਖਲ ਹੋ ਗਿਆ ਹਾਂ

9

ਦੇਹਾਂ ਨੂੰ ਛੱਡ ਕੇ ਅੱਖਰਾਂ ਅੰਦਰ ਚਲੇ ਗਏ

ਇਹ ਨਾ ਕਿਹਾ ਕਰੋ ਕਿ ਪੈਗੰਬਰ ਚਲੇ ਗਏ

ਉਨ੍ਹਾਂ ਨੇ ਜਾਣ ਲੱਗਿਆਂ ਛਾਵਾਂ ਵੀ ਵੇਚੀਆਂ

ਲਾਹ ਕੇ ਥਕਾਵਟਾਂ ਜੋ ਮੁਸਾਫ਼ਰ ਚਲੇ ਗਏ

ਕਾਂਵਾਂ ਦੇ ਨਾਲ ਪਿੰਡ ਦਾ ਅਸਮਾਨ ਭਰ ਗਿਆ

ਸਾਡੇ ਬਨੇਰਿਆਂ ਤੋਂ ਕਬੂਤਰ ਚਲੇ ਗਏ

ਜਦ ਉਹ ਖ਼ਰੀਦਦੇ ਸੀ ਤਾਂ ਵਿਕਿਆ ਨਹੀਂ ਸਾਂ ਮੈਂ

ਜਦ ਮੈਂ ਵਿਕਣ ਗਿਆ ਤਾਂ ਸੁਦਾਗਰ ਚਲੇ ਗਏ

ਗਰਦਨ ਉਤਾਰਨੀ ਸੀ ਤਾਂ ਪਹਿਲਾਂ ਉਤਾਰਦੇ

ਹੁਣ ਤਕ ਤਾਂ ਮੇਰੇ ਬੋਲ ਨੇ ਘਰ-ਘਰ ਚਲੇ ਗਏ

ਇਸ ਪਾਟ ਚੁੱਕੀ ਜੇਬ ਵਿਚ ਪਾਉਣਾ ਵੀ ਕੀ ਸੀ ਮੈਂ

ਕੀ ਹੋ ਗਿਆ ਜੇ ਉੱਠ ਕੇ ਰਫ਼ੂਗਰ ਚਲੇ ਗਏ