Headlines

ਐਡਮਿੰਟਨ ਪੁਲਿਸ ਨੇ ਜਨਤਕ ਮੀਟਿੰਗ ਦੌਰਾਨ ਸ਼ਿਕਾਇਤਾਂ ਸੁਣੀਆਂ

ਧਮਕੀ ਪੱਤਰ ਜਾਂ ਕਾਲ ਆਉਣ ਤੇ ਪੁਲਿਸ ਨਾਲ ਸੰਪਰਕ ਕਰਨ ਲਈ ਕਿਹਾ-

ਐਡਮਿੰਟਨ (ਗੁਰਪ੍ਰੀਤ ਸਿੰਘ)- ਐਡਮਿੰਟਨ ਚ ਵੱਧ ਰਹੀਆਂ ਅਪਰਾਧਿਕ ਘਟਨਾਵਾਂ ਜਿਵੇਂ ਜਬਰੀ ਵਸੂਲੀ, ਅੱਗਜਨੀ ਤੇ ਹੋਰ ਘਟਨਾਵਾਂ ਜਿਨਾ ਚ ਵਧੇਰੇ ਨਿਸ਼ਾਨਾ ਸਾਊਥ ਏਸ਼ੀਆਈ ਭਾਈਚਾਰੇ ਨੂੰ ਬਣਾਇਆ ਜਾ ਰਿਹਾ ਹੈ, ਸੰਬੰਧੀ ਐਡਮਿੰਟਨ ਪੁਲਿਸ ਸਰਵਿਸ ਵੱਲੋਂ ਸਥਾਨਕ ਰਿਜਵੁੱਡ ਕਮਿਊਨਿਟੀ ਲੀਗ ਹਾਲ ਚ ਪਬਲਿਕ ਨਾਲ ਮੀਟਿੰਗ ਕੀਤੀ ਗਈ।
ਇਸ ਮੌਕੇ ਐਡਮਿੰਟਨ ਪੁਲਿਸ ਸਰਵਿਸ ਵੱਲੋਂ ਡਿਪਟੀ ਚੀਫ ਡੇਵਿਨ ਲਾਫੋਰਸ, ਡੇਵ ਪਾਟਨ, ਜੈਸੀ ਪੁਨੀਅਨ, ਡੇਵਿਨ ਕਕੋਸਕੀ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆ ਦੱਸਿਆ ਕਿ ਐਡਮਿੰਟਨ ਚ ਪਿਛਲੇ ਅਕਤੂਬਰ ਤੋਂ ਲੈ ਕੇ ਹੁਣ ਤੱਕ ਕਈ ਜਬਰੀ ਵਸੂਲੀ, ਅੱਗਜਨੀ ਤੇ ਹੋਰ ਧਮਕੀ ਭਰੇ ਵਟਸਅੱਪ ਮੇਸੈਜ ਤੇ ਫੋਨਾਂ ਦੀਆਂ ਸ਼ਿਕਾਇਤਾਂ ਦੱਖਣੀ ਏਸ਼ੀਆਈ ਭਾਈਚਾਰੇ ਨੂੰ ਮਿਲ ਰਹੀਆਂ ਹਨ।
ਬੀਤੇ ਦਿਨ ਸ਼ਹਿਰ ਚ ਉਸਾਰੀ ਅਧੀਨ ਇਕ ਘਰ ਨੂੰ ਅੱਗ ਲਗਣ ਦੇ ਘਟਨਾਕ੍ਰਮ ਤੋਂ ਬਾਅਦ ਪੁਲਿਸ ਨੇ ਪਬਲਿਕ ਤੋਂ ਮਦਦ ਦੀ ਅਪੀਲ ਕੀਤੀ ਹੈ। ਮੀਟਿੰਗ ਦੌਰਾਨ ਪੁਲਿਸ ਅਫਸਰ ਕਕੋਸਕੀ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਕੋਈ ਧਮਕੀ ਭਰਿਆ ਵਟਸਅਪ ਮੇਸੈਜ ਜਾਂ ਫੋਨ ਕਾਲ ਆਊਂਦਾ ਹੈ ਤਾਂ ਉਹ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦੇਵੇ, ਨਾ ਕਿ ਕਿਸੇ ਦਬਾਅ ਜਾਂ ਡਰ ਕਾਰਨ ਨੰਬਰ ਡਲੀਟ ਕਰਨ। ਉਨ੍ਹਾਂ ਕਿਹਾ ਕਿ ਅਪਰਾਧੀ ਨਵੇਂ ਬਣ ਰਹੇ ਘਰ ਜਾਂ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ।
ਲਗਭਗ 250 ਤੋਂ ਵੱਧ ਕਮਿਊਨਿਟੀ ਦੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੰਦਿਆ ਅਧਿਕਾਰਿਆਂ ਨੇ ਲੋਕਾਂ ਨੂੰ ਕਿਸੇ ਵੀ ਤਰਾਂ ਦੀ ਜਾਣਕਾਰੀ ਦੇਣ ਲਈ projectgaslight@edmontonpolice.ca ਤੇ ਈਮੇਲ ਜਾਂ 1-800-222-8477 (tips) ਕ੍ਰਾਇਮ ਸਟੋਪਰ ਅਤੇ 780-391-4279 ਤੇ ਸੰਪਰਕ ਕਰਨ ਲਈ ਕਿਹਾ।