Headlines

ਨਵੇਂ ਸਾਲ 2024 ਮੌਕੇ ਸੰਗਤਾਂ ਨੇ ਗੁਰੂ ਘਰਾਂ ਵਿਚ ਮੱਥਾ ਟੇਕਿਆ

ਐਬਸਫੋਰਡ- ਅੱਜ ਨਵੇਂ ਸਾਲ 2024 ਦੀ ਆਮਦ ਨੂੰ ਜੀ ਆਇਆਂ ਕਹਿੰਦਿਆਂ ਭਾਰੀ ਗਿਣਤੀ ਵਿਚ ਸਿੱਖ ਸੰਗਤਾਂ ਨੇ ਗੁਰੂ ਘਰਾਂ ਵਿਚ ਜਾਕੇ ਮੱਥਾ ਟੇਕਿਆ ਤੇ ਤੰਦਰੁਸਤੀ, ਖੁਸ਼ਹਾਲੀ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਗੁਰੂ ਘਰਾਂ ਵਿਚ ਸਵੇਰ ਤੋਂ ਹੀ ਮੱਥਾ ਟੇਕਣ ਵਾਲੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ। ਗੁਰੂ ਘਰਾਂ ਦੇ ਪ੍ਰਬੰਧਕਾਂ ਵਲੋਂ ਇਸ ਮੌਕੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ ਤੇ ਸਾਰਾ ਦਿਨ ਕੀਰਤਨ ਅਤੇ ਢਾਡੀ ਜਥਿਆਂ ਦੇ ਦੀਵਾਨ ਸਜਾਏ ਗਏ। ਸਾਰਾ ਦਿਨ ਚਾਹ ਪਕੌੜਿਆਂ ਤੇ ਗੁਰੂ ਕੇ ਲੰਗਰ ਚਲਦੇ ਰਹੇ।

ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਵਿਖੇ ਵਿਸ਼ੇਸ਼ ਦੀਵਾਨ-

ਨਵੇਂ ਸਾਲ ਮੌਕੇ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਵਿਖੇ ਰਾਗੀ ਤੇ ਢਾਡੀ ਸਿੰਘਾਂ ਦੇ ਵਿਸ਼ੇਸ਼ ਦੀਵਾਨ ਸਜਾਏ ਗਏ। ਭਾਈ ਇੰਦਰਜੀਤ ਸਿੰਘ ਅਣਖੀ, ਭਾਈ ਮਨਪ੍ਰੀਤ ਸਿੰਘ ਅਕਾਲਗੜ, ਭਾਈ ਸ਼ੇਰ ਸਿੰਘ ਦੇ ਜਥਿਆਂ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ। ਇਸ ਮੌਕੇ ਖਾਲਸਾ ਦੀਵਾਨ ਸੁਸਾਇਟੀ ਵਿਖੇ ਕੀਰਤਨ ਅਤੇ ਸ਼ਬਦ ਗਾਇਨ ਕਲਾਸਾਂ ਵਿਚ ਸਿਖਿਆ ਲੈਣ ਵਾਲੇ ਬੱਚਿਆਂ ਵਲੋਂ ਵੀ ਕੀਰਤਨ ਕੀਤਾ ਗਿਆ ਜਿਹਨਾਂ ਦਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਿੰਦਰ ਸਿੰਘ ਗਿੱਲ ਤੇ ਹੋਰ ਪ੍ਰਬੰਧਕਾਂ ਵਲੋਂ ਮੈਡਲਾਂ ਨਾਲ ਸਨਮਾਨ ਕੀਤਾ ਗਿਆ।