ਸਰੀ -ਨਵੇਂ ਸਾਲ ਮੌਕੇ ਸਾਊਥ ਸਰੀ ਵਿੱਚ ਇਕ ਘਰ ਵਿੱਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ ਚਾਰ ਹੋਰ ਜ਼ਖ਼ਮੀ ਹੋ ਗਏ।
ਪੁਲਿਸ ਅਨੁਸਾਰ 26 ਐਵੇਨਿਊ ਦੇ 14300 ਬਲਾਕ ਵਿੱਚ ਇੱਕ ਘਰ ਨੂੰ ਅਚਾਨਕ ਅੱਗ ਲੱਗਣ ਬਾਰੇ ਸੂਚਿਤ ਕੀਤਾ ਗਿਆ। ਇਸ ਦੌਰਾਨ ਚਾਰ ਵਿਅਕਤੀ ਅੱਗ ਨਾਲ ਘਿਰੇ ਘਰ ਚੋਂ ਨਿਕਲਣ ਵਿਚ ਕਾਮਯਾਬ ਰਹੇ ਜਦੋਂਕਿ ਇੱਕ ਪੰਜਵਾਂ ਵਿਅਕਤੀ ਘਰ ਦੇ ਅੰਦਰ ਮ੍ਰਿਤਕ ਪਾਇਆ ਗਿਆ ।
ਪੁਲਿਸ ਨੂੰ ਸਵੇਰੇ 6:45 ਵਜੇ ਦੇ ਕਰੀਬ ਘਟਨਾ ਵਾਲੀ ਥਾਂ ‘ਤੇ ਬੁਲਾਇਆ ਗਿਆ। ਅੱਗ ਬੁਝਾਊ ਅਮਲੇ ਦੁਆਰਾ ਮੁਸ਼ਕਿਲ ਨਾਲ ਅੱਗ ਨੂੰ ਕਾਬੂ ਕੀਤਾ ਗਿਆ । ਅਗਜ਼ਨੀ ਦੀ ਇਸ ਘਟਨਾ ਦੀ
ਜਾਂਚ ਸ਼ੁਰੂਆਤੀ ਪੜਾਅ ਵਿੱਚ ਹੈ। ਪੁਲਿਸ ਅਧਿਕਾਰੀ, ਸਰੀ ਫਾਇਰ ਮੁਲਾਜ਼ਮਾਂ ਨਾਲ ਮਿਲਕੇ ਅੱਗ ਦੇ ਸਹੀ ਕਾਰਨਾਂ ਦਾ ਪਤਾ ਲਗਾ ਰਹੇ ਹਨ।