Headlines

ਲੋਅਰ ਮੇਨਲੈਂਡ ਵਿਚ ਜਬਰੀ ਵਸੂਲੀ ਤੇ ਹੋਰ ਘਟਨਾਵਾਂ ਦੇ ਠੋਸ ਨਤੀਜੇ ਦੇਵਾਂਗੇ- ਸਰੀ ਆਰ ਸੀ ਐਮ ਪੀ ਚੀਫ ਬਰਾਇਨ ਐਡਵਰਡ

ਲੋਕਾਂ ਨੂੰ ਪੁਲਿਸ ਫੋਰਸ ਵਿਚ ਯਕੀਨ ਰੱਖਣ ਦਾ ਸੱਦਾ- ਸਰੀ ਵਿਚ ਬਿਜਨੈਸ ਭਾਈਚਾਰੇ ਵਲੋਂ ਵਿਸ਼ਾਲ ਇਕਤਰਤਾ-

ਸਰੀ ( ਦੇ ਪ੍ਰ ਬਿ)- ਵੈਨਕੂਵਰ,ਸਰੀ ਤੇ ਐਬਸਫੋਰਡ ਵਿਚ ਕਾਰੋਬਾਰੀ ਲੋਕਾਂ ਨੂੰ ਜਬਰੀ ਵਸੂਲੀ ਲਈ ਧਮਕੀ ਪੱਤਰ, ਫੋਨ ਕਾਲਾਂ ਤੇ ਡਰਾਉਣ ਧਮਕਾਉਣ ਲਈ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਵਾਧੇ ਉਪਰ ਗਹਿਰੀ ਚਿੰਤਾ ਜ਼ਾਹਰ ਕਰਦਿਆਂ ਤੇ ਲੋਅਰ ਮੇਨਲੈਂਡ ਵਿਚ ਅਮਨ ਕਨੂੰਨ ਦੀ ਸਥਿਤੀ ਤੇ ਸੁਰੱਖਿਆ ਦੀ ਮੰਗ ਨੂੰ ਲੈਕੇ ਵੈਦਿਕ ਹਿੰਦੂ ਕਲਚਰਲ ਸੁਸਾਇਟੀ ਆਫ ਬੀਸੀ ਤੇ ਸਥਾਨਕ ਕਾਰੋਬਾਰੀਆਂ ਵਲੋਂ ਇਕ ਭਰਵੇਂ ਭਾਈਚਾਰਕ ਇਕੱਠ ਦਾ ਆਯੋਜਨ ਕੀਤਾ ਗਿਆ। ਰੀਫਲੈਕਸ਼ਨ ਹਾਲ ਸਰੀ ਵਿਖੇ ਹੋਏ ਇਸ ਭਾਰੀ ਇਕੱਠ ਵਿਚ ਬਿਜਨੈਸ ਕਮਿਊਨਿਟੀ ਦੇ ਲੋਕਾਂ ਤੋਂ ਇਲਾਵਾ ਬੀ ਸੀ ਸਰਕਾਰ ਦੇ ਪ੍ਰਤੀਨਿਧਾਂ, ਸਿਆਸੀ ਆਗੂਆਂ ਤੇ ਪੁਲਿਸ ਫੋਰਸ ਦੇ ਅਧਿਕਾਰੀਆਂ ਨੇ ਸ਼ਮੂਲੀਅਤ ਕਰਦਿਆਂ ਲੋਅਰ ਮੇਨਲੈਂਡ ਵਿਚ ਬਣੇ ਤਾਜ਼ਾ ਹਾਲਾਤ ਉਪਰ ਵਿਚਾਰ ਚਰਚਾ ਕੀਤੀ ਤੇ ਸਮਾਜ ਵਿਰੋਧੀ ਅਨਸਰਾਂ ਦਾ ਮੁਕਾਬਲਾ ਕਰਨ ਲਈ ਸੁਰੱਖਿਆ ਫੋਰਸ ਵਿਚ ਯਕੀਨ ਰੱਖਣ ਅਤੇ ਆਪਸੀ ਭਾਈਚਾਰਕ ਇਕਮੁੱਠਤਾ ਉਪਰ ਜੋਰ ਦਿੱਤਾ।

ਇਸ ਮੌਕੇ ਸਰੀ ਆਰ ਸੀ ਐਮ ਪੀ ਦੇ ਮੁਖੀ ਬਰਾਇਨ ਐਡਵਰਡ ਨੇ ਬੋਲਦਿਆਂ ਬਿਜਨੈਸ ਭਾਈਚਾਰੇ ਵਿਚ ਬਣੀ ਡਰ ਤੇ ਅਸੁਰੱਖਿਆ ਦੀ ਭਾਵਨਾ ਨੂੰ ਸਮਝਦਿਆਂ ਅਜਿਹੀ ਕਿਸੇ ਵੀ ਹਾਲਤ ਵਿਚ ਪੁਲਿਸ ਫੋਰਸ ਨਾਲ ਤੁਰੰਤ ਸੰਪਰਕ ਕਰਨ ਅਤੇ ਵਿਸ਼ਵਾਸ ਪ੍ਰਗਟਾਵੇ ਦਾ ਸੱਦਾ ਦਿੱਤਾ। ਉਹਨਾਂ ਦੱਸਿਆ ਕਿ ਇਹ ਸੱਚ ਹੈ ਕਿ ਵੈਨਕੂਵਰ, ਸਰੀ ਤੇ ਐਬਸਫੋਰਡ ਵਿਚ ਬਿਜਨੈਸ ਭਾਈਚਾਰੇ ਦੇ ਲੋਕਾਂ ਨੂੰ ਜਬਰੀ ਵਸੂਲੀ ਲਈ ਧਮਕੀਆਂ ਮਿਲੀਆਂ ਹਨ, ਗੋਲੀਬਾਰੀ ਦੀਆਂ ਘਟਨਾਵਾਂ ਵੀ ਵਾਪਰੀਆਂ  ਹਨ। ਇਹ ਸਭ ਉਵੇਂ ਹੈ ਜਿਵੇਂ ਟੋਰਾਂਟੋ, ਬਰੈਂਪਟਨ ਤੇ ਐਡਮਿੰਟਨ ਵਿਚ ਸਾਹਮਣੇ ਆਇਆ ਹੈ। ਸਮਾਜ ਵਿਰੋਧੀ ਅਨਸਰਾਂ ਵਲੋਂ ਸਭ ਥਾਂ ਇਕ ਹੀ ਢੰਗ ਤਰੀਕਾ ਵਰਤਿਆ ਗਿਆ ਹੈ। ਉਹਨਾਂ ਹੋਰ ਕਿਹਾ ਕਿ ਸੋਸ਼ਲ ਮੀਡੀਆ ਉਪਰ ਅਜਿਹੀਆਂ ਸੈਂਕੜੇ ਘਟਨਾਵਾਂ ਵਾਪਰਨ ਦੀ ਚਰਚਾ ਸੀ ਪਰ ਅਫਵਾਹਾਂ ਉਪਰ ਯਕੀਨ ਨਹੀ ਕੀਤਾ ਜਾ ਸਕਦਾ। ਪੁਲਿਸ ਫੋਰਸ ਕਿਸੇ ਵੀ ਘਟਨਾ ਦੀ ਤਹਿ ਤੱਕ ਜਾਕੇ ਹੀ ਕੁਝ ਕਹਿਣ ਦੇ ਯੋਗ ਹੁੰਦੀ ਹੈ। ਉਹਨਾਂ ਦਾਅਵਾ ਕੀਤਾ ਕਿ ਲੋਅਰ ਮੇਨਲੈਂਡ ਵਿਚ ਉਹਨਾਂ ਪਾਸ ਕੇਵਲ ਤਿੰਨ ਘਟਨਾਵਾਂ ਦੀ ਹੀ ਪੁਸ਼ਟੀ ਹੋਈ ਹੈ। ਉਹਨਾਂ ਜ਼ੋਰ ਦੇਕੇ ਕਿਹਾ ਕਿ ਉਹ ਅੱਜ ਇਸ ਹਾਲ ਵਿਚ ਆਪਣੇ ਅਫਸਰਾਂ ਦੀ ਪੂਰੀ ਟੀਮ ਨਾਲ ਹਾਜ਼ਰ ਸਨ। ਉਹ ਹਾਲ ਵਿਚ ਬੈਠੇ ਸਭ ਲੋਕਾਂ ਨੂੰ ਸੱਦਾ ਦਿੰਦੇ ਹਨ ਕਿ ਅਗਰ ਕਿਸੇ ਨੂੰ ਵੀ ਅਜਿਹੀ ਜਬਰੀ ਵਸੂਲੀ ਦੀ ਕੋਈ ਧਮਕੀ ਮਿਲੀ ਹੈ, ਜਾਂ ਇਸ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਮੇਰੇ ਨਾਲ ਜਾਂ ਮੇਰੀ ਟੀਮ ਦੇ ਕਿਸੇ ਵੀ ਅਫਸਰ ਨਾਲ ਇਹ ਜਾਣਕਾਰੀ ਸਾਂਝੀ ਕਰ ਸਕਦੇ ਹਨ। ਉਹਨਾਂ ਦਾਅਵਾ ਕੀਤਾ ਕਿ ਉਹ ਲੋਕਾਂ ਨੂੰ ਠੋਸ ਨਤੀਜੇ ਦੇਣਗੇ। ਉਹਨਾਂ ਹੋਰ ਕਿਹਾ ਕਿ ਆਰ ਸੀ ਐਮ ਪੀ ਵਲੋਂ ਪਿਛਲੇ ਦਿਨੀਂ ਇਕ ਗੋਲੀਬਾਰੀ ਦੀ ਘਟਨਾ ਉਪਰੰਤ ਕਲੋਵਰਡੇਲ ਤੋਂ ਦੋ ਸ਼ੱਕੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਵਲੋਂ ਬਾਦ ਵਿਚ ਉਹਨਾਂ ਛੱਡ ਦਿੱਤਾ ਗਿਆ, ਇਸਦਾ ਲੋਕਾਂ ਵਿਚ ਕਾਫੀ ਵਿਰੋਧ ਵੇਖਣ ਨੂੰ ਮਿਲਿਆ ਕਿ ਸ਼ੱਕੀ ਵਿਅਕਤੀ ਛੱਡੇ ਕਿਉਂ ਗਏ। ਉਹਨਾਂ ਖੁਲਾਸਾ ਕੀਤਾ ਹੈ ਕਿ ਪੁਲਿਸ ਫੋਰਡ ਦਾ ਕੰਮ ਕਰਨ ਦਾ ਆਪਣਾ ਇਕ ਢੰਗ ਹੈ, ਉਹ ਇਸ ਕੇਸ ਵਿਚ ਲੋਕਾਂ ਨੂੰ ਠੋਸ ਨਤੀਜੇ ਲੈਕੇ ਸਾਹਮਣੇ ਆਉਣਗੇ। ਉਹਨਾਂ ਆਪਣੇ ਭਾਸ਼ਨ ਵਿਚ ਤਿੰਨ ਵਾਰ ਲੋਕਾਂ ਨੂੰ ਪੁਲਿਸ ਨਾਲ ਸਹਿਯੋਗ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਮੀਟਿੰਗ ਦੇ ਖਤਮ ਹੋਣ ਉਪਰੰਤ ਉਹ ਤੇ ਉਹਨਾਂ ਦੀ ਟੀਮ ਦੇ ਅਫਸਰ ਇਥੇ ਹੀ ਹਨ, ਅਗਰ ਕਿਸੇ ਕੋਲ ਕੋਈ ਜਾਣਕਾਰੀ ਹੈ ਤਾਂ ਸਾਡੇ ਨਾਲ ਸਾਂਝੀ ਕਰੋ। ਅਸੀ ਤੁਹਾਨੂੰ ਨਤੀਜੇ ਦੇਵਾਂਗੇ।

ਇਸਤੋਂ ਪਹਿਲਾਂ ਬੀ ਸੀ ਸਰਕਾਰ ਦੀ ਤਰਫੋ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਬੋਲਦਿਆਂ ਕਿਹਾ ਕਿ ਸਰਕਾਰ ਲੋਅਰ ਮੇਨਲੈਂਡ ਵਿਚ ਵਾਪਰ ਰਹੀਆਂ ਘਟਨਾਵਾਂ ਬਾਰੇ ਗੰਭੀਰ ਹੈ। ਸਰਕਾਰ ਤੇ ਪੁਲਿਸ ਫੋਰਸ ਇਸ ਉਪਰ ਕੰਮ ਕਰ ਰਹੇ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀ ਕਿਸੇ ਵੀ ਘਟਨਾ ਦੇ ਸਬੰਧ ਵਿਚ ਪੁਲਿਸ ਫੋਰਸ ਨਾਲ ਤੁਰੰਤ ਸੰਪਰਕ ਕਰਨ, ਆਪਣੀ ਸ਼ਿਕਾਇਤ ਦਰਜ ਕਰਵਾਉਣ। ਲੋਕਾਂ ਨੂੰ ਪੂਰਾ ਇਨਸਾਫ ਮਿਲੇਗਾ। ਸਰੀ ਸੈਂਟਰ ਤੋ ਲਿਬਰਲ ਐਮ ਪੀ ਰਣਦੀਪ ਸਿੰਘ ਸਰਾਏ ਨੇ ਜਬਰੀ ਵਸੂਲੀ ਤੇ ਗੋਲੀਬਾਰੀ ਦੀਆਂ ਘਟਨਾਵਾਂ ਉਪਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਆਮ ਲੋਕਾਂ ਤੇ ਕਾਰੋਬਾਰੀਆਂ ਦੀ ਸੁਰੱਖਿਆ ਤੇ ਅਮਨ ਕਨੂੰਨ ਦੀ ਬੇਹਤਰ ਹਾਲਤ ਲਈ ਸਰਕਾਰ ਦੀ ਵੱਡੀ ਜਿੰਮੇਵਾਰੀ ਹੈ। ਫੈਡਰਲ ਸਰਕਾਰ ਇਹਨਾਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਉਹਨਾਂ ਇਮੀਗ੍ਰੇਸ਼ਨ ਨੀਤੀਆਂ ਅਤੇ ਕੌਮਾਂਤਰੀ ਵਿਦਿਆਰਥੀਆਂ ਨੂੰ ਇਹਨਾਂ ਘਟਨਾਵਾਂ ਨਾਲ ਜੋੜਕੇ ਵੇਖੇ ਜਾਣ ਨੂੰ ਗਲਤ ਕਰਾਰ ਦਿੱਤਾ। ਉਹਨਾਂ ਕਿਹਾ ਕਿ ਕੌਮਾਂਤਰੀ ਵਿਦਿਆਰਥੀ ਆਪਣੀ ਪੜਾਈ ਦੇ ਨਾਲ ਸਖਤ ਮਿਹਨਤ ਕਰਦਿਆਂ ਮੁਲਕ ਦੇ ਵਿਕਾਸ ਵਿਚ ਯੋਗਦਾਨ ਪਾ ਰਹੇ ਹਨ। ਉਹਨਾਂ ਦਾਅਵੇ ਨਾਲ ਕਿਹਾ ਕਿ ਕੌਮਾਂਤਰੀ ਵਿਦਿਆਰਥੀਆਂ ਵਿਚ 95 ਫੀਸਦੀ ਇਮਾਨਦਾਰ ਹਨ। ਕਿਸੇ ਇੱਕਾ ਦੁੱਕਾ ਘਟਨਾ ਨੂੰ ਸਮਾਜਿਕ ਅਪਰਾਧ ਨਾਲ ਜੋੜਕੇ ਵੇਖਣਾ ਗਲਤ ਹੈ। ਸਰੀ ਦੀ ਮੇਅਰ ਬਰੈਂਡਾ ਲੌਕ ਨੇ ਸੰਬੋਧਨ ਕਰਦਿਆਂ ਸ਼ਹਿਰ ਵਿਚ ਬਿਜਨੈਸ ਭਾਈਚਾਰੇ ਦੀ ਸੁਰੱਖਿਆ ਲਈ ਆਰ ਸੀ ਐਮ ਪੀ ਨੂੰ ਬੇਹਤਰ ਫੋਰਸ ਦੱਸਿਆ। ਇਸ ਮੌਕੇ ਵੈਦਿਕ ਹਿੰਦੂ ਸੁਸਾਇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਨੇ ਕਮਿਊਨਿਟੀ ਮੀਟਿੰਗ ਵਿਚ ਪੁੱਜੇ ਕਾਰੋਬਾਰੀਆਂ, ਸਰਕਾਰ ਦੇ ਪ੍ਰਤੀਨਿਧਾਂ, ਐਮ ਐਲ ਏਜ, ਪੁਲਿਸ ਅਫਸਰਾਂ ਤੇ ਮੀਡੀਆ ਦਾ ਧੰਨਵਾਦ ਕੀਤਾ।

ਇਸ ਮੌਕੇ ਹੋਰਨਾਂ ਤੋ ਇਲਾਵਾ ਕੈਬਨਿਟ ਮੰਤਰੀ ਹੈਰੀ ਬੈਂਸ, ਰਾਜ ਮੰਤਰੀ ਜਗਰੂਪ ਬਰਾੜ, ਸਾਬਕਾ ਮੰਤਰੀ ਡਾ ਗੁਲਜ਼ਾਰ ਸਿੰਘ ਚੀਮਾ, ਸਾਬਕਾ ਮੇਅਰ ਡੱਗ ਮੈਕੱਲਮ, ਐਮ ਐਲ ਏ ਬਰੂਸ ਬੈਨਮੈਨ, ਬੀਸੀ ਕੰਸਰਵੇਟਿਵ ਆਗੂ ਜੌਹਨ ਰਸਟਡ,  ਕੌਂਸਲਰ ਮਨਦੀਪ ਨਾਗਰਾ, ਕੌਂਸਲਰ ਹੈਰੀ ਬੈਂਸ,  ਯੂਨਾਈਟਡ ਬੀ ਸੀ ਦੀ ਆਗੂ ਪੁਨੀਤ ਸੰਧਰ, ਨਾਰਥ ਡੈਲਟਾ ਤੋਂ ਅੰਮ੍ਰਿਤ ਢੋਟ,  ਜੇ ਮਿਨਹਾਸ, ਮਨਜੀਤ ਲਿੱਟ, ਅਜਾਇਬ ਗਿੱਲ, ਹਰਜੀਤ ਸਿੰਘ ਅਟਵਾਲ, ਅਨੂਪ ਸਿੰਘ ਲੁਡੂ, ਮਨੀ ਗੋਹਲਵੜ, ਜਤਿੰਦਰ ਸੰਧਰ, ਕੈਲ ਦੋਸਾਂਝ, ਡਾ ਜਸਵਿੰਦਰ ਦਿਲਾਵਰੀ, ਸਰੀ ਨਾਰਥ ਤੋਂ ਮਨਦੀਪ ਧਾਲੀਵਾਲ, ਕਲੋਵਰਡੇਲ ਤੋਂ ਜੋਡੀ ਤੂਰ , ਤੇਗ ਬੱਲ, ਗੁਲਜ਼ਾਰ ਸਿੰਘ ਬਿਲਿੰਗ, ਸੁਖਵਿੰਦਰ ਸਿੰਘ ਸਮਰਾ ਤੇ ਹੋਰ ਕਈ ਸਖਸੀਅਤਾਂ ਹਾਜ਼ਰ ਸਨ। ਮੰਚ ਸੰਚਾਲਕ ਦੀ ਜਿੰਮੇਵਾਰੀ ਵਿਨੈ ਸ਼ਰਮਾ ਨੇ ਨਿਭਾਈ।