Headlines

ਰਾਜ ਪੱਧਰੀ ਬਾਲ ਵਿਗਿਆਨ ਮੁਕਾਬਲੇ – ਸਰਕਾਰੀ (ਕੰ.) ਸੀਨੀ.ਸੈਕੰ.ਸਕੂਲ ਚੋਹਲਾ ਸਾਹਿਬ ਦੀ ਟੀਮ ਨੇ ਕੀਤਾ ਪਹਿਲਾ ਸਥਾਨ ਹਾਸਲ

ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ-ਭਾਰਤ ਸਰਕਾਰ ਦੇ ਸਾਇੰਸ ਤੇ ਟੈਕਨਾਲੋਜੀ ਵਿਭਾਗ ਦੀ ਦੇਖ-ਰੇਖ ਹੇਠ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ ਵੱਲੋਂ ਡਾਕਟਰ ਕੁਲਬੀਰ ਸਿੰਘ ਬਾਠ ਤੇ ਪ੍ਰਾਜੈਕਟ ਕੋਆਰਡੀਨੇਟਰ ਡਾ.ਮੰਦਾਕਿਨੀ ਠਾਕੁਰ ਦੀ ਅਗਵਾਈ ਹੇਠ ਤਿੰਨ ਰੋਜ਼ਾ ਰਾਜ ਪੱਧਰੀ 31ਵੀਂ ਬਾਲ ਵਿਗਿਆਨ ਕਾਂਗਰਸ ਦੇ ਮੁਕਾਬਲੇ,ਰਿਆਤ-ਬਾਹਰਾ ਗਰੁੱਪ ਆਫ ਇੰਸਟੀਚਿਊਸ਼ਨ ਦੇ ਹੁਸ਼ਿਆਰਪੁਰ ਕੈਪਂਸ ਵਿਖੇ ਸੰਪੰਨ ਹੋਏ।ਜਿਸ ਵਿੱਚ ਪੰਜਾਬ ਦੇ ਹਰ ਜਿਲ੍ਹੇ ਵਿੱਚੋਂ ਚੁਣ ਕੇ ਆਈਆਂ ਜੂਨੀਅਰ ਤੇ ਸੀਨੀਅਰ ਟੀਮਾਂ ਦੇ ਮੁਕਾਬਲੇ ਕਰਵਾਏ ਗਏ। ਜੱਜਾਂ ਦੀਆਂ ਵੱਖ-ਵੱਖ ਟੀਮਾਂ ਵੱਲੋਂ ਪਹਿਲੇ ਦੋ ਦਿਨ ਟੀਮਾਂ ਦੇ ਪਰੋਜੈਕਟਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਤੇ ਬਾਲ ਵਿਗਿਆਨੀਆਂ ਦੇ ਗਿਆਨ ਨੂੰ ਪਰਖਣ ਉਪਰੰਤ ਨਤੀਜੇ ਤਿਆਰ ਕੀਤੇ ਗਏ।ਇਹਨਾਂ ਮੁਕਾਬਲਿਆਂ ਦੇ ਤੀਸਰੇ ਦਿਨ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਸ਼ਮੂਲੀਅਤ ਕੀਤੀ ਗਈ ਤੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਗਈ।ਇਸ ਮੌਕੇ ‘ਤੇ ਉਨ੍ਹਾਂ ਸਰਕਾਰ ਵੱਲੋਂ ਸਿੱਖਿਆ ਤੇ ਸਿਹਤ ਸੇਵਾਵਾਂ ਵਿੱਚ ਕੀਤੇ ਜਾ ਰਹੇ ਸੁਧਾਰਾਂ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ।ਇਸ ਮੌਕੇ ਹੋਏ ਮੁਕਾਬਲੇ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਚੁਣ ਕੇ ਆਈਆਂ ਟੀਮਾਂ ਵੱਲੋਂ ਦੋ ਦਿਨ ਲਗਾਤਾਰ ਆਪਣੇ ਪ੍ਰਾਜੈਕਟ ਜੱਜਾਂ ਸਾਹਮਣੇ ਪੇਸ਼ ਕੀਤੇ ਗਏ,ਜਿੰਨਾ ਦਾ ਮੁਲਾਂਕਣ ਕੀਤਾ ਗਿਆ।ਇਸ ਮੁਕਾਬਲੇ ਵਿੱਚ ਜਿਲਾ ਤਰਨਤਾਰਨ ਦੇ ਸਰਕਾਰੀ (ਕੰਨਿਆਂ)  ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਦੀਆਂ ਸੰਦੀਪ ਕੌਰ ਤੇ ਹਰਪ੍ਰੀਤ ਕੌਰ ‘ਤੇ ਅਧਾਰਿਤ  ਸੀਨੀਅਰ ਵਰਗ ਦੀ ਟੀਮ ਨੇ ਸਾਇੰਸ ਮਿਸਟ੍ਰੈਸ ਰਾਜਬੀਰ ਕੌਰ ਦੀ ਅਗਵਾਈ ਹੇਠ ਪ੍ਰੀਖਣ ਦੇ ਸਾਰੇ ਪੜਾਅ ਪੂਰੇ ਕਰਦੇ ਹੋਏ ਪੂਰੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਨੈਸ਼ਨਲ ਮੁਕਾਬਲਿਆਂ ਵਿੱਚ ਆਪਣੀ ਸ਼ਾਨਦਾਰ ਥਾਂ ਬਣਾ ਲਈ। ਜ਼ਿਕਰਯੋਗ ਹੈ ਕਿ ਇਹ ਸਕੂਲ ਭਾਵੇਂ ਪਹਿਲਾਂ ਵੀ ਨੈਸਨਲ ਮੁਕਾਬਲਿਆਂ ਵਿੱਚ ਭਾਗ ਲੈ ਚੁੱਕਾ ਹੈ ਪਰ ਸਟੇਟ ਵਿੱਚੋਂ ਪਹਿਲੇ ਸਥਾਨ ‘ਤੇ ਰਹਿ ਕੇ ਸਟੇਟ ਦੀ ਪ੍ਰਤੀਨਿਧਤਾ ਕਰਨਾ ਵੀ ਵੱਖਰੇ ਮਾਣ ਵਾਲੀ ਗੱਲ ਹੈ। ਸਕੂਲ ਦੀ ਇਸ ਸ਼ਾਨਾਮੱਤੀ ਪ੍ਰਾਪਤੀ ‘ਤੇ ਮਾਣ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸ.ਸ) ਸੁਸ਼ੀਲ  ਕੁਮਾਰ ਤੁਲੀ,ਜਿਲ੍ਹਾ ਸਿੱਖਿਆ ਅਫਸਰ (ਐ.ਸਿ) ਕੰਵਲਜੀਤ ਸਿੰਘ ਧੰਜੂ ਅਤੇ ਸੁਪਰਡੈਂਟ ਨਰਿੰਦਰ ਭੱਲਾ ਨੇ ਪ੍ਰਿੰਸੀਪਲ ਕਸ਼ਮੀਰ ਸਿੰਘ,ਸਮੂਹ ਸਟਾਫ,ਗਾਈਡ ਅਧਿਆਪਕ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਆਸ ਪ੍ਰਗਟ ਕੀਤੀ ਕਿ ਇਹ ਸਕੂਲ ਅੱਗੇ ਵੀ ਆਪਣਾ ਸਥਾਨ ਬਰਕਰਾਰ ਰੱਖੇਗਾ।ਇਸ ਸਮੇਂ ਪ੍ਰਿੰ.ਗੁਰਦੀਪ ਸਿੰਘ,ਪ੍ਰਿੰ. ਪਰਵਿੰਦਰ ਕੌਰ,ਪ੍ਰਿੰ.ਸ਼ੰਗਾਰਾ ਸਿੰਘ,ਪ੍ਰਿੰ.ਰਜਿੰਦਰ ਕੌਰ,ਪ੍ਰਿੰ.ਪਰਮਜੀਤ ਕੌਰ,ਪ੍ਰਿੰ.ਤੇਜਿੰਦਰ ਸਿੰਘ,ਲੈਕਚਰਾਰ ਸੁਖਦੀਪ ਕੌਰ,ਸਵੀਟੀ ਸਲੂਜਾ,ਸੁਮਨ ਬਾਲਾ,ਚੋਹਲਾ ਦੇ ਸਰਪੰਚ ਪਹਿਲਵਾਨ ਲਖਬੀਰ ਸਿੰਘ,ਐਸ.ਐਮ.ਸੀ  ਚੇਅਰਮੈਨ ਅੰਗਰੇਜ ਸਿੰਘ, ‘ਆਪ’ ਪਾਰਟੀ ਦੇ ਸੀਨੀਅਰ ਆਗੂ ਕੇਵਲ ਨਈਅਰ ਚੋਹਲਾ ਸਾਹਿਬ ਆਦਿ ਨੇ ਸਕੂਲ ਸਟਾਫ ਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਤੇ ਸ਼ਾਨਦਾਰ ਪ੍ਰਾਪਤੀ ‘ਤੇ ਖੁਸ਼ੀ ਦਾ ਇਜ਼ਹਾਰ ਕੀਤਾ।