Headlines

ਚੰਡੀਗੜ ਨਗਰ ਨਿਗਮ ਦੀ ਚੋਣ ਵਿਚ ਭਾਜਪਾ ਦੇ ਮਨੋਜ ਸੋਨਕਰ ਮੇਅਰ ਬਣੇ

ਕਾਂਗਰਸ ਤੇ ਆਪ ਗਠਜੋੜ ਵਲੋਂ ਚੋਣ ਵਿਰੁੱਧ ਰੋਸ ਮੁਜ਼ਾਹਰਾ-

ਚੰਡੀਗੜ੍ਹ-ਭਾਜਪਾ ਦੇ ਉਮੀਦਵਾਰ ਮਨੋਜ ਸੋਨਕਰ ਨੇ  ਚੰਡੀਗੜ੍ਹ ਦੇ ਮੇਅਰ ਦੇ ਅਹੁਦੇ ਲਈ ਹੋਈ ਚੋਣ ਵਿੱਚ ਕਾਂਗਰਸ ਸਮਰਥਕ ਆਮ ਆਦਮੀ ਪਾਰਟੀ ਦੇ ਕੁਲਦੀਪ ਕੁਮਾਰ ਨੂੰ ਹਰਾ ਦਿੱਤਾ। ਸੋਨਕਰ ਨੂੰ 16 ਜਦਕਿ ਕੁਲਦੀਪ ਕੁਮਾਰ ਨੂੰ 12 ਵੋਟਾਂ ਮਿਲੀਆਂ। ਅੱਠ ਵੋਟਾਂ ਅਯੋਗ ਕਰਾਰ ਦਿੱਤੀਆਂ ਗਈਆਂ। ਇਸਦੇ ਨਾਲ ਹੀ ਭਾਜਪਾ ਦੇ ਕੁਲਜੀਤ ਸਿੰਘ ਸੰਧੂ ਨੂੰ ਸੀਨੀਅਰ ਡਿਪਟੀ ਮੇਅਰ ਤੇ ਰਾਜਿੰਦਰ ਸ਼ਰਮਾ ਨੂੰ ਡਿਪਟੀ ਮੇਅਰ ਚੁਣਿਆ ਗਿਆ ਹੈ।

ਨਤੀਜੇ ਦਾ ਐਲਾਨ ਹੁੰਦੇ ਹੀ ਵਿਰੋਧੀ ਗਠਜੋੜ ਇੰਡੀਆ ਦੇ ਭਾਈਵਾਲ ‘ਆਪ’ ਅਤੇ ਕਾਂਗਰਸ ਦੇ ਕੌਂਸਲਰਾਂ ਨੇ ਪ੍ਰਦਰਸ਼ਨ ਕੀਤਾ। ਦਿੱਲੀ ‘ਚ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ ‘ਤੇ ‘ਧੋਖਾਧੜੀ’ ਦਾ ਦੋਸ਼ ਲਗਾਇਆ ਹੈ। ਚੰਡੀਗੜ੍ਹ ਨਗਰ ਨਿਗਮ ਦੇ 35 ਮੈਂਬਰੀ ਸਦਨ ਵਿੱਚ ਭਾਜਪਾ ਦੇ 14 ਕੌਂਸਲਰ ਹਨ। ‘ਆਪ’ ਦੇ 13 ਅਤੇ ਕਾਂਗਰਸ ਦੇ 7 ਕੌਂਸਲਰ ਹਨ। ਸ਼੍ਰੋਮਣੀ ਅਕਾਲੀ ਦਲ ਦਾ ਇਕ ਕੌਂਸਲਰ ਹੈ।

ਇਸੇ ਦੌਰਾਨ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਹਾਈਕੋਰਟ ਦਾ ਰੁਖ ਕਰਦਿਆਂ ਮੇਅਰ ਦੀ ਚੋਣ ਹਾਈਕੋਰਟ ਦੇ ਕਿਸੇ ਸਾਬਕਾ ਜੱਜ ਦੀ ਨਿਗਰਾਨੀ ਹੇਠ ਮੁੜ ਕਰਵਾਉਣ ਦੀ ਮੰਗ ਕੀਤੀ ਹੈ। ਅਦਾਲਤ ਨੇ ਜਵਾਬ ਦਾਇਰ ਕਰਨ ਲਈ ਤਿੰਨ ਹਫਤੇ ਦਾ ਸਮਾਂ ਦਿੱਤਾ ਹੈ।

ਕੁਲਜੀਤ ਸੰਧੂ ਦੇ ਸੀਨੀਅਰ ਡਿਪਟੀ ਮੇਅਰ ਬਣਨ ਤੇ ਵਧਾਈਆਂ-

ਵਿੰਨੀਪੈਗ- ਚੰਡੀਗੜ ਨਗਰ ਨਿਗਮ ਦੀ ਚੋਣ ਵਿਚ ਕੁਲਜੀਤ ਸਿੰਘ ਸੰਧੂ ਦੇ ਸੀਨੀਅਰ ਡਿਪਟੀ ਮੇਅਰ ਚੁਣੇ ਜਾਣ ਤੇ ਦੇਸ ਪ੍ਰਦੇਸ ਟਾਈਮਜ਼ ਦੇ ਵਿਸ਼ੇਸ਼ ਪ੍ਰਤੀਨਿਧ ਨਰੇਸ਼ ਸ਼ਰਮਾ ਨੇ ਉਹਨਾਂ ਨੂੰ ਵਧਾਈ ਦਿੱਤੀ ਹੈ। ਉਹਨਾਂ ਕਿਹਾ ਕਿ ਕੁਲਜੀਤ ਸੰਧੂ  ਦੇ ਸੀਨੀਅਰ ਡਿਪਟੀ ਮੇਅਰ ਬਣਨ ਤੇ ਧਨਾਸ ਵਾਸੀਆਂ ਦਾ ਮਾਣ ਵਧਿਆ ਹੈ।