Headlines

ਨਿਹੰਗ ਸਿੰਘ ਦਲਾਂ ਨੇ ਖਾਲਸਾਈ ਜਾਹੋ ਜਲਾਲ ਨਾਲ ਮਹੱਲਾ ਕੱਢਿਆ

ਫਤਹਿਗੜ੍ਹ ਸਾਹਿਬ, 29 ਦਸੰਬਰ – ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੀ ਲਸਾਨੀ, ਅਨੋਖੀ ਤੇ ਅਦੁਤੀ ਸ਼ਹਾਦਤ ਅਤੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਵਲੋਂ ਬੁੱਢਾ ਦਲ ਨੂੰ ਬਖਸ਼ਿਸ਼ ਨਿਸ਼ਾਨ ਸਾਹਿਬ ਤੇ ਨਿਗਾਰਿਆਂ ਦੀ ਛਤਰ ਛਾਇਆ ਹੇਠ ਗੁਰਦੁਆਰਾ ਬਿਬਾਨਗੜ੍ਹ ਛਾਉਣੀ ਬੁੱਢਾ ਦਲ ਤੋਂ ਮਹੱਲੇ ਦੀ ਆਰੰਭਤਾ ਹੋਈ।ਇਸ ਤੋਂ ਪਹਿਲਾਂ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਵਿਖੇ ਆਖੰਡ ਪਾਠਾਂ ਦੇ ਭੋਗ ਨਿਹੰਗ ਸਿੰਘਾਂ ਦੀ ਚਲੀ ਆਉਂਦੀ ਮਰਿਯਾਦਾ ਅਨੁਸਾਰ ਪਾਏ ਗਏ। ਇਸ ਸਮੇਂ ਵਿਸ਼ੇਸ਼ ਤੌਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਂਵਾਲ ਨਤਮਸਤਕ ਹੋਣ ਲਈ ਪੁਜੇ। ਬੁੱਢਾ ਦਲ ਦੇ ਹੈੱਡ ਗ੍ਰੰਥੀ ਬਾਬਾ ਮੱਘਰ ਸਿੰਘ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ।ਇਸ ਵਕਤ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸੰਬੋਧਨ ਕਰਦਿਆਂ ਦਸਮ ਪਿਤਾ ਦੇ ਪਰਿਵਾਰ ਦੀ ਅਨੋਖੀ ਅਦੁਤੀ ਸ਼ਹਾਦਤ ਸਬੰਧੀ ਦਰਦ ਭਾਵਨਾ ਵਿੱਚ ਸੰਗਤਾਂ ਨਾਲ ਸਾਂਝ ਪਾਈ। ਉਨ੍ਹਾਂ ਕਿਹਾ ਕਿ ਫਤਹਿਗੜ੍ਹ ਸਾਹਿਬ ਦੀ ਧਰਤੀ ਤੇ ਦਸਮੇਸ਼ ਪਿਤਾ ਦੇ ਸਰਬੰਸਦਾਨ ਦੇ ਸੰਕਲਪ ਦੀ ਸੰਪੂਰਨਤਾ ਹੋਈ ਹੈ ਅਤੇ ਜਬਰ ਦੇ ਸਿਖ਼ਰ ਨੇ ਜ਼ੁਲਮੀ ਰਾਜ ਦੇ ਖਾਤਮੇ ਦਾ ਮੁੱਢ ਵੀ ਇਸ ਧਰਤੀ ਤੇ ਬੰਨ੍ਹਿਆ ਸੀ।ਇਤਿਹਾਸ ਦੀ ਇਸ ਮਹਾਨ ਘਟਨਾ ਨੇ ਸਿੱਖ ਇਤਿਹਾਸ ਨੂੰ ਇਨਕਲਾਬੀ ਮੋੜ ਦੇਣ ਦੀ ਬੁਨਿਆਦ ਬੰਨੀ।ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਇਸ ਧਰਤੀ ਨੂੰ ਸਿਜਦਾ ਕਰਨ ਸਮੇਂ, ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ, ਹਰ ਸ਼ਰਧਾਲੂ ਦੇ ਮਨ `ਚ ਸਰਬੰਸਦਾਨੀ ਦੀ ਇਸ ਮਹਾਨ ਦੇਣ ਦਾ  ਦੇਣਾ ਕੌਣ ਦੇ ਸਕਦਾ ਹੈ ਸੁਵਾਲ ਸੁੱਤੇ ਸਿੱਧ ਇੱਕ ਵਾਰ ਜ਼ਰੂਰ ਉੱਠਦਾ ਹੈ, ਉਨ੍ਹਾਂ ਕਿਹਾ ਸਿੱਖੀ ਦੇ ਮਹਾਨ ਵਿਰਸੇ ਦੇ ਵਾਰਿਸ ਹੋਣ ਦਾ ਅਸੀਂ ਮਾਣ ਤਾਂ ਮਹਿਸੂਸ ਕਰਦੇ ਹਾਂ, ਪੰ੍ਰਤੂ ਉਸ ਵਿਰਸੇ ਦੀ ਸ਼ਾਨ ਨੂੰ ਬਣਾਈ ਰੱਖਣ ਲਈ ਆਪਣੇ ਯੋਗਦਾਨ ਨੂੰ ਭੁੱਲੀ ਵਿਸਰੀ ਬੈਠੇ ਹਾਂ। ਉਨ੍ਹਾਂ ਕਿਹਾ ਕਿ ਕਲਗੀਆਂ ਵਾਲੇ ਦੀ ਦੇਣ ਦਾ ਕਰਜ਼, ਸਾਡੇ ਸਾਰਿਆਂ ਦੇ ਜ਼ਿੰਮੇ ਹੈ।ਸਾਹਿਬਜ਼ਾਦਿਆਂ ਦੀ “ਮਾਸੂਮ ਸ਼ਹਾਦਤ” ਸਾਨੂੰ ਰੱਬ ਦੇ ਨੇੜੇ ਲੈ ਕੇ ਜਾਂਦੀ ਹੈ।ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਸੰਘਰਸ਼ ਪੂਰਨ ਅਤੇ ਸ਼ਾਨਾਮਤਾ ਹੈ।ਹਰ ਸਿੱਖ ਨੂੰ ਹਰ ਸਮੇ ਚੜਦੀ ਕਲਾ ‘ਚ ਰਹਿੰਦਿਆ ਕੌਮ ਦੀ ਬੇਹਤਰੀ ਲਈ ਤੱਤਪਰ ਰਹਿਣਾ ਚਾਹੀਦਾ ਹੈ।

ਗੁਰਦੁਆਰਾ ਬਿਬਾਨਗੜ੍ਹ ਸਾਹਿਬ ਤੋਂ ਨਿਹੰਗ ਸਿੰਘਾਂ ਦਾ ਇੱਕ ਵਿਸ਼ਾਲ ਕਾਫਲਾ ਹਾਥੀਆਂ, ਊਠਾਂ, ਘੋੜਿਆਂ, ਗੱਡੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੈਦਲ ਯਾਤਰਾ ਕਰਦੇ ਨਿਹੰਗ ਸਿੰਘ ਗੁਰੂ ਦੀਆਂ ਲਾਡਲੀਆਂ ਫੌਜਾਂ ਦਾ ਮਹੱਲਾ ਆਰੰਭ ਹੋ ਕੇ ਗੁਰਦੁਆਰਾ ਠੰਢਾ ਬੁਰਜ਼,  ਗੁਰਦੁਆਰਾ ਫਤਹਿਗੜ੍ਹ ਸਾਹਿਬ, ਨਿਸ਼ਾਨ ਕਿਲ੍ਹਾ(ਥੇਹ) ਬਾਬਾ ਬੰਦਾ ਸਿੰਘ ਬਹਾਦਰ, ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ, ਗੁਰਦੁਆਰਾ ਸ਼ਹੀਦ ਸਿੰਘਾਂ ਅਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਕਾਲਜ ਦੇ ਖੁਲੇ੍ਹ ਮੈਦਾਨ ਵਿੱਚ ਵਾਜਿਆਂ, ਗਾਜਿਆਂ ਸਮੇਤ ਪੁੱਜਾ।ਮਹੱਲੇ ਵਿੱਚ ਨਿਹੰਗ ਦਲਾਂ ਦੇ ਮੁਖੀ ਤੇ ਵੱਡੀ ਗਿਣਤੀ ਵਿੱਚ ਨਿਹੰਗ ਸਿੰਘ ਫੌਜਾਂ ਨੇ ਸੁੰਦਰ ਦੁਮਾਲਿਆਂ ਤੇ ਚੱਕ੍ਰ, ਖੰਡੇ, ਚੰਦ, ਗੁਰਜ, ਸ਼ਿੰਗਾਰ, ਬਾਗ ਨਖਾ ਸਜਾਈ, ਛੋਟੀਆਂ ਵੱਡੀਆਂ ਕਿਰਪਾਨਾਂ ਪਹਿਨੀ, ਤੇ ਲੱਕ ਪਿਛੇ ਢਾਲਾਂ ਸਜਾਏ ਹੱਥਾਂ ਵਿੱਚ ਨੇਜੇ, ਖੰਡੇ ਫੜੀ, ਨੀਲਿਆਂ ਕੇਸਰੀ ਬਾਣਿਆਂ ਵਿਚ ਤਿਆਰ ਬਰਤਿਆਰ ਸ਼ਸਤਰਧਾਰੀ ਹੋ ਕੇ ਜੰਗੀ ਮਾਹੌਲ ਦਾ ਦ੍ਰਿਸ਼ ਪੇਸ਼ ਕਰ ਰਹੇ ਸਨ।ਬੈਡਵਾਜਿਆਂ ਦੀਆਂ ਸੁੰਦਰ ਧੁੰਨਾਂ ਢੋਲ ਨਗਾਰਿਆਂ ਦੀਆਂ ਚੋਟਾਂ ਤੇ ਨਰਸਿੰਙੇ ਵਜਾਉਂਦੇ ਨਿਹੰਗ ਸਿੰਘਾਂ ਨੂੰ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਹਾਜ਼ਰ ਹੋਏ।ਉਪਰੰਤ ਘੋੜ ਦੋੜਾਂ ਹੋਈਆਂ।ਨਿਹੰਗ ਸਿੰਘ ਇੱਕ ਤੋਂ ਦੋ, ਦੋ ਤੋਂ ਚਾਰ ਅਤੇ ਚਾਰ ਤੋਂ ਛੇ, ਛੇ ਘੋੜਿਆਂ ਤੇ ਖਲੋ ਕੇ ਨਿਹੰਗ ਸਿੰਘਾਂ ਨੇ ਘੋੜਿਆਂ ਨੂੰ ਦੌੜਾਇਆ ਅਤੇ ਵੱਧ ਤੋਂ ਵੱਧ ਕਿੱਲੇ ਪੁੱਟ ਕੇ ਇਨਾਮ ਪ੍ਰਾਪਤ ਕੀਤੇ।ਗੱਤਕੇ ਦੇ ਖੁਲੇ ਪਰਦਰਸ਼ਨ ਰਾਹੀਂ ਨਿਹੰਗ ਸਿੰਘਾਂ ਨੇ ਗਤਕੇ ਦੇ ਜੋਹਰ ਵਿਖਾਏ। ਮਹੱਲੇ ਵਿੱਚ ਨਿਹੰਗ ਦਲਾਂ ਦੇ ਮੁਖੀ ਤੇ ਵੱਡੀ ਗਿਣਤੀ ਵਿੱਚ ਨਿਹੰਗ ਸਿੰਘਾਂ ਨੇ ਤਿਆਰ ਬਰਤਿਆਰ ਸ਼ਸਤਰਧਾਰੀ ਹੋ ਕੇ ਸ਼ਮੂਲੀਅਤ ਕੀਤੀ।

ਇਸ ਸਮੇਂ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96ਵੇਂ ਕਰੋੜੀ ਪੰਜਵਾਂ ਤਖ਼ਤ, ਤੋਂ ਇਲਾਵਾ ਜਥੇਦਾਰ ਬਾਬਾ ਨਿਹਾਲ ਸਿੰਘ ਮੁਖੀ ਤਰਨਾ ਦਲ ਹਰੀਆਂ ਵੇਲਾਂ ਹੁਸ਼ਿਆਰਪੁਰ ਵੱਲੋਂ ਦਲ ਪੰਥ ਸਮੇਤ ਬਾਬਾ ਨਾਗਰ ਸਿੰਘ, ਬਾਬਾ ਨੌਰੰਗ ਸਿੰਘ, ਬਾਬਾ ਤਾਰਾ ਸਿੰਘ ਝਾੜ ਸਾਹਿਬ ਵਾਲੇ, ਬਾਬਾ ਗੁਰਨਾਮ ਸਿੰਘ ਖਾਪੜਖੇੜੀ, ਬਾਬਾ ਰਾਜਾ ਰਾਮ ਸਿੰਘ, ਬਾਬਾ ਰਘੁਬੀਰ ਸਿੰਘ ਖਿਆਲੇ ਵਾਲੇ, ਬਾਬਾ ਮੇਜਰ ਸਿੰਘ ਮੁਖੀ ਦਸ਼ਮੇਸ਼ ਤਰਨਾ ਦਲ, ਬਾਬਾ ਬਲਵਿੰਦਰ ਸਿੰਘ ਤਰਨਾਦਲ ਮਹਿਤਾ ਚੌਂਕ, ਬਾਬਾ ਮਨਮੋਹਨ ਸਿੰਘ ਬਾਰਨਵਾਲੇ, ਬਾਬਾ ਵੱਸਣ ਸਿੰਘ, ਬਾਬਾ ਬਘੇਲ ਸਿੰਘ, ਭਾਈ ਮਾਨ ਸਿੰਘ ਤਲਵੰਡੀ ਸਾਬੋ, ਬਾਬਾ ਗੁਰਸ਼ੇਰ ਸਿੰਘ, ਬਾਬਾ ਗੁਰਪਿੰਦਰ ਸਿੰਘ ਵਡਾਲਾ ਸਤਲਾਣੀ ਸਾਹਿਬ ਵਾਲੇ, ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ, ਬਾਬਾ ਪਿਆਰਾ ਸਿੰਘ, ਬਾਬਾ ਜੋਗਾ ਸਿੰਘ ਕਰਨਾਲ ਵਾਲੇ, ਬਾਬਾ ਰਣਜੋਧ ਸਿੰਘ, ਬਾਬਾ ਰਘੁਬੀਰ ਸਿੰਘ ਤੇ ਬਾਬਾ ਧੰਨਾ ਸਿੰਘ ਖਿਆਲਾ, ਬਾਬਾ ਬਲਵਿੰਦਰ ਸਿੰਘ ਮਹਿਤਾ ਚੌਂਕ, ਭਾਈ ਸੁਖਜੀਤ ਸਿੰਘ ਕਨੱਈਆ, ਬਾਬਾ ਬਲਦੇਵ ਸਿੰਘ ਮੁਸਤਰਾਬਾਦ, ਬਾਬਾ ਪ੍ਰਗਟ ਸਿੰਘ ਮਜੀਠਾ ਰੋਡ, ਬਾਬਾ ਢੂੰਡਾ ਸਿੰਘ ਮਿਸ਼ਲ ਭਾਈ ਬਚਿੱਤਰ ਸਿੰਘ, ਬਾਬਾ ਕੁਲਵਿੰਦਰ ਸਿੰਘ ਤਰਨਾ ਦਲ ਚਮਕੌਰ ਸਾਹਿਬ, ਬਾਬਾ ਛਿੰਦਾ ਸਿੰਘ ਭਿੰਖੀਵਿੰਡ, ਬਾਬਾ ਜੱਸਾ ਸਿੰਘ ਤਲਵੰਡੀ ਸਾਬੋ, ਬਾਬਾ ਸੁਖਵਿੰਦਰ ਸਿੰਘ ਮੌਰ, ਬਾਬਾ ਦਵਿੰਦਰ ਸਿੰਘ ਮੋਇਆ ਦੀ ਮੰਡੀ, ਬਾਬਾ ਖੜਕ ਸਿੰਘ ਲੁਧਿਆਣਾ ਬਾਬਾ ਸਰਵਣ ਸਿੰਘ ਮਝੈਲ ਰਾਜਪੁਰਾ, ਬਾਬਾ ਇੰਦਰ ਸਿੰਘ ਘੋੜਿਆਂ ਵਾਲੇ, ਬਾਬਾ ਵਿਸ਼ਵ ਪ੍ਰਤਾਪ ਸਿੰਘ ਸਮਾਣਾ, ਬਾਬਾ ਜੋਗਾ ਸਿੰਘ ਹਨੂੰਮਾਨਗੜ੍ਹ, ਬਾਬਾ ਬੂਟਾ ਸਿੰਘ ਲੰਬਵਾਲੀ, ਬਾਬਾ ਗੁਰਵਿੰਦਰ ਸਿੰਘ ਚੌਂਤਾ ਵਾਲੇ, ਬਾਬਾ ਗੋਰਾ ਸਿੰਘ ਕੋਪਾਲਮੋਚਨ,  ਬਾਬਾ ਚਰਨ ਸਿੰਘ ਬਿਬਾਨਗੜ੍ਹ, ਬਾਬਾ ਬਲਦੇਵ ਸਿੰਘ ਤਰਨਾ ਦਲ ਵੱਲਾ, ਬਾਬਾ ਪਰਮਜੀਤ ਸਿੰਘ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਭਗਤ ਸਿੰਘ ਬਹਾਦਰਗੜ੍ਹ ਪਟਿਆਲਾ, ਸ. ਪਰਮਜੀਤ ਸਿੰਘ ਬਾਜਵਾ ਮੈਨੇਜ਼ਰ, ਬਾਬਾ ਮਹਿਤਾਬ ਸਿੰਘ, ਬਾਬਾ ਲੱਖਾ ਸਿੰਘ ਬਠਿੰਡਾ ਆਦਿ ਹਾਜ਼ਰ ਸਨ।

ਫੋਟੋ ਕੈਸ਼ਨ:- 1. ਗੁ: ਬਿਬਾਨਗੜ੍ਹ ਸਾਹਿਬ ਤੋਂ ਮਹੱਲਾ ਦੀ ਅਰੰਭਤਾ ਸਮੇਂ।

  1. ਸਟੇਡੀਅਮ ਵਿਖੇ ਮਹੱਲਾ ਖੇਡਣ ਸਮੇਂ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨਾਲ ਨਿਹੰਗ ਸਿੰਘ ਫੌਜਾਂ।