Headlines

ਨਿੱਝਰ ਹੱਤਿਆ ਮਾਮਲੇ ’ਚ ਦੋ ਸ਼ੱਕੀਆਂ ਦੀ ਗ੍ਰਿਫਤਾਰੀ ਕਿਸੇ ਵੇਲੇ ਵੀ ਸੰਭਵ

ਭਾਰਤ ਸਰਕਾਰ ਨੇ ਕਿਸੇ ਵੀ ਜਾਣਕਾਰੀ ਤੋਂ ਅਣਜਾਣਤਾ ਪ੍ਰਗਟਾਈ-

ਵੈਨਕੂਵਰ ( ਦੇ ਪ੍ਰ ਬਿ)–ਕੈਨੇਡੀਅਨ ਪੁਲੀਸ ਜਲਦ ਹੀ  ਕੈਨੇਡੀਅਨ ਨਾਗਰਿਕ ਤੇ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਸ਼ੱਕ ਵਿੱਚ ਦੋ ਸ਼ੱਕੀਆਂ ਨੂੰ ਗ੍ਰਿਫਤਾਰ ਕਰ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਹਾਲੇ ਕੈਨੇਡਾ ਵਿੱਚ ਹੀ ਹਨ। ਸਰੀ ਵਿਚ ਜੂਨ ਮਹੀਨੇ  ਨਿੱਝਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ‘ਦਿ ਗਲੋਬ ਐਂਡ ਮੇਲ ਦੀ ਰਿਪੋਰਟ ਅਨੁਸਾਰ ਪੁਲੀਸ ਫਿਲਹਾਲ ਸ਼ੱਕੀਆਂ ’ਤੇ ਨਜ਼ਰ ਰੱਖ ਰਹੀ ਹੈ ਤੇ ਉਮੀਦ ਹੈ ਕਿ ਕੁਝ ਹਫ਼ਤਿਆਂ ਦੇ ਅੰਦਰ ਉਨ੍ਹਾਂ ਨੂੰ ਫੜ ਲਿਆ ਜਾਵੇਗਾ। ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਨਿੱਝਰ ਦੇ ਕਤਲ ਤੋਂ ਬਾਅਦ ਦੋਵੇਂ ਸ਼ੱਕੀ ਕਾਤਲ ਕੈਨੇਡਾ ਛੱਡ ਕੇ ਨਹੀਂ ਗਏ ਅਤੇ ਪੁਲੀਸ ਕਈ ਮਹੀਨਿਆਂ ਤੋਂ ਉਨ੍ਹਾਂ ‘ਤੇ ਨਜ਼ਰ ਰੱਖ ਰਹੀ ਹੈ। ਸਤੰਬਰ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 18 ਜੂਨ ਨੂੰ ਸਰੀ ਸ਼ਹਿਰ ਵਿੱਚ ਗੁਰਦੁਆਰੇ ਦੇ ਬਾਹਰ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ (45) ਦੀ ਹੱਤਿਆ ਵਿੱਚ ਭਾਰਤੀ ਏਜੰਟਾਂ ਦੀ ਸੰਭਾਵਿਤ ਸ਼ਮੂਲੀਅਤ ਦਾ ਦੋਸ਼ ਲਗਾਇਆ ਸੀ। ਇਸ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵੱਧ ਗਿਆ ਸੀ।

ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸ਼ੱਕੀ ਕਾਤਲਾਂ ਨੂੰ ਫੜੇ ਜਾਣ ਦੀ ਸੰਭਾਵਨਾ  ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਅਣਜਾਣਤਾ ਪ੍ਰਗਟਾਈ ਹੈ। ਭਾਵੇਂਕਿ ਭਾਰਤ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿਚ ਕਿਸੇ ਭਾਰਤੀ ਹੱਥ ਹੋਣ ਦੇ ਦੋਸ਼ਾਂ ਦਾ ਖੰਡਨ ਕਰਦਾ ਆ ਰਿਹਾ ਹੈ ਪਰ ਇਹ ਪਹਿਲੀ ਵਾਰ ਹੈ ਕਿ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਨੇ ਅਮਰੀਕਾ ਵਿਚ ਖਾਲਿਸਤਾਨੀ ਆਗੂ ਗੁਰਪਤਵੰਤ ਸਿੰਘ ਪੰਨੂੰ ਨੂੰ ਮਾਰਨ ਦੀ ਇਕ ਸਾਜਿਸ਼ ਵਿਚ ਭਾਰਤੀ ਏਜੰਟ ਨਖਿਲ ਗੁਪਤਾ ਦੀ ਭੂਮਿਕਾ ਬਾਰੇ ਪੁੱਛੇ ਜਾਣ ਤੇ ਕਿਹਾ ਹੈ ਕਿ ਭਾਰਤ ਅਮਰੀਕਾ ਨਾਲ ਕਿਸੇ ਵੀ ਅਜਿਹੀ ਜਾਂਚ ਵਿਚ ਸਹਿਯੋਗ ਲਈ ਤਿਆਰ ਹੈ। ਉਹਨਾਂ ਇਹ ਵੀ ਕਿਹਾ ਕਿ ਅਗਰ ਕੋਈ ਭਾਰਤੀ ਸ਼ਹਿਰੀ ਵਿਦੇਸ਼ ਵਿਚ ਕਿਸੇ ਚੰਗੀ ਮਾੜੀ ਘਟਨਾ ਦਾ ਹਿੱਸਾ ਬਣਦਾ ਹੈ, ਤਾਂ ਉਸਦੀ ਜਾਂਚ ਕਰਵਾਈ ਜਾਵੇਗੀ ਕਿਉਂਕਿ ਭਾਰਤ ਕਨੂੰਨ ਦੇ ਸ਼ਾਸਨ ਵਿਚ ਵਿਸ਼ਵਾਸ ਰੱਖਦਾ ਹੈ।

ਅਮਰੀਕਾ ਵਲੋਂ ਉਸਦੀ ਧਰਤੀ ਉਪਰ ਕਿਸੇ ਵਿਦੇਸ਼ੀ ਵਲੋਂ ਸਾਜਿਸ਼ ਰਚੇ ਜਾਣ ਦੀ ਜਾਂਚ ਲਈ ਭਾਰਤ ਉਪਰ ਦਬਾਅ ਪਾਏ ਜਾਣ ਉਪਰੰਤ ਕੈਨੇਡਾ ਨੂੰ ਵੀ ਆਪਣੇ ਦੋਸ਼ਾਂ ਨੂੰ ਸਹੀ ਠਹਿਰਾਉਣ ਲਈ ਬਲ ਮਿਲਿਆ ਹੈ। ਕੈਨੇਡੀਅਨ ਸੁਰੱਖਿਆ ਏਜੰਸੀਆਂ ਨੇ ਆਪਣੀ ਜਾਂਚ ਵਿਚ ਤੇਜ਼ੀ ਲਿਆਂਦੀ ਹੈ। ਇਸਤੋਂ ਪਹਿਲਾਂ ਹਰਦੀਪ ਸਿੰਘ ਨਿੱਝਰ ਹੱਤਿਆ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਪਾਰਟੀ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਸ਼ੱਕੀ ਕਾਤਲਾਂ ਵਲੋਂ ਵਰਤੀ ਗਈ ਕਾਰ ਦੀਆਂ ਤਸਵੀਰਾਂ ਜਾਰੀ ਕੀਤੀਆਂ ਸਨ।