Headlines

ਕੈਲਗਰੀ ਦੇ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਵਿੱਚ ਦੋ ਧੜਿਆਂ ਚ ਲੜਾਈ-ਕਈ ਜ਼ਖਮੀ

ਕੈਲਗਰੀ ( ਦੇ ਪ੍ਰ ਬਿ)-ਕੈਲਗਰੀ ਦੇ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਵਿਖੇ ਐਤਵਾਰ ਦੀ ਸ਼ਾਮ ਨੂੰ  ਦੋ ਧੜਿਆਂ ਵਿਚਾਲੇ ਹੱਥੋਪਾਈ ਤੇ ਲੜਾਈ ਹੋਣ ਦੀ ਖਬਰ ਹੈ। ਇਹ ਲੜਾਈ ਸ਼ਾਮ 7.45 ਵਜੇ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਹੋਈ ਜਿਸ ਦੌਰਾਨ ਘੱਟੋ ਘੱਟ ਚਾਰ ਵਿਅਕਤੀਆਂ ਦੇ ਜ਼ਖਮੀ ਹੋਣ ਤੇ ਕਈ ਹੋਰਾਂ ਦੇ ਗੁੱਝੀਆਂ ਸੱਟਾਂ ਵੱਜੀਆਂ। ਇਸ ਮੌਕੇ ਪੁਲਿਸ ਨੂੰ ਬੁਲਾਇਆ ਗਿਆ। ਪੁਲਿਸ ਵਲੋਂ ਕਿਸੇ ਦੇ ਖਿਲਾਫ ਕੋਈ ਕੇਸ ਦਰਜ ਕੀਤਾ ਗਿਆ ਹੈ ਜਾਂ ਨਹੀ, ਇਸ ਸਬੰਧੀ ਕੋਈ ਜਾਣਕਾਰੀ ਨਹੀ ਦਿੱਤੀ ਗਈ।  ।

ਜਿਕਰਯੋਗ ਹੈ ਕਿ ਕੁਝ ਸਿੱਖ ਨੌਜਵਾਨਾਂ ਵਲੋਂ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਅਹੁਦੇਦਾਰਾਂ ਉਪਰ ਸ਼ਰਾਬ ਪੀਣ ਤੇ ਸ਼ਰਾਬ ਦਾ ਕਾਰੋਬਾਰ ਕਰਨ ਦੇ ਦੋਸ਼ ਲਗਾਉਂਦਿਆਂ ਪਿਛਲੀ 24 ਦਸੰਬਰ ਤੋ ਗੁਰਦੁਆਰਾ ਸਾਹਿਬ ਦੇ ਬਾਹਰ ਧਰਨਾ ਲਗਾਇਆ ਜਾ ਰਿਹਾ ਸੀ। ਵਿਖਾਵਾਕਾਰੀਆਂ ਦੇ ਇਕ ਆਗੂ ਗੁਰਪ੍ਰਤਾਪ ਸਿੰਘ ਬੈਦਵਾਨ ਦਾ ਕਹਿਣਾ ਹੈ ਕਿ ਉਹ ਪਿਛਲੇ 15 ਦਿਨਾਂ ਤੋਂ ਅਤਿ ਦੀ ਸਰਦੀ ਵਿਚ ਧਰਨਾ  ਲਗਾ ਕੇ ਬੈਠੇ ਹਨ ਪਰ ਕਮੇਟੀ ਦੇ ਕਿਸੇ ਮੈਂਬਰ ਜਾਂ ਅਹੁਦੇਦਾਰ ਨੇ ਉਹਨਾਂ ਤੱਕ ਪਹੁੰਚ ਕਰਨ ਦਾ ਯਤਨ ਨਹੀ ਕੀਤੀ। ਲਗਾਤਾਰ ਧਰਨੇ ਦੌਰਾਨ ਗੁਰਦੁਆਰਾ ਸਾਹਿਬ ਵਿਚ ਪਹਿਲਾਂ ਵੀ ਤਿੰਨ ਵਾਰ ਪੁਲਿਸ ਨੂੰ ਬੁਲਾਇਆ ਜਾ ਚੁੱਕਾ ਹੈ ਪਰ ਤਾਜ਼ਾ ਘਟਨਾ ਵਿਚ ਧਰਨਾਕਾਰੀ ਗੁਰਦੁਆਰਾ ਸਾਹਿਬ ਦੇ ਅੰਦਰ ਚਲੇ ਗਏ ਤੇ ਉਹਨਾਂ ਦਾ ਪ੍ਰਬੰਧਕਾਂ ਨਾਲ ਬਹਿਸਬਾਜ਼ੀ ਉਪਰੰਤ ਗੱਲ ਹੱਥਪਾਈ ਤੇ ਪੁੱਜ ਗਈ।  ਦੋਨੋ ਧੜੇ ਆਪਣੀ ਥਾਂ ‘ਤੇ ਅੜੇ ਹੋਏ ਹਨ। ਕਮੇਟੀ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਿਸੇ ਨੂੰ ਕੱਢਿਆ ਨਹੀ ਜਾ ਸਕਦਾ। ਜਨਰਲ ਬਾਡੀ ਮੀਟਿੰਗ ਵਿੱਚ ਸੰਗਤ ਫੈਸਲਾ ਕਰ ਲਵੇ। ਪਰ ਵਿਰੋਧੀ ਧੜਾ ਇਹ ਮੰਨਣ ਲਈ ਤਿਆਰ ਨਹੀਂ ਅਤੇ ਉਨ੍ਹਾਂ ਅਨੁਸਾਰ ਉਹਨਾਂ ਦਾ ਮੋਰਚਾ ਉਦੋ ਤੱਕ ਜਾਰੀ ਰਹੇਗਾ ਜਦ ਤੱਕ ਸਬੰਧਿਤ  ਮੈਂਬਰ ਕਮੇਟੀ ਚੋ ਖਾਰਜ ਨਹੀ ਕੀਤੇ ਜਾਂਦੇ।