Headlines

ਗ਼ਜ਼ਲ ਮੰਚ ਸਰੀ ਵੱਲੋਂ ਕੁਲਵਿੰਦਰ ਖਹਿਰਾ ਦੀ ਪੁਸਤਕ ‘ਹਨੇਰੇ ਦੀ ਤਲੀ ਤੇ’ ਰਿਲੀਜ਼

ਸਰੀ, 15 ਜਨਵਰੀ (ਹਰਦਮ ਮਾਨ)-ਗ਼ਜ਼ਲ ਮੰਚ ਸਰੀ ਦੀ ਸਾਲ 2024 ਦੀ ਪਹਿਲੀ ਮੀਟਿੰਗ ਮੰਚ ਦੇ ਪ੍ਰਧਾਨ ਅਤੇ ਨਾਮਵਰ ਸ਼ਾਇਰ ਜਸਵਿੰਦਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਬੀਤੇ ਸਾਲ ਮੰਚ ਵੱਲੋਂ ਕੀਤੀਆਂ ਗਈਆਂ ਸਰਗਰਮੀਆਂ ਦਾ ਲੇਖਾ ਜੋਖਾ ਕੀਤਾ ਗਿਆ।

ਮੰਚ ਦੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਪਿਛਲੇ ਸਾਲ ਮੰਚ ਵੱਲੋਂ ਕਰਵਾਏ ਗਏ ਸਾਹਿਤਕ ਪ੍ਰੋਗਰਾਮਾਂ ਉੱਪਰ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਪਿਛਲੇ ਸਾਲ ਮੰਚ ਨੇ ਆਪਣੇ ਪ੍ਰੋਗਰਾਮਾਂ ਰਾਹੀਂ ਬਹੁਤ ਸਾਰੇ ਨਵੇਂ ਸਾਹਿਤਕ ਪਾਠਕਾਂ ਅਤੇ ਸਰੋਤਿਆਂ ਨੂੰ ਆਪਣੇ ਨਾਲ ਜੋੜਨ ਦਾ ਕਾਰਜ ਕੀਤਾ ਹੈ। ਉਹਨਾਂ ਦੱਸਿਆ ਕਿ ਪਿਛਲੇ ਸਾਲ ਦੌਰਾਨ ਵੱਖ ਵੱਖ ਸਮਾਗਮਾਂ ਰਾਹੀਂ ਮੰਚ ਦੇ ਸ਼ਾਇਰ ਕ੍ਰਿਸ਼ਨ ਭਨੋਟ, ਰਾਜਵੰਤ ਰਾਜ, ਦਵਿੰਦਰ ਗੌਤਮ ਅਤੇ ਪਾਲ ਢਿੱਲੋਂ ਦੀਆਂ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ ਅਤੇ ਬਾਹਰੋਂ ਆਏ ਮਹਿਮਾਨ ਲੇਖਕਾਂ ਨਾਲ ਵਿਸ਼ੇਸ਼ ਪ੍ਰੋਗਰਾਮ ਰਚਾਏ ਗਏ। ਮੰਚ ਵੱਲੋਂ ਪੁਸਤਕਾਂ ਪ੍ਰਕਾਸ਼ਿਤ ਕਰਨ ਦਾ ਕਾਰਜ ਵੀ ਸ਼ੁਰੂ ਕੀਤਾ ਗਿਆ। ਉਹਨਾਂ ਕਿਹਾ ਕਿ ਮੰਚ ਵੱਲੋਂ ਅਜਿਹੀਆਂ ਸਰਗਰਮੀਆਂ ਅਤੇ ਪ੍ਰੋਗਰਾਮ ਇਸ ਸਾਲ ਵੀ ਜਾਰੀ ਰੱਖੇ ਜਾਣਗੇ।

ਇਸ ਮੌਕੇ ਬੋਲਦਿਆਂ ਸ਼ਾਇਰ ਰਾਜਵੰਤ ਰਾਜ ਨੇ ਦੱਸਿਆ ਕਿ ਗ਼ਜ਼ਲ ਮੰਚ ਸਰੀ ਦੀ ਵੈਬਸਾਈਟ ਬਣਾਈ ਗਈ ਹੈ ਅਤੇ ਇਹ ਵੈਬਸਾਈਟ 28 ਜਨਵਰੀ ਨੂੰ ਸਿਟੀ ਸੈਂਟਰ ਲਾਇਬਰੇਰੀ ਸਰੀ ਵਿਖੇ ਰਿਲੀਜ਼ ਕੀਤੀ ਜਾਵੇਗੀ। ਮੀਟਿੰਗ ਦੌਰਾਨ ਟੋਰਾਂਟੋ ਦੇ ਸ਼ਾਇਰ ਕੁਲਵਿੰਦਰ ਖਹਿਰਾ ਦੀ ਗਜ਼ਲਾਂ ਦੀ ਪੁਸਤਕ ‘ਹਨੇਰੇ ਦੀ ਤਲੀ ਤੇ’ ਰਿਲੀਜ਼ ਕੀਤੀ ਗਈ। ਇਸ ਮੀਟਿੰਗ ਵਿੱਚ ਕ੍ਰਿਸ਼ਨ ਭਨੋਟ, ਦਸ਼ਮੇਸ਼ ਗਿੱਲ ਫਿਰੋਜ਼, ਹਰਦਮ ਸਿੰਘ ਮਾਨ, ਪ੍ਰੀਤ ਮਨਪ੍ਰੀਤ ਅਤੇ ਰਣਦੀਪ ਖਹਿਰਾ ਵੀ ਸ਼ਾਮਲ ਸਨ।