Headlines

ਗੁਰਦੁਆਰਾ ਸਿੰਘ ਸਭਾ ਨੋਵੇਲਾਰਾ,ਰੇਜੋ ਇਮੀਲੀਆ ਵਿਖੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਵਿਸ਼ੇਸ ਦੀਵਾਨ 

* ਪੰਥ ਪ੍ਰਸਿੱਧ ਢਾਡੀ ਜਵਾਲਾ ਸਿੰਘ ਪਤੰਗਾ ਦੇ ਜਥੇ ਵੱਲੋ ਸੰਗਤਾਂ ਨੂੰ ਢਾਡੀ ਵਾਰਾਂ ਰਾਹੀਂ ਨਿਹਾਲ ਕੀਤਾ *
 ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) ਇਟਲੀ ਦੇ ਸਿੱਖ ਇਤਿਹਾਸ ਵਿੱਚ ਪਹਿਲੇ ਗੁਰਦੁਆਰਾ ਸਾਹਿਬ ਸਿੰਘ ਸਭਾ ਨੋਵੇਲਾਰਾ,ਰੇਜੋ ਇਮੀਲੀਆ ਵੱਲੋਂ ਹਮੇਸ਼ਾ ਹੀ ਸਿੱਖ ਧਰਮ ਦੇ ਮੁੱਖ ਦਿਹਾੜਿਆਂ ਨੂੰ ਸਮਰਪਿਤ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇਸੇ ਹੀ ਲੜੀ ਤਹਿਤ ਚੱਲ ਰਹੇ ਸ਼ਹੀਦੀ ਪੰਦਰਵਾੜੇ ਦੌਰਾਨ ਦਸਮੇਸ਼ ਪਿਤਾ ਜੀ ਦੇ ਚਾਰ ਸਾਹਿਬਜ਼ਾਦਿਆਂ,ਮਾਤਾ ਗੁੱਜਰ ਕੌਰ ਜੀ ਅਤੇ ਸਮੂਹ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਮਾਗਮ ਮਿਤੀ 28 ਦਸੰਬਰ ਨੂੰ ਕਰਵਾਏ ਗਏ। ਸਵੇਰੇ 10.30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਪੰਥ ਪ੍ਰਸਿੱਧ ਢਾਡੀ ਜਥਾ ਗਿਆਨੀ ਜਵਾਲਾ ਸਿੰਘ ਪਤੰਗਾ ਜੀ ਨੇ ਸਿੱਖ ਸੰਗਤਾਂ ਨੂੰ ਸ਼ਹੀਦੀ ਦਿਹਾੜਿਆਂ ਨਾਲ ਢਾਡੀ ਵਾਰਾਂ ਰਾਹੀਂ ਸਨਮੁੱਖ ਕਰਵਾਇਆ। ਗਿਆਨੀ ਜੀ ਦਾ ਸੰਗਤਾਂ ਨੂੰ ਚਲਦੇ ਪ੍ਰਸੰਗ ਨਾਲ ਜੋੜਨ ਦਾ ਇੱਕ ਵੱਖਰਾ ਅੰਦਾਜ਼ ਹੈ,ਜਦੋਂ ਉਹ ਪ੍ਰਸੰਗ ਸੁਣਾਉਦੇ ਹਨ ਤਾਂ ਸਮਾਂ ਸਮਝੋ ਜਿਵੇਂ ਰੁੱਕ ਜਾਂਦਾ ਹੈ। ਸ਼ਹੀਦੀ ਵਾਰਾਂ ਸੁਣਦਿਆਂ ਸੰਗਤਾਂ ਦੀਆਂ ਅੱਖਾਂ ਵਿੱਚ ਵੈਰਾਗ ਦੇ ਹੰਝੂ ਸਨ। ਜੋ ਚਾਰੇ ਸਾਹਿਬਜ਼ਾਦਿਆਂ ਮਾਤਾ ਜੀ ਅਤੇ ਸਮੂਹ ਸ਼ਹੀਦਾਂ ਨੂੰ ਸੱਚੀ ਸ਼ਰਧਾਜਲੀ ਸੀ। ਜ਼ਿਕਰਯੋਗ ਹੈ ਕਿ ਚੱਲ ਰਹੇ ਸ਼ਹੀਦੀ ਪੰਦਰਵਾੜੇ ਦੌਰਾਨ ਨੌਜਵਾਨ ਵੀਰਾਂ ਵੱਲੋਂ ਇਲਾਕਾ ਨਿਵਾਸੀ ਸਾਧ-ਸੰਗਤ ਦੇ ਸਹਿਯੋਗ ਨਾਲ ਰੋਜ਼ਾਨਾ ਸ਼ਾਮ 04.00 ਵਜੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਜਾਂਦੇ ਹਨ। ਪ੍ਰਬੰਧਕ ਕਮੇਟੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕੀ ਢਾਡੀ ਜਥਾ ਪੂਰਾ ਹਫਤਾ ਹੀ ਸੰਗਤਾਂ ਨੂੰ ਸ਼ਾਮ ਦੇ ਦੀਵਾਨਾਂ ਵਿੱਚ ਗੁਰ ਇਤਿਹਾਸ ਸਰਵਣ ਕਾਰਵਾਏਗਾ। ਪ੍ਰਬੰਧਕ ਕਮੇਟੀ ਵੱਲੋਂ ਸਾਰੀ ਇਟਲੀ ਨਿਵਾਸੀ ਸਾਧ-ਸੰਗਤ ਦੇ ਚਰਣਾਂ ਵਿੱਚ ਬੇਨਤੀ ਹੈ ਕਿ 31 ਦਸੰਬਰ ਨੂੰ ਸ਼ਾਮ 04.00 ਵਜੇ ਤੋਂ ਰਾਤ ਦੇ 12.00 ਵਜੇ ਤੱਕ ਵਿਸ਼ੇਸ਼ ਦੀਵਾਨ ਸਜਾਏ ਜਾ ਰਹੇ ਹਨ। ਜਿਹਨਾਂ ਵਿੱਚ ਪੰਥ ਪ੍ਰਸਿੱਧ ਰਾਗੀ ਅਤੇ ਢਾਡੀ ਜਥੇ ਹਾਜ਼ਰੀ ਭਰਨਗੇ। ਤੁਸੀਂ ਵੀ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਗੁਰੂ ਦੇ ਬਖਸ਼ੇ ਭੰਡਾਰਿਆਂ ਵਿੱਚੋਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।